ਪਰਾਲੀ ਸਾੜਨ ਸਬੰਧੀ ਜਾਂਚ ਕਰਨ ਆਏ ਅਧਿਕਾਰੀ ਘੇਰੇ

ਮਸਤੂਆਣਾ ਸਾਹਿਬ : ਪਿੰਡ ਬਹਾਦਰਪੁਰ ਵਿੱਚ ਖੇਤਾਂ ’ਚ ਝੋਨੇ ਦੀ ਪਰਾਲੀ ਫੂਕਣ ਸਬੰਧੀ ਕਾਰਵਾਈ ਕਰਨ ਆਏ ਮਾਲ ਪਟਵਾਰੀਆਂ, ਨਾਇਬ ਤਹਿਸੀਲਦਾਰ, ਬੀਡੀਪੀਓ ਸਮੇਤ ਪੰਚਾਇਤ ਸੈਕਟਰੀਆਂ ਅਤੇ ਹੋਰ ਅਮਲੇ ਨੂੰ ਕਿਸਾਨਾਂ ਨੇ ਘਿਰਾਓ ਕਰ ਕੇ ਧਰਨੇ ਵਿਚ ਬਿਠਾ ਲਿਆ। ਐੱਸਡੀਐੱਮ ਵੱਲੋਂ ਧਰਨੇ ’ਚ ਪੁੱਜ ਕੇ ਕਿਸਾਨਾਂ ਖ਼ਿਲਾਫ਼ ਕੋਈ ਕਾਰਵਾਈ ਨਾ ਕਰਨ ਦੇ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਲਿਆ ਅਤੇ ਅਧਿਕਾਰੀਆਂ ਨੂੰ ਛੱਡ ਦਿੱਤਾ।

ਕਿਰਤੀ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਕੁੰਨਰਾਂ, ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਜਸਦੀਪ ਸਿੰਘ, ਬਲਾਕ ਪ੍ਰਧਾਨ ਸੁਖਦੇਵ ਸਿੰਘ ਅਤੇ ਯੂਥ ਵਿੰਗ ਦੇ ਇਕਾਈ ਪ੍ਰਧਾਨ ਬੱਗਾ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਤਕਰੀਬਨ 8 ਵਜੇ ਜਿਉਂ ਹੀ ਕਿਸਾਨਾਂ ਨੇ ਖੇਤਾਂ ਵਿੱਚ ਹਲਕੇ ਦੇ ਪਟਵਾਰੀ ਰਾਕੇਸ਼ ਕੁਮਾਰ ਨੂੰ ਘੁੰਮਦੇ ਦੇਖਿਆ ਤਾਂ ਕਿਸਾਨ ਆਗੂਆਂ ਨੂੰ ਇਤਲਾਹ ਦਿੱਤੀ। ਮਗਰੋਂ ਕਿਸਾਨਾਂ ਨੇ ਪਟਵਾਰੀ ਨੂੰ ਘੇਰ ਲਿਆ। ਜਿਉਂ ਹੀ ਪਟਵਾਰੀ ਨੂੰ ਛੁਡਾਉਣ ਲਈ ਬੀਡੀਪੀਓ ਸੰਗਰੂਰ ਲੈਨਿਨ ਗਰਗ ਸਮੇਤ 15 ਪੰਚਾਇਤ ਸੈਕਟਰੀ, ਨਾਇਬ ਤਹਿਸੀਲਦਾਰ ਕ੍ਰਿਸ਼ਨ ਕੁਮਾਰ, ਪਟਵਾਰੀ ਯੂਨੀਅਨ ਦੇ ਪ੍ਰਧਾਨ ਦੀਦਾਰ ਸਿੰਘ ਸਮੇਤ 21 ਮਾਲ ਪਟਵਾਰੀ ਆਏ ਤਾਂ ਉਨ੍ਹਾਂ ਨੂੰ ਵੀ ਕਿਸਾਨਾਂ ਨੇ ਘੇਰ ਕੇ ਖੇਤਾਂ ਵਿੱਚ ਹੀ ਦਿੱਤੇ ਜਾ ਰਹੇ ਧਰਨੇ ਵਿੱਚ ਬਿਠਾ ਲਿਆ।

ਦੇਰ ਸ਼ਾਮ ਐੱਸਡੀਐੱਮ ਸੰਗਰੂਰ ਬਬਨਦੀਪ ਸਿੰਘ ਵਾਲੀਆ ਧਰਨੇ ਵਿੱਚ ਪੁੱਜੇ ਤੇ ਕਿਸਾਨਾਂ ਖ਼ਿਲਾਫ਼ ਪਰਾਲੀ ਸਾੜਨ ਸਬੰਧੀ ਕੋਈ ਕਾਰਵਾਈ ਨਾ ਕਰਨ ਦਾ ਭਰੋਸਾ ਦਿੱਤਾ, ਜਿਸ ਕਿਸਾਨਾਂ ਨੇ ਧਰਨਾ ਸਮਾਪਤ ਕਰ ਦਿੱਤਾ ਤੇ ਪਟਵਾਰੀਆਂ, ਨਾਇਬ ਤਹਿਸੀਲਦਾਰ, ਬੀਡੀਪੀਓ ਸਮੇਤ ਪੰਚਾਇਤ ਸੈਕਟਰੀਆਂ ਤੇ ਹੋਰ ਅਮਲੇ ਨੂੰ ਛੱਡ ਦਿੱਤਾ ਗਿਆ। ਆਗੂਆਂ ਨੇ ਕਿਹਾ ਕਿ ਪਰਾਲੀ ਸਾੜਨ ਵਾਲੇ ਕਿਸਾਨਾਂ ’ਤੇ ਕੇਸ ਅਤੇ ਜੁਰਮਾਨੇ ਕਰਨ ਦੀ ਕਾਰਵਾਈ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

Leave a Reply

Your email address will not be published. Required fields are marked *