ਬਿਜਲੀ ਸੰਕਟ: ਪਾਵਰ ਕੱਟ ਕਰਨਗੇ ਕੋਲੇ ਦੀ ਤੋਟ ਦਾ ‘ਹੱਲ’

ਪਟਿਆਲਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪਾਵਰਕੌਮ) ਨੇ ਕੋਲੇ ਦੀ ਸੰਭਾਵੀ ਤੋਟ ਦੇ ਮੱਦੇਨਜ਼ਰ ਸੂਬੇ ਵਿੱਚ ਅਣਐਲਾਨੇ ‘ਬਿਜਲੀ ਕੱਟ’ ਲਾਉਣ ਦਾ ਅੰਦਰਖਾਤੇ ਫ਼ੈਸਲਾ ਲੈ ਲਿਆ ਹੈ। ਬਿਜਲੀ ਪੈਦਾਵਾਰ ’ਚ ਕਮੀ ਹੋਣ ਕਰਕੇ ਦਿਨ ਵੇਲੇ ਦੋ ਤੋਂ ਤਿੰਨ ਘੰਟੇ ਤੱਕ ‘ਪਾਵਰ ਕੱਟ’ ਲਾਏ ਜਾਣ ਦੀ ਨੌਬਤ ਆ ਸਕਦੀ ਹੈ। ਦੱਸਣਯੋਗ ਹੈ ਕਿ ਕਿਸਾਨ ਅੰਦੋਲਨ ਅਤੇ ਮਗਰੋਂ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕਣ ਕਾਰਨ ਸੂਬੇ ਵਿੱਚ ਕਈ ਹਫ਼ਤਿਆਂ ਤੋਂ ਕੋਲੇ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਕਾਰਨ ਸੂਬੇ ਦੇ ਥਰਮਲਾਂ ’ਚ ਕੋਲੇ ਦੀ ਵੱਡੀ ਤੋਟ ਪੈਦਾ ਹੋ ਗਈ ਹੈ। ਕੋਲੇ ਦੀ ਕਮੀ ਮਗਰੋਂ ਪ੍ਰਾਈਵੇਟ ਖੇਤਰ ਦਾ ਤਲਵੰਡੀ ਸਾਬੋ ਦਾ ਆਖਰੀ ਯੂਨਿਟ ਵੀ ਅੱਜ ਸਵੇਰੇ ਬੰਦ ਹੋ ਗਿਆ ਹੈ ਅਤੇ ਰਾਜਪੁਰਾ ਥਰਮਲ ਦੀ ਆਖਰੀ ਕਾਰਜਸ਼ੀਲ ਯੂਨਿਟ ਲਈ ਵੀ ਸਵੇਰ ਤੱਕ ਹੀ ਕੋਲਾ ਬਚਿਆ ਹੈ। ਗੋਇੰਦਵਾਲ ਸਾਹਿਬ ਥਰਮਲ ਪਹਿਲਾਂ ਹੀ ਬੰਦ ਹੈ। ਪਾਵਰਕੌਮ ਮੈਨੇਜਮੈਂਟ ਹੇਠਲੇ ਆਪਣੇ ਦੋਵੇਂ ਥਰਮਲਾਂ ਨੂੰ ਪੂਰੀ ਸਮੱਰਥਾ ’ਤੇ ਚਲਾਉਣ ਲਈ ਸਿਰਫ਼ ਚਾਰ ਦਿਨਾਂ ਦਾ ਕੋਲਾ ਬਚਿਆ ਹੈ। ਕੋਲੇ ਦੀ ਕਮੀ ਕਾਰਨ ਬਿਜਲੀ ਪੈਦਾਵਾਰ ਆਏ ਦਿਨ ਡਿੱਗ ਰਹੀ ਹੈ ਜਦੋਂਕਿ ਕੌਮੀ ਗਰਿੱਡ ’ਚੋਂ ਲੋੜੀਂਦੀ ਬਿਜਲੀ ਖਰੀਦਣ ਲਈ ਸੂਬੇ ਕੋਲ ਪੈਸਾ ਨਹੀਂ ਹੈ। ਅਜਿਹੇ ਹਾਲਾਤ ’ਚ ਪਾਵਰਕੌਮ ਮੈਨੇਜਮੈਂਟ ਨੇ ਬਿਜਲੀ ਦੀ ਲੋੜ ਨਾਲ ਨਜਿੱਠਣ ਲਈ ਪੰਜਾਬ ’ਚ ਅਣਐਲਾਨੇ ਬਿਜਲੀ ਕੱਟਾਂ ਦਾ ਸਹਾਰਾ ਲੈਣਾ ਬਿਹਤਰ ਸਮਝਿਆ ਹੈ। ਜਾਣਕਾਰੀ ਅਨੁਸਾਰ ਪਾਵਰਕੌਮ ਵਲੋਂ ਬਿਜਲੀ ਕੱਟ ਲਾਉਣ ਦੀ ਸ਼ੁਰੂਆਤ ਭਲਕੇ 29 ਅਕਤੂਬਰ ਤੋਂ ਵੀ ਕੀਤੀ ਜਾ ਸਕਦੀ ਹੈ। ਰਾਤ ਨੂੰ ਮੌਸਮ ਠੰਢਾ ਹੋਣ ਕਾਰਨ ਬਿਜਲੀ ਦੀ ਮੰਗ ਕਰੀਬ 15 ਸੌ ਤੋਂ 2 ਹਜ਼ਾਰ ਮੈਗਾਵਾਟ ਮਨਫ਼ੀ ਹੋ ਜਾਂਦੀ ਹੈ ਪ੍ਰੰਤੂ ਦਿਨ ਵੇਲੇ 5500 ਤੋਂ 6500 ਮੈਗਾਵਾਟ ਦਰਮਿਆਨ ਤੱਕ ਦੇ ਬਿਜਲੀ ਪ੍ਰਬੰਧਾਂ ਨੂੰ ਕਾਇਮ ਰੱਖਣ ਲਈ ਦੋ ਤੋਂ ਤਿੰਨ ਘੰਟੇ ਬਿਜਲੀ ਕੱਟ ਲਾਉਣ ਦੀ ਨੌਬਤ ਆ ਸਕਦੀ ਹੈ। ਸੂਤਰਾਂ ਮੁਤਾਬਿਕ ਇਹ ਪਾਵਰ ਕੱਟ ਹਰ ਵਰਗ ਦੇ ਖਪਤਕਾਰਾਂ ’ਤੇ ਟੁੱਟਵੇਂ ਤਰੀਕੇ ਦੇ ਹੋਣਗੇ ਤੇ ਜਦੋਂ ਤੱਕ ਕੋਲੇ ਦੀ ਸਪਲਾਈ ਦਾ ਹੱਲ ਨਹੀ ਹੋ ਜਾਂਦਾ ਉਦੋਂ ਤੱਕ ਬਿਜਲੀ ਕੱਟ ਲੱਗਦੇ ਰਹਿਣਗੇ।

