ਰੇਲ ਮੰਤਰਾਲੇ ਨੇ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਰੋਕੀ

ਚੰਡੀਗੜ੍ਹ : ਕੇਂਦਰੀ ਰੇਲ ਮੰਤਰਾਲੇ ਵੱਲੋਂ ਅਗਲੇ ਹੁਕਮਾਂ ਤੱਕ ਪੰਜਾਬ ਲਈ ਮਾਲ ਗੱਡੀਆਂ ਦੀ ਆਵਾਜਾਈ ਰੋਕੀ ਗਈ ਹੈ ਜਿਸ ਦੇ ਸਿੱਟੇ ਵਜੋਂ ਜੰਮੂ ਕਸ਼ਮੀਰ ਨੂੰ ਤੇਲ ਉਤਪਾਦ ਦੀ ਸਪਲਾਈ ਸੜਕ ਰਸਤੇ ਕਰ ਦਿੱਤੀ ਗਈ ਹੈ। ਪੰਜਾਬ ਵਿਚ ਤਾਪ ਬਿਜਲੀ ਘਰਾਂ ਵਿਚ ਕੋਲਾ ਭੰਡਾਰ ਖ਼ਤਮ ਹੋ ਗਏ ਹਨ ਅਤੇ ਖਾਦ ਦੀ ਸਪਲਾਈ ਨੂੰ ਲੈ ਕੇ ਵੀ ਕਿਸਾਨਾਂ ਦੇ ਫ਼ਿਕਰ ਵਧ ਗਏ ਹਨ। ਵੇਰਵਿਆਂ ਮੁਤਾਬਕ ਰੇਲ ਮੰਤਰਾਲੇ ਨੇ 7 ਨਵੰਬਰ ਤੱਕ ਆਵਾਜਾਈ ਰੋਕ ਦਿੱਤੀ ਹੈ। ਰੇਲਵੇ ਦੀ ਫਿਰੋਜ਼ਪੁਰ ਡਿਵੀਜ਼ਨ ਦੇ ਡੀ.ਆਰ.ਐਮ ਰਾਜੇਸ਼ ਅਗਰਵਾਲ ਦਾ ਕਹਿਣਾ ਸੀ ਕਿ ਰੇਲ ਮੰਤਰਾਲੇ ਵੱਲੋਂ ਪੰਜਾਬ ਵਿਚ ਮਾਲ ਗੱਡੀਆਂ ਦੀ ਆਵਾਜਾਈ ਅਗਲੇ ਹੁਕਮਾਂ ਤੱਕ ਰੋਕੀ ਗਈ ਹੈ। ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਕਿਸੇ ਪਾਸਿਓਂ ਵੀ ਰੇਲਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ ਅਤੇ ਅੰਦੋਲਨ ਸ਼ਾਂਤੀਪੂਰਨ ਚੱਲ ਰਿਹਾ ਹੈ। ਜੋ ਰੈਕ ਡਿਵੀਜ਼ਨ ਵਿਚ ਫਸੇ ਹੋਏ ਸਨ, ਉਹ ਦੋ ਦਿਨਾਂ ਦੀ ਢਿੱਲ ਦੌਰਾਨ ਪੰਜਾਬ ’ਚੋਂ ਬਾਹਰ ਕੱਢੇ ਜਾ ਚੁੱਕੇ ਹਨ। ਉੱਤਰੀ ਰੇਲਵੇ ਦੀ ਅੰਬਾਲਾ ਡਿਵੀਜ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਰੇਲ ਮੰਤਰਾਲੇ ਵੱਲੋਂ ਤਿੰਨ-ਤਿੰਨ ਦਿਨਾਂ ਮਗਰੋਂ ਮਾਲ ਗੱਡੀਆਂ ਦੀ ਆਵਾਜਾਈ ਰੋਕੇ ਜਾਣ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਮਾਲ ਗੱਡੀਆਂ ’ਤੇ ਪਾਬੰਦੀ ਮਗਰੋਂ ਹਰਿਆਣਾ ਵਿਚ ਬੁਕਿੰਗ ਕਾਫ਼ੀ ਵਧ ਗਈ ਹੈ। ਪੰਜਾਬ ’ਚੋਂ ਨਵੇਂ ਟਰੈਕਟਰ ਵੀ ਹੁਣ ਸੜਕੀ ਰਸਤੇ ਦੂਸਰੇ ਸੂਬਿਆਂ ਨੂੰ ਜਾ ਰਹੇ ਹਨ ਜਾਂ ਫਿਰ ਅੰਬਾਲਾ ਤੋਂ ਲੋਡ ਹੋ ਰਹੇ ਹਨ। ਜੰਮੂ ਕਸ਼ਮੀਰ ਲਈ ਜੋ ਡੀਜ਼ਲ ਅਤੇ ਪੈਟਰੋਲ ਪਾਣੀਪਤ ਤੇਲ ਸੋਧ ਕਾਰਖਾਨੇ ’ਚੋਂ ਸਪਲਾਈ ਹੁੰਦਾ ਸੀ, ਉਹ ਵੀ ਹੁਣ ਸੜਕੀ ਰਸਤੇ ਜਾ ਰਿਹਾ ਹੈ। ਤੇਲ ਕੰਪਨੀਆਂ ਵੱਲੋਂ ਜਲੰਧਰ, ਬਠਿੰਡਾ ਅਤੇ ਹਿਮਾਚਲ ’ਚੋਂ ਤੇਲ ਦੀ ਸਪਲਾਈ ਲਈ ਜਾ ਰਹੀ ਹੈ। ਸੂਤਰਾਂ ਅਨੁਸਾਰ ਪੰਜਾਬ ਸਰਕਾਰ ਵੱਲੋਂ ਬਾਰਦਾਨਾ ਵੀ ਹੁਣ ਦਿੱਲੀ ਤੋਂ ਪੰਜਾਬ ਸੜਕੀ ਰਸਤੇ ਲਿਆਉਣ ਦੀ ਯੋਜਨਾ ਬਣਾਈ ਗਈ ਹੈ। ਰੇਲਵੇ ਦਾ ਕਹਿਣਾ ਹੈ ਕਿ ਪੰਜਾਬ ’ਚ ਮਾਲ ਗੱਡੀਆਂ ਬੰਦ ਹੋਣ ਨਾਲ ਰੋਜ਼ਾਨਾ 16 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦੇਸ਼ ਭਰ ਤੋਂ ਪੰਜਾਬ ਆਉਣ ਵਾਲੇ 200 ਰੈਕ ਵੱਖ-ਵੱਖ ਸੂਬਿਆਂ ਵਿਚ ਰੁਕੇ ਹੋਏ ਹਨ ਜਿਨ੍ਹਾਂ ਵਿਚ ਵੱਡੀ ਗਿਣਤੀ ਕੋਲਾ ਰੈਕਾਂ ਦੀ ਹੈ। ਕਿਸਾਨਾਂ ਨੂੰ ਯੂਰੀਆ ਖਾਦ ਦੀ ਪੂਰੀ ਸਪਲਾਈ ਨਾ ਹੋਣ ਕਰਕੇ ਮੁਸ਼ਕਲ ਬਣ ਗਈ ਹੈ। ਦੂਸਰੇ ਪਾਸੇ ਰੇਲਵੇ ਨੇ ਪੰਜਾਬ ਵਿਚ ਰੇਲ ਮਾਰਗਾਂ ਦੀ ਰੁਟੀਨ ਦੀ ਮੁਰੰਮਤ ਆਦਿ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਹੈ। ਸਰਦੀਆਂ ਤੋਂ ਪਹਿਲਾਂ ਸਾਰੇ ਰੇਲ ਮਾਰਗ ਚੈੱਕ ਕੀਤੇ ਜਾਂਦੇ ਹਨ। ਰੇਲਵੇ ਨੂੰ ਹਾਲੇ ਤੱਕ ਕਿਧਰੋਂ ਵੀ ਕਿਸੇ ਰੇਲ ਟਰੈਕ ਵਿਚ ਕੋਈ ਖਰਾਬੀ ਨਹੀਂ ਲੱਭੀ। 

Leave a Reply

Your email address will not be published. Required fields are marked *