ਪੰਜਾਬ ’ਚ ਕੇਂਦਰੀ ਤਨਖ਼ਾਹ ਸਕੇਲ ਲਾਗੂ ਕਰਨ ਦਾ ਵਿਰੋਧ

ਚੰਡੀਗੜ੍ਹ : ਸਿੱਖਿਆ ਵਿਭਾਗ ਵਿਚਲੇ ਅਧਿਆਪਕਾਂ ਦੇ ਮੌਜੂਦਾ ਤਨਖ਼ਾਹ ਗਰੇਡਾਂ ਅਤੇ ਸਕੇਲਾਂ ਨੂੰ ਘਟਾ ਕੇ ਕੇਂਦਰੀ ਤਨਖ਼ਾਹ ਪੈਟਰਨ ਲਾਗੂ ਕਰਨ ਦੀਆਂ ਕੋਸ਼ਿਸ਼ਾਂ ਖ਼ਿਲਾਫ਼ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਪੰਜਾਬ ਨੇ ਵਿਆਪਕ ਸੰਘਰਸ਼ ਛੇੜ ਦਿੱਤਾ ਹੈ।

ਡੀਟੀਐੱਫ ਦੇ ਸੱਦੇ ਦੇ ਪਹਿਲੇ ਹੀ ਦਿਨ ਵੱਖ-ਵੱਖ ਥਾਈ ਹਜ਼ਾਰਾਂ ਅਧਿਆਪਕਾਂ ਨੇ ਸਕੂਲਾਂ ਅੱਗੇ ਅਤੇ ਬਲਾਕ/ ਤਹਿਸੀਲ ਪੱਧਰ ’ਤੇ ਇਕੱਠੇ ਹੋ ਕੇ ਮੁੱਖ ਮੰਤਰੀ ਦੇ ਪੁਤਲੇ ਸਾੜੇ ਅਤੇ ਪੰਜਾਬ ਸਰਕਾਰ ਦੇ ਪੱਤਰ ਦੀਆਂ ਕਾਪੀਆਂ ਵੀ ਫੂਕੀਆਂ। ਹਾਲਾਂਕਿ ਇਸ ਫ਼ੈਸਲੇ ’ਤੇ ਸਰਕਾਰ ਵੱਲੋਂ ਯੂ-ਟਰਨ ਲੈਂਦਿਆਂ ਮੌਜੂਦਾ ਅਧਿਆਪਕਾਂ ਨੂੰ ਫ਼ੈਸਲੇ ਦੇ ਦਾਇਰੇ ਵਿੱਚੋਂ ਬਾਹਰ ਰੱਖਣ ਸਬੰਧੀ ਅੱਜ ਦੁਪਹਿਰੇ ਸੋਧ ਪੱਤਰ ਜਾਰੀ ਕਰ ਦਿੱਤਾ ਗਿਆ ਪਰ ਨਵੀਂ ਭਰਤੀ ਲਈ ਇਹ ਮਾਰੂ ਫ਼ੈਸਲਾ ਰੱਦ ਨਾ ਹੋਣ ਕਾਰਨ ਅਧਿਆਪਕਾਂ ਨੇ ਸੰਘਰਸ਼ 25 ਅਕਤੂਬਰ ਤੱਕ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ ਹੈ।