ਪਾਵਰਕੌਮ ਦੇ ਸੀ.ਐੱਮ.ਡੀ. ਏ.ਵੇਣੂ ਪ੍ਰਸਾਦ ਨੇ ਸੰਪਰਕ ਕਰਨ ’ਤੇ ਕਿਹਾ ਕਿ ਬਿਜਲੀ ਦੀ ਕਮੀ ਕਾਰਨ ਜੇਕਰ ਲੋੜ ਪਈ ਤਾਂ ਸੂਬੇ ’ਚ ਪਾਵਰ ਕੱਟ ਲਗਾਏ ਜਾ ਸਕਦੇ ਹਨ। ਉਨ੍ਹਾਂ ਦੱਸਿਆ ਕਿ ਕੋਲੇ ਦੀ ਤੋਟ ਕਾਰਨ ਜੋ ਗੰਭੀਰ ਹਾਲਾਤ ਬਣਨ ਲੱਗੇ ਹਨ, ਊਸ ਤੋਂ ਸੰਕੇਤ ਹਨ ਕਿ ਰਾਤ ਵੇਲੇ ਨਿਰੰਤਰ ਬਿਜਲੀ ਸਪਲਾਈ ਦਿੱਤੀ ਜਾ ਸਕੇਗੀ ਪ੍ਰੰਤੂ ਦਿਨ ਵੇਲੇ ਸਪਲਾਈ ਜਾਰੀ ਰੱਖਣ ਲਈ ਦੋ ਤੋਂ ਤਿੰਨ ਘੰਟੇ ਪ੍ਰਤੀ ਦਿਨ ‘ਪਾਵਰ ਕੱਟ’ ਲਾਉਣ ਦੀ ਨੌਬਤ ਰਹੇਗੀ। ਸੀ.ਐਮ.ਡੀ. ਨੇ ਦੱਸਿਆ ਕਿ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲੇ ਦੀ ਸਪਲਾਈ ਦੀ ਬਹਾਲੀ ਲਈ ਨਿਰੰਤਰ ਕੋਸ਼ਿਸ਼ਾਂ ਕਰ ਰਹੇ ਹਨ ਪ੍ਰੰਤੂ ਹਾਲੇ ਤੱਕ ਪੰਜਾਬ ਨੂੰ ਕੋਲੇ ਪੱਖੋਂ ਕੋਈ ਰਾਹਤ ਨਹੀ ਮਿਲ ਰਹੀ। ਉਨ੍ਹਾਂ ਦੱਸਿਆ ਕਿ ਸਰਦੀ ਆਰੰਭ ਹੋਣ ਕਾਰਨ ਪਾਵਰਕੌਮ ਨੂੰ ਇੱਕ ਹਜ਼ਾਰ ਮੈਗਾਵਾਟ ਬੈਕਿੰਗ ਖੇਤਰ ਦੇ ਕੇਂਦਰੀ ਪੂਲ ਵੱਲ ਬਿਜਲੀ ਮੋੜਣ ਕਾਰਨ ਵੀ ‘ਪਾਵਰ ਕੱਟਾਂ’ ਦੀ ਨੌਬਤ ਆ ਰਹੀ ਹੈ। ਉਨ੍ਹਾਂ ਦੱਸਿਆ ਕਿ ਉਪਜ ਰਹੇ ਬਿਜਲੀ ਸੰਕਟ ਸਬੰਧੀ ਮੁੱਖ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ।

