ਬਾਹਰਲੇ ਸੂਬਿਆਂ ’ਚੋਂ ਲਿਆਂਦੇ ਜਾ ਰਹੇ ਝੋਨੇ ਦੀਆਂ ਗੱਡੀਆਂ ਰੋਕੀਆਂ

For Punjab Desk/PT/DT (Story sent by Karam) Patiala police sezed trucks of Illegal Inekow of Paddy from other state at Shambu Barriers in district Patiala, on Sunday. The police along with revenue and mandi board officials have busted a racket and lodged as many as 13 FIRs during the last 2 days, arresting 20 persons, seizing over 32 vehicles carrying about 822.5 tonnes of paddy.Tribune photo: Rajesh Sachar

ਪਟਿਆਲਾ : ਪੰਜਾਬ ਮੰਡੀ ਬੋਰਡ, ਮਾਲ ਵਿਭਾਗ ਅਤੇ ਖੁਰਾਕ ਤੇ ਸਿਵਲ ਸਪਲਾਈਜ਼ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਨੇ ਅੱਜ ਸਾਂਝੀ ਕਾਰਵਾਈ ਕਰਦਿਆਂ 32 ਟਰੱਕਾਂ ਰਾਹੀਂ ਬਾਹਰਲੇ ਰਾਜਾਂ ਤੋਂ ਲਿਆਂਦੀ ਗਈ 822.5 ਟਨ ਝੋਨੇ ਦੀ ਫ਼ਸਲ ਜ਼ਬਤ ਕੀਤੀ ਹੈ। ਪਟਿਆਲਾ ਦੇ ਐੱਸਐੱਸਪੀ ਵਿਕਰਮਜੀਤ ਦੁੱਗਲ ਨੇ ਦੱਸਿਆ ਕਿ ਸੂਹ ਦੇ ਆਧਾਰ ’ਤੇ ਜ਼ਿਲ੍ਹੇ ਦੀ ਪੁਲੀਸ ਨੇ ਪੰਜਾਬ-ਹਰਿਆਣਾ ਦੀ ਹੱਦ ਨਾਲ ਲੱਗਦੇ ਸ਼ੰਭੂ, ਪਿਹੋਵਾ, ਬਲਬੇੜਾ, ਚੀਕਾ, ਢਾਬੀ ਗੁੱਜਰਾਂ ਅਤੇ ਪਾਤੜਾਂ ਰਸਤੇ ਲਿਆਂਦੇ ਜਾ ਰਹੇ 32 ਟਰੱਕ ਕਾਬੂ ਕਰਕੇ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ 13 ਮਾਮਲੇ ਦਰਜ ਕੀਤੇ ਹਨ। ਡੀਐੱਫਐੱਸਸੀ ਹਰਸ਼ਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਇਸ ਨਾਲ ਜਿਥੇ ਮਾਰਕਿਟ ਫੀਸ ਚੋਰੀ ਕਰ ਕੇ ਪੰਜਾਬ ਦੇ ਖ਼ਜ਼ਾਨੇ  ਨੂੰ ਚੂਨਾ ਲਾਇਆ ਜਾਂਦਾ ਹੈ, ਉਥੇ  ਹੀ ਇਹ ਅਸਿੱਧੇ ਤੌਰ ’ਤੇ ਪੰਜਾਬ ਦੇ ਕਿਸਾਨਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਜ਼ਿਆਦਾਤਰ ਝੋਨੇ ਦੀਆਂ ਲੱਦੀਆਂ ਵੱਡੀਆਂ ਗੱਡੀਆਂ ਯੂਪੀ ਅਤੇ ਬਿਹਾਰ ਤੋਂ ਪੰਜਾਬ ਆ ਰਹੀਆਂ ਹਨ। 