ਫਰੰਟ ਦੇ ਸੂਬਾ ਪ੍ਰਧਾਨ ਦਵਿੰਦਰ ਸਿੰਘ ਪੂਨੀਆ, ਜਨਰਲ ਸਕੱਤਰ ਜਸਵਿੰਦਰ ਝਬੇਲਵਾਲੀ, ਸੀਨੀਅਰ ਮੀਤ ਪ੍ਰਧਾਨ ਵਿਕਰਮ ਦੇਵ ਸਿੰਘ ਤੇ ਮੀਤ ਪ੍ਰਧਾਨ ਰਘਵੀਰ ਭਵਾਨੀਗੜ੍ਹ, ਨਛੱਤਰ ਸਿੰਘ ਤਰਨ ਤਾਰਨ, ਓਮ ਪ੍ਰਕਾਸ਼ ਮਾਨਸਾ ਨੇ ਦੱਸਿਆ ਕਿ ਸਿੱਖਿਆ ਸਕੱਤਰ ਵੱਲੋਂ ਪੰਜਾਬ ਸਰਕਾਰ ਦੇ ਹਵਾਲੇ ਨਾਲ ਜਾਰੀ ਪੱਤਰ ਰਾਹੀਂ ਅਧਿਆਪਕਾਂ ਨੂੰ 5ਵੇਂ ਪੰਜਾਬ ਤਨਖ਼ਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਤਹਿਤ ਸਾਲ 2009 ਅਤੇ 2011 ਵਿੱਚ ਮਿਲੇ ਤਨਖ਼ਾਹ ਸਕੇਲਾਂ ਅਤੇ ਗਰੇਡਾਂ ਦਾ ਸਫ਼ਾਇਆ ਕਰਕੇ ਨਵੀਂ ਭਰਤੀ ਲਈ ਕੇਂਦਰੀ ਸਕੇਲ ਲਾਗੂ ਕਰਨ ਦਾ ਫ਼ੈਸਲਾ ਸਰਕਾਰੀ ਬੇਈਮਾਨੀ ਦਾ ਸਿਖ਼ਰ ਹੈ। ਭਾਵੇਂ ਕਿ ਅਧਿਆਪਕਾਂ ਦੇ ਵੱਡੇ ਵਿਰੋਧ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੂੰ ‘ਸੋਧ ਪੱਤਰ’ ਜਾਰੀ ਕਰਨ ਲਈ ਮਜਬੂਰ ਹੋਣਾ ਪਿਆ ਹੈ, ਪਰ ਹਾਲੇ ਵੀ ਨਵੇਂ ਭਰਤੀ ਹੋਣ ਵਾਲੇ ਮੁਲਾਜ਼ਮਾਂ ਨੂੰ ਬਹੁਤ ਘੱਟ ਤਨਖ਼ਾਹਾਂ ’ਤੇ ਰੱਖਣ ਦਾ ਫ਼ੈਸਲਾ ਬਰਕਰਾਰ ਰਹਿਣਾ ਮੌਜੂਦਾ ਸਰਕਾਰੀ ਮੁਲਾਜ਼ਮਾਂ ਦੇ ਭਵਿੱਖ ਲਈ ਵੀ ਖ਼ਤਰੇ ਦੀ ਘੰਟੀ ਹੈ। ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਦੀ ਕੈਪਟਨ ਸਰਕਾਰ ਨਿੱਜੀਕਰਨ ਦੀ ਨੀਤੀ ਤਹਿਤ ਸੂਬੇ ਦੇ ਸਰਕਾਰੀ ਵਿਭਾਗਾਂ ਅਤੇ ਮੁਲਾਜ਼ਮਾਂ ਦਾ ਖਾਤਮਾ ਕਰ ਰਹੀ ਹੈ।

ਮੰਤਰੀਆਂ ਨੂੰ ਘੇਰਨ ਲਈ ਲਾਮਬੰਦੀ ਦਾ ਐਲਾਨ

ਜਥੇਬੰਦੀ ਨਾਲ ਸਬੰਧਿਤ ਅਧਿਆਪਕ ਆਗੂਆਂ ਨੇ ਪੰਜਾਬ ਅਤੇ ਯੂ.ਟੀ. ਮੁਲਾਜ਼ਮ ਸੰਘਰਸ਼ ਮੋਰਚੇ ਵੱਲੋਂ ਮੁਲਾਜ਼ਮ ਵਿਰੋਧੀ ਫ਼ੈਸਲਿਆਂ ਖ਼ਿਲਾਫ਼ 29 ਅਕਤੂਬਰ ਨੂੰ ਬਠਿੰਡਾ ਵਿੱਚ ਵਿੱਤ ਮੰਤਰੀ ਮਨਪ੍ਰੀਤ ਬਾਦਲ, 30 ਨੂੰ ਚੰਡੀਗੜ੍ਹ ’ਚ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਅਤੇ 3 ਨਵੰਬਰ ਨੂੰ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੂੰ ਕਾਦੀਆਂ (ਗੁਰਦਾਸਪੁਰ) ਵਿੱਚ ਜ਼ੋਨਲ ਧਰਨਿਆਂ ਰਾਹੀਂ ਘੇਰਨ ਸਬੰਧੀ ਲਾਮਬੰਦੀ ਮੁਹਿੰਮ ਭਖਾਉਣ ਦਾ ਐਲਾਨ ਵੀ ਕੀਤਾ।

Leave a Reply

Your email address will not be published. Required fields are marked *