ਸਾਲ ਮਗਰੋਂ ਖੁੱਲ੍ਹਿਆ ਪਤਨੀ ਦੇ ਕਤਲ ਦਾ ਰਾਜ

ਪਟਿਆਲਾ : ਦਹਾਕਾ ਪਹਿਲਾਂ ਪ੍ਰੇਮ ਵਿਆਹ ਕਰਵਾਉਣ ਵਾਲੇ ਸਨੌਰ ਵਾਸੀ ਬਲਜੀਤ ਸਿੰਘ ਨੇ ਸਾਲ ਪਹਿਲਾਂ ਆਪਣੀ  ਪਤਨੀ ਦੀ ਹੱਤਿਆ ਕਰਕੇ ਲਾਸ਼ ਨਹਿਰ ਦੀ ਪਟੜੀ ਹੇਠਾਂ ਦੱਬ ਦਿੱਤੀ ਸੀ।  ਉਸ ’ਤੇ ਕਿਸੇ ਨੂੰ ਵੀ ਸ਼ੱਕ ਨਹੀਂ ਸੀ ਹੋਇਆ। ਪਰ ਪੇੇਸ਼ੇ ਵਜੋਂ ਕੰਬਾਈਨ ਡਰਾਈਵਰ ਰਾਜ ਨੇ ਹੁਣ ਖ਼ੁਦ ਹੀ ਆਪਣੀ ਪਤਨੀ ਦੀ ਹੱਤਿਆ ਕਰਨ ਦਾ ਭੇਤ ਜਾਹਿਰ ਕੀਤਾ ਹੈ। 

ਮੁੱਢਲੀ ਤਫ਼ਤੀਸ਼ ਮੁਤਾਬਕ ਕਤਲ ਦੀ ਵਜ੍ਹਾ ਚਰਿੱਤਰ ’ਤੇ ਸ਼ੱਕ ਦੱਸੀ ਜਾ ਰਹੀ ਹੈ। ਤਕਰੀਬਨ ਬਾਰਾਂ ਸਾਲ ਪਹਿਲਾਂ ਬਲਜੀਤ ਸਿੰਘ ਅਤੇ ਰਮਨਜੀਤ ਕੌਰ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਦੋਵਾਂ ਦੇ ਇੱਕ ਲੜਕਾ ਅਤੇ ਇੱਕ ਲੜਕੀ ਵੀ ਹੈ।

ਇਸੇ ਦੌਰਾਨ ਬਲਜੀਤ ਪਤਨੀ ਦੇ ਚਰਿੱਤਰ ’ਤੇ ਸ਼ੱਕ ਕਰਨ ਲੱਗਾ ਜਿਸ ਦੇ ਚੱਲਦਿਆਂ ਹੀ ਸਾਲ ਪਹਿਲਾਂ ਦਸਹਿਰੇ ਵਾਲੀ ਰਾਤ ਉਸ ਨੇ ਗਲਾ ਦਬਾ ਕੇ ਰਮਨਜੀਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉਹ ਲਾਸ਼ ਬੋਸਰ ਪਿੰਡ ਲਾਗੇ ਨਹਿਰ ’ਤੇ ਲੈ ਗਿਆ ਅਤੇ ਬੀੜ ਵਿਚਲੇ ਜਾਨਵਰਾਂ ਨੂੰ ਪਾਣੀ ਦੇਣ ਲਈ ਬਣੀ ਝਾਲ ਦੇ ਨਾਲ ਲੱਗਦੇ ਟੋਏ  ਵਿੱਚ ਸੁੱਟ ਦਿੱਤੀ। ਬਾਅਦ ਵਿੱਚ ਉਸ ਨੇ ਆਪਣੀ ਦੇ ਕਿਸੇ ਨਾਲ ਭੱਜ ਜਾਣ ਦੀ ਅਫ਼ਵਾਹ ਫੈਲਾ ਦਿੱਤੀ। ਹੁਣ ਤਿੰਨ ਕੁ ਮਹੀਨੇ ਪਹਿਲਾਂ  ਬਲਜੀਤ ਸਿੰਘ ਨੇ ਹੋਰ ਵਿਆਹ ਕਰਵਾ ਲਿਆ। ਇਸ ਦੌਰਾਨ ਹੀ ਜਦੋਂ ਬਲਜੀਤ ਸ਼ਰਾਬ ਪੀ ਕੇ ਕਲੇਸ਼ ਕਰਨ ਲੱਗਾ, ਤਾਂ ਦੂਜੀ ਪਤਨੀ ਨੇ ਉਸ ਨੂੰ ਪਹਿਲੀ ਪਤਨੀ ਦੇ ਭੱਜਣ ਦਾ ਮਿਹਣਾ ਮਾਰਿਆ ਪਰ  ਸ਼ਰਾਬ ਦੀ ਲੋਰ ’ਚ ਆਏ ਬਲਜੀਤ ਨੇ ਸਾਲ ਪਹਿਲਾਂ ਕੀਤੇ ਕਤਲ ਦਾ ਭੇਤ ਖੋਲ੍ਹ ਦਿੱਤਾ। ਥਾਣਾ  ਸਨੌਰ ਦੇ ਐੱਸ.ਐੱਚ.ਓ. ਇੰਸਪੈਕਟਰ ਕਰਮਜੀਤ ਸਿੰਘ ਮੁਤਾਬਕ ਬਲਜੀਤ ਸਿੰਘ ਨੇ ਕਤਲ ਦੀ ਗੱਲ ਕਬੂਲ ਲਈ। ਉਸ ਦੀ ਨਿਸ਼ਾਨਦੇਹੀ ’ਤੇ ਪੁਲੀਸ  ਰਮਨਦੀਪ ਕੌਰ ਦਾ ਪਿੰਜਰ ਹੀ ਹੱਥ ਲੱਗਾ। ਦੂਜੇ ਪਾਸੇ ਡੀਐੱਸਪੀ ਆਰ ਅਜੈਪਾਲ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਇੰਸਪੈਕਟਰ ਕਰਮਜੀਤ ਸਿੰਘ ਨੇ ਕਿਹਾ ਕਿ ਰਮਨਦੀਪ ਕੌਰ ਦੀ ਮਾਤਾ ਪਰਮਜੀਤ ਕੌਰ ਵਾਸੀ ਸਨੌਰ ਦੇ ਬਿਆਨਾਂ ’ਤੇ ਥਾਣਾ ਸਨੌਰ ਵਿੱਚ  ਬਲਜੀਤ ਸਿੰਘ ਵਾਸੀ ਸਨੌਰ ਦੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

Leave a Reply

Your email address will not be published. Required fields are marked *