ਕੋਲਾ ਮੁੱਕਣ ਕਾਰਨ ਬਣਾਂਵਾਲਾ ਥਰਮਲ ਪਲਾਂਟ ਮੁੜ ਬੰਦ

ਮਾਨਸਾ :ਨੇੜਲੇ ਪਿੰਡ ਬਣਾਂਵਾਲਾ ਵਿਖੇ ਲੱਗੇ ਪ੍ਰਾਈਵੇਟ ਭਾਈਵਾਲੀ ਵਾਲੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਿਟਡ ਨੇ ਅੱਧੀ ਰਾਤ ਤੋਂ ਕੰਮ ਕਰਨਾ ਬੰਦ ਕਰ ਦਿੱਤਾ ਹੈ। ਇਹ ਕੰਮ ਉਸ ਵੇਲੇ ਬੰਦ ਹੋਇਆ, ਜਦੋਂ ਪਲਾਂਟ ਵਿਚੋਂ ਕੋਲਾ ਬਿਲਕੁਲ ਖ਼ਤਮ ਹੋ ਗਿਆ। 1980 ਮੈਗਾਵਾਟ ਦੇ ਇਸ ਤਾਪਘਰ ਦੇ ਇਸ ਵੇਲੇ ਤਿੰਨ ਵਿਚੋਂ ਇੱਕ ਯੂਨਿਟ ਹੀ ਚੱਲ ਰਿਹਾ ਹੈ,ਉਹ ਵੀ ਕੋਲੇ ਦੀ ਘਾਟ ਕਾਰਨ ਬਹੁਤ ਘੱਟ ਬਿਜਲੀ ਪੈਦਾ ਕਰ ਰਿਹਾ ਸੀ।ਇਸ ਥਰਮਲ ਪਲਾਂਟ ਵਿੱਚ ਕੋਲੇ ਦੀ ਘਾਟ ਉਸ ਵੇਲੇ ਪੈਦਾ ਹੋਈ,ਜਦੋਂ ਤਾਪ ਘਰ ਨੂੰ ਜਾਂਦੀਆਂ ਰੇਲਵੇ ਲਾਈਨਾਂ ਉਪਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਅਣਮਿੱਥੇ ਸਮੇਂ ਲਈ ਧਰਨਾ ਲਗਾਇਆ ਗਿਆ।ਜਥੇਬੰਦੀ ਨੇ ਇਹ ਧਰਨਾ ਪ੍ਰਾਈਵੇਟ ਭਾਈਵਾਲੀ ਵਾਲੇ ਤਾਪਘਰਾਂ ਦੇ ਵਿਰੋਧ ਵਿਚ ਲਾਇਆ ਹੋਇਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾਈ ਕਮੇਟੀ ਵੱਲੋਂ ਪ੍ਰਾਈਵੇਟ ਥਰਮਲਾਂ ਦੇ ਵਿਰੁੱਧ ਇਹ ਧਰਨਾ ਦਿੱਤਾ ਹੋਇਆ ਹੈ।

ਤਾਪ ਘਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੋਲੇ ਦੀ ਘਾਟ ਕਾਰਨ ਹੀ ਬਿਜਲੀ ਦੀ ਪੈਦਾਵਾਰ ਬੰਦ ਹੋਈ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਥਰਮਲ ਪਲਾਂਟ ਪਹਿਲਾਂ ਵੀ ਕੋਲੇ ਦੀ ਘਾਟ ਕਾਰਨ ਬੰਦ ਹੋ ਗਿਆ ਸੀ,ਪਰ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਵਲੋਂ ਰੇਲਵੇ ਲਾਈਨਾਂ ਤੋਂ ਪਿੱਛੇ ਹੱਟਣ ਕਾਰਨ ਇਸ ਵਿਚ ਕੁੱਝ ਗੱਡੀਆਂ ਕੋਲਾ ਆ ਗਿਆ ਸੀ,ਜਦੋਂ ਕਿ ਟਰੈਕ ਖੁੱਲਣ ਤੋਂ ਅਗਲੇ ਦਿਨ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵਲੋਂ ਇਸ ਨੂੰ ਜਾਂਦੀਆਂ ਰੇਲਵੇ ਲਾਈਨਾਂ ਉਪਰ ਧਰਨਾ ਜਾਰੀ ਕਰ ਦਿੱਤਾ ਗਿਆ।

Leave a Reply

Your email address will not be published. Required fields are marked *