ਰੂੜੇਕੇ ਕਲਾਂ (ਅੰਮ੍ਰਿਤਪਾਲ ਸਿੰਘ ਧਾਲੀਵਾਲ): ਇੱਥੇ ਬਰਨਾਲਾ-ਮਾਨਸਾ ਰੋਡ ’ਤੇ ਅੱਜ ਸਵੇਰੇ ਹੀ  ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਇਕੱਤਰ ਹੋ ਕੇ ਉੱਤਰ ਪ੍ਰਦੇਸ਼ ਤੋਂ ਆ ਰਹੇ ਝੋਨੇ ਦੇ ਟਰੱਕ ਨੂੰ ਘੇਰ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਯੂਨੀਅਨ ਬਲਾਕ ਪ੍ਰਧਾਨ ਭੂਪਿੰਦਰ ਸਿੰਘ ਬਿੱਟੂ ਤੇ ਹੋਰ ਕਿਸਾਨ ਆਗੂਆਂ ਨੇ ਦੱਸਿਆ ਕਿ ਇਕੱਲੇ ਬਰਨਾਲਾ ਜ਼ਿਲ੍ਹੇ ਵਿਚ ਹੀ ਪਿਛਲੇ ਦੋ ਦਿਨਾਂ ਤੋਂ 225 ਦੇ ਕਰੀਬ ਟਰੱਕ ਜ਼ਿਲ੍ਹੇ ਦੀਆਂ ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਘੇਰੇ ਜਾ ਚੁੱਕੇ ਹਨ। ਜ਼ਿਲ੍ਹਾ ਖ਼ੁਰਾਕ ਸਪਲਾਈ ਕੰਟਰੋਲਰ ਅਤਿੰਦਰਜੀਤ ਕੌਰ ਨੇ ਕਿਹਾ ਕਿ ਗ਼ੈਰਕਾਨੂੰਨੀ ਢੰਗ ਨਾਲ ਝੋਨਾ ਲਿਆਉਣ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪਾਤੜਾਂ (ਗੁਰਨਾਮ ਸਿੰਘ ਚੌਹਾਨ): ਡੀਐੱਸਪੀ ਪਾਤੜਾਂ ਭਰਪੂਰ ਸਿੰਘ ਨੇ ਦੱਸਿਆ ਕਿ ਚੀਕਾ (ਹਰਿਆਣਾ) ਨਾਲ ਸਬੰਧਤ ਇੱਕ ਵਿਅਕਤੀ ਉੱਤਰ ਪ੍ਰਦੇਸ਼ ਤੋਂ ਝੋਨਾ ਲਿਆ ਕੇ ਆਪਣੇ ਸ਼ੈੱਲਰ ਵਿੱਚ ਡੰਪ ਕਰ ਕੇ ਮੰਡੀਆਂ ਵਿੱਚ ਵੇਚਦਾ ਸੀ। ਪੁਲੀਸ ਨੇ ਤਿੰਨ ਵਾਹਨ ਕਬਜ਼ੇ ’ਚ ਲੈ ਕੇ 380 ਕੁਇੰਟਲ ਝੋਨੇ ਸਣੇ ਡਰਾਈਵਰਾਂ ਤੇ ਚੀਕਾ ਦੇ ਆੜ੍ਹਤੀ ਛਬੀਲਾ ਤੇ ਪਾਤੜਾਂ ਵਾਸੀ ਸ਼ਾਮ ਲਾਲ ਦੇਧਨਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।

ਰਾਮੁਪਰਾ ਫੂਲ/ਚਾਉਕੇ (ਗੁਰਵਿੰਦਰ ਸਿੰਘ/ਰਮਨਦੀਪ ਸਿੰਘ): ਭਾਰਤੀ ਕਿਸਾਨ ਯੂਨੀਅਨ (ਸਿੱਧੂਪੁਰ) ਦੀ ਅਗਵਾਈ ਵਿਚ ਅੱਜ ਸਵੇਰੇ ਬਾਹਰਲੇ ਰਾਜਾਂ ਤੋਂ ਆ ਰਹੀ ਜੀਰੀ ਦੇ ਭਰੇ ਛੇ ਟਰੱਕ ਮੌੜ ਰਾਮਪੁਰਾ ਰੋਡ ’ਤੇ ਯੂਐੱਸਏ ਪੈਲੇਸ ਕੋਲ ਰੋਕ ਲਏ ਗਏ।  ਜਥੇਬੰਦੀ ਦੇ ਆਗੂ ਲਖਵਿੰਦਰ ਸਿੰਘ ਤੇ ਯੂਨੀਅਨ ਦੇ  ਪ੍ਰਧਾਨ ਬਲਰਾਜ ਸਿੰਘ ਨੇ ਕਿਹਾ ਕਿ ਬਾਹਰਲੇ ਰਾਜਾਂ ਦੀ ਜੀਰੀ ਇਲਾਕੇ ਦੇ ਸ਼ੈੱਲਰਾਂ ਵਿਚ ਲਗਾਈ ਜਾ ਰਹੀ ਹੈ। ਮਾਰਕੀਟ ਕਮੇਟੀ ਦੇ ਸਕੱਤਰ ਬਲਕਾਰ ਸਿੰਘ ਤੇ ਫੂਡ ਸਪਲਾਈ ਦੇ ਏਐੱਫਐੱਸਓ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

ਗਿੱਦੜਬਾਹਾ (ਦਵਿੰਦਰ ਮੋਹਨ ਬੇਦੀ): ਭਾਰਤੀ ਕਿਸਾਨ ਯੂਨੀਅਨ ਮਾਨਸਾ ਨੇ ਅੱਜ ਊੱਤਰ ਪ੍ਰਦੇਸ਼ ਤੋਂ ਲਿਆਂਦਾ  ਝੋਨੇ ਦਾ ਭਰਿਆ ਟਰਾਲਾ ਕਬਜ਼ੇ ਵਿੱਚ ਲੈ ਲਿਆ। ਕਿਸਾਨ ਆਗੂ ਲਖਵੀਰ ਸਿੰਘ ਕੋਟਭਾਈ ਨੇ ਕਿਹਾ ਕਿ ਉਹ ਝੋਨਾ ਲਿਆਉਣ ਵਾਲੇ ਵਪਾਰੀ ਖ਼ਿਲਾਫ ਕਾਰਵਾਈ ਕਰਵਾ ਕੇ ਹੀ ਹਟਣਗੇ। ਮਾਰਕੀਟ ਕਮੇਟੀ ਗਿੱਦੜਬਾਹਾ  ਦੇ ਵਾਈਸ ਚੇਅਰਮੈਨ ਦੀਪਕ ਗਰਗ ਨੇ ਕਿਹਾ ਕਿ ਕਿਸੇ ਨੂੰ ਵੀ ਬਾਹਰੋਂ ਝੋਨਾ ਲਿਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।

ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਕਿਸਾਨ ਤੇ ਟਰੱਕ ਡਰਾਈਵਰ ਆਹਮੋ-ਸਾਹਮਣੇ

ਟੱਲੇਵਾਲ : ਬਾਹਰਲੇ ਰਾਜਾਂ ਅਤੇ ਜ਼ਿਲ੍ਹਿਆਂ ਤੋਂ ਲਿਆਂਦੇ ਝੋਨੇ ਦੇ ਟਰੱਕਾਂ ਨੂੰ ਕਿਸਾਨਾਂ ਨੇ ਪਿੰਡ ਪੱਖੋਕੇ ਨੇੜੇ ਬਰਨਾਲਾ-ਅੰਮ੍ਰਿਤਸਰ ਕੌਮੀ ਮਾਰਗ ’ਤੇ ਘੇਰ ਲਿਆ। ਰੋਸ ਵਜੋਂ ਟਰੱਕ ਡਰਾਈਵਰਾਂ ਨੇ ਰੋਡ ਜਾਮ ਕਰ ਦਿੱਤਾ। ਇਸ ਮੌਕੇ ਬੀਕੇਯੂ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉਗੋਕੇ ਨੇ ਕਿਹਾ ਕਿ ਇਸ ਗ਼ੈਰਕਾਨੂੰਨੀ ਕੰਮ ਵੱਲ ਸਰਕਾਰ ਅਤੇ ਪ੍ਰਸ਼ਾਸਨ ਕੋਈ ਧਿਆਨ ਨਹੀਂ ਦਿੰਦਾ। ਉਨ੍ਹਾਂ ਮੰਗ ਕੀਤੀ ਕਿ ਇਸ ਝੋਨੇ ਨੂੰ ਖ਼ਰੀਦਣ ਵਾਲੇ ਲੋਕਾਂ ’ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇ। ਘਟਨਾ ਸਥਾਨ ‘ਤੇ ਡੀਐੱਫਐੱਸਓ ਹਰਪ੍ਰੀਤ ਚਹਿਲ, ਮਾਰਕੀਟ ਕਮੇਟੀ ਬਰਨਾਲਾ ਦੇ ਸੈਕਟਰੀ ਗੁਰਲਾਲ ਸਿੰਘ, ਐਸਐਚਓ ਬਲਜੀਤ ਸਿੰਘ ਅਤੇ ਚੌਕੀ ਇੰਚਾਰਜ ਜਸਵੀਰ ਸਿੰਘ ਪਹੁੰਚੇ, ਜਿਨ੍ਹਾਂ ਦੋਵੇਂ ਧਿਰਾਂ ਨਾਲ ਗੱਲਬਾਤ ਕੀਤੀ। ਮਾਰਕੀਟ ਕਮੇਟੀ ਦੇ ਸੈਕਟਰੀ ਗੁਰਲਾਲ ਸਿੰਘ ਨੇ ਕਿਹਾ ਕਿ ਬਾਹਰੀ ਜ਼ਿਲ੍ਹਿਆਂ ਤੋਂ ਲਿਆਂਦਾ ਝੋਨਾ ਖ਼ਰੀਦ ਏਜੰਸੀਆਂ ਵੱਲੋਂ ਕਾਨੂੰਨੀ ਤਰੀਕੇ ਨਾਲ ਲਿਆਂਦਾ ਗਿਆ ਹੈ, ਜਦੋਂਕਿ ਬਾਹਰੀ ਸੂਬਿਆਂ ਤੋਂ ਸੂਬੇ ਵਿਚ ਝੋਨਾ ਨਹੀਂ ਲਿਆਂਦਾ ਜਾ ਸਕਦਾ। ਕਿਸਾਨਾਂ ਵੱਲੋਂ ਰੋਕੇ ਗਏ ਟਰੱਕ ਮੋਗਾ, ਫ਼ਿਰੋਜ਼ਪੁਰ ਅਤੇ ਤਰਨਤਾਰਨ ਜ਼ਿਲ੍ਹੇ ਨਾਲ ਸਬੰਧਤ ਹਨ। ਜਿਸ ਕਰਕੇ ਇਨ੍ਹਾਂ ’ਤੇ ਕਾਰਵਾਈ ਕਰਨ ਲਈ ਸਬੰਧੀ ਜ਼ਿਲ੍ਹਿਆਂ ਦੇ ਮਾਰਕੀਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਲਿਖ ਦਿੱਤਾ ਗਿਆ ਹੈ। ਕਿਸਾਨਾਂ ਵੱਲੋਂ ਰੋਕੇ ਗਏ ਟਰੱਕ ਪੁਲੀਸ ਦੇ ਕਬਜ਼ੇ ਵਿੱਚ ਹਨ। 

Leave a Reply

Your email address will not be published. Required fields are marked *