ਖੇਤਾਂ ਦੇ ਰਾਖੇ: ਅਸੀਂ ਮੁੜਾਂਗੇ ਚਾਨਣ ਦੀ ਲੋਅ ਲੈ ਕੇ..!

ਕਿਸਾਨ ਬਲਕਾਰ ਸਿੰਘ ਨੇ ਜ਼ਿੰਦਗੀ ਦਾਅ ’ਤੇ ਲਾਈ ਹੈ। ਉਸ ਨੂੰ ਖੇਤੀ ਕਾਨੂੰਨਾਂ ਦੇ ਹੱਲੇ ਅੱਗੇ ਹਰ ਖੁਸ਼ੀ-ਗ਼ਮੀ ਛੋਟੀ ਜਾਪਦੀ ਹੈ। ਇਹ ਕਿਸਾਨ ਏਨਾ ਜਨੂੰਨੀ ਹੈ ਕਿ ਕਿਸਾਨ ਅੰਦੋਲਨ ’ਚ ਡੇਰਾ ਜਮਾ ਕੇ ਬੈਠਾ ਹੈ। ਪੰਜਾਹ ਦਿਨਾਂ ਤੋਂ ਉਹ ਘਰ ਨਹੀਂ ਗਿਆ। ਨਾਅਰਿਆਂ ਦੀ ਗੂੰਜ ’ਚ ਉਸ ਦਾ ਦਿਨ ਚੜ੍ਹਦਾ ਹੈ ਅਤੇ ਤਕਰੀਰਾਂ ਦੇ ਜੋਸ਼ ਨਾਲ ਢਲਦਾ ਹੈ। ਉਸਦੀ ਪਤਨੀ ਹਸਪਤਾਲ ਵਿਚ ਦਾਖਲ ਹੈ। ਗੋਡਿਆਂ ਦਾ ਅਪਰੇਸ਼ਨ ਹੋਇਆ ਹੈ, ਪਰ ਉਹ ਹਸਪਤਾਲ ’ਚੋਂ ਅਜਨਬੀ ਵਾਂਗ ਪਤਾ ਲੈ ਕੇ ਕਿਸਾਨ ਅੰਦੋਲਨ ’ਚ ਪਰਤ ਆਇਆ ਹੈ। ਅੰਮ੍ਰਿਤਸਰ ਦੇ ਪਿੰਡ ਦੇਵੀਦਾਸਪੁਰਾ ਦਾ ਇਹ ਕਿਸਾਨ 24 ਸਤੰਬਰ ਨੂੰ ਗੱਠੜੀ ਬੰਨ ਕੇ ਘਰੋਂ ਤੁਰਿਆ ਸੀ। ਕਦੇ ਫਿਰੋਜ਼ਪੁਰ, ਕਦੇ ਕਪੂਰਥਲਾ ਅਤੇ ਹੁਣ ਦੇਵੀਦਾਸਪੁਰਾ ਮੋਰਚੇ ਵਿਚ ਬੈਠਾ ਹੈ। ਉਹ ਆਖਦਾ ਹੈ ਕਿ ਗਰਮੀ ਸਰਦੀ ਹੌਸਲੇ ਨਹੀਂ ਤੋੜ ਸਕਦੀ।

ਕਿਸਾਨ ਦਵਿੰਦਰ ਸਿੰਘ ਵੀ ਪੰਜਾਹ ਦਿਨਾਂ ਤੋਂ ਮੋਰਚੇ ’ਤੇ ਡਟਿਆ ਹੈ। ਉਹ ਆਖਦਾ ਹੈ ਕਿ ਤਿਉਹਾਰ ਛੋਟੇ ਤੇ ਕਿਸਾਨੀ ਮਿਸ਼ਨ ਵੱਡਾ ਹੈ। ਬੱਚਿਆਂ ਨੇ ਦੀਵਾਲੀ ’ਤੇ ਘਰ ਆਉਣ ਬਾਰੇ ਆਖਿਆ, ਤਾਂ ਉਸ ਨੇ ਜੁਆਬ ਦੇ ਦਿੱਤਾ। ਬਠਿੰਡਾ ਦੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਪਿੰਡ ਖੋਖਰ ਦਾ ਕਿਸਾਨ ਨਿੱਕਾ ਸਿੰਘ ਬੈਠਾ ਹੈ। ਉਹ 43 ਦਿਨਾਂ ਤੋਂ ਅੰਦੋਲਨ ਵਿਚ ਹੈ। ਉਸ ਨੇ ਦਿਨ-ਰਾਤ ਮੋਰਚੇ ਵਿਚ ਗੁਜ਼ਾਰੇ ਹਨ। ਉਹ ਹੱਠ ਕਰੀ ਬੈਠਾ ਹੈ ਕਿ ਖਾਲੀ ਹੱਥ ਘਰ ਨਹੀਂ ਪਰਤਾਂਗੇ। ਉਹ ਆਖਦਾ ਹੈ ਕਿ ਨਰਿੰਦਰ ਮੋਦੀ ਜ਼ਿੱਦੀ ਹੈ ਤਾਂ ਉਹ ਵੀ ਆਪਣੇ ਖੇਤਾਂ ਲਈ ਇਸ ਜ਼ਿੱਦ ਨੂੰ ਭੰਨਣ ਦਾ ਐਲਾਨ ਕਰਦੇ ਹਨ। ਉਹ ਆਖਦਾ ਹੈ ਕਿ ਮਸਲਾ ਜ਼ਿੰਦਗੀ ਦਾ ਹੈ, ਘਰਾਂ ਨੂੰ ਕਿਵੇਂ ਮੁੜ ਜਾਈਏ। ਦਰਜਨਾਂ ਹੋਰ ਕਿਸਾਨ ਹਨ, ਜੋ ਇੱਕ ਦਿਨ ਵੀ ਘਰ ਨਹੀਂ ਗਏ। ਪਿੰਡ ਭੂੰਦੜ ਦਾ ਬਜ਼ੁਰਗ ਕਿਸਾਨ ਗੁਰਬਚਨ ਸਿੰਘ ਦੱਸਦਾ ਹੈ ਕਿ ਪਿਛਲੀ ਦੀਵਾਲੀ ਉਨ੍ਹਾਂ ਨੇ ਬਰਨਾਲਾ ਮੋਰਚੇ ਵਿਚ ਗੁਜ਼ਾਰੀ ਸੀ ਅਤੇ ਐਤਕੀਂ ਵੀ ਸਾਰੇ ਤਿਉਹਾਰ ਮੋਰਚੇ ਵਿਚ ਕੱਢਾਂਗੇ। ਉਹ ਆਖਦਾ ਹੈ ਕਿ ਜੇਬ ਖਾਲੀ ਵਾਲਿਆਂ ਦੀ ਕਾਹਦੀ ਦੀਵਾਲੀ ਹੈ। ਕਿਸਾਨ ਦਾ ਜਜ਼ਬਾ ਦੇਖੋ, ਆਖਦਾ ਹੈ ਕਿ ਸਮਾਂ ਘਰਾਂ ਵਿਚ ਬੈਠਣ ਦਾ ਨਹੀਂ। ਇਸ ਮੋਰਚੇ ਵਿਚ ਕਈ ਬੱਚੇ ਵੀ ਹਨ, ਜੋ ਆਪਣੇ ਦਾਦਿਆਂ ਨਾਲ ਆਉਂਦੇ ਹਨ।

ਮਹਿਲਾ ਕਿਸਾਨ ਆਗੂ ਹਰਿੰਦਰ ਕੌਰ ਬਿੰਦੂ ਆਖਦੀ ਹੈ ਕਿ ਔਰਤਾਂ ਨੇ ਵੀ ਅੰਦੋਲਨ ਵਿਚ ਦਿਨ ਰਾਤ ਬੈਠਣ ਦੀ ਜ਼ਿੱਦ ਕੀਤੀ ਸੀ, ਪਰ ਜਥੇਬੰਦੀ ਦਾ ਫੈਸਲਾ ਹੈ ਕਿ ਔਰਤਾਂ ਦਿਨ ਵੇਲੇ ਹੀ ਮੋਰਚਾ ਸੰਭਾਲਣਗੀਆਂ। ਬੁਢਲਾਡਾ ਮੰਡੀ ਵਿਚ ਭਾਜਪਾ ਆਗੂ ਦੇ ਘਰ ਅੱਗੇ ਲਾਏ ਮੋਰਚੇ ਵਿੱਚ ਪਿੰਡ ਬੱਛੋਆਣਾ ਦਾ ਕਿਸਾਨ ਪੱਪੂ ਸਿੰਘ ਦਿਨ ਰਾਤ ਪਹਿਰਾ ਦਿੰਦਾ ਹੈ। ਉਹ ਆਖਦਾ ਹੈ ਕਿ ਸਿਰ ਧੜ ਦੀ ਲੱਗੀ ਹੋਵੇ ਤਾਂ ਮੋਰਚੇ ਖਾਲੀ ਛੱਡਣੇ ਸ਼ੋਭਦੇ ਨਹੀਂ। ਬਰਨਾਲਾ ਦੇ ਰੇਲਵੇ ਸਟੇਸ਼ਨ ਲਾਗੇ ਕਿਸਾਨ ਮੋਰਚੇ ਵਿਚ ਖੁੱਡੀ ਕਲਾਂ ਦੇ ਦੋ ਕਿਸਾਨ ਪਹਿਲੀ ਅਕਤੂਬਰ ਤੋਂ ਡਟੇ ਹੋਏ ਹਨ। ਕਿਸਾਨ ਆਗੂ ਬਾਬੂ ਸਿੰਘ ਆਖਦਾ ਹੈ ਕਿ ਪਿਛਲੇ ਸਾਲ ਮਨਜੀਤ ਧਨੇਰ ਦੀ ਰਿਹਾਈ ਵਾਲੇ ਮੋਰਚੇ ਵਿਚ 47 ਦਿਨ ਲਾਏ ਸਨ। ਉਹ ਆਖਦਾ ਹੈ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਪਰਿਵਾਰ ਵੀ ਸੜਕਾਂ ’ਤੇ ਬਿਠਾਉਣੇ ਪਏ ਤਾਂ ਬੱਚਿਆਂ ਨੂੰ ਵੀ ਲੈ ਆਵਾਂਗੇ। ਕਿਸਾਨ ਸੁਰਜੀਤ ਸਿੰਘ ਮੁਜਾਰਾ ਹੈ। ਉਹ ਆਖਦਾ ਹੈ ਕਿ ਆਖਰ ਤੱਕ ਲੜਾਂਗੇ। ਖੇਤੀ ਕਾਨੂੰਨਾਂ ਖਿਲਾਫ ਪੰਜਾਬ ਦੀ ਧਰਤੀ ਤੋਂ 24 ਸਤੰਬਰ ਤੋਂ ਅੰਦੋਲਨ ਛਿੜਿਆ ਹੈ ਜੋ ਲਗਾਤਾਰ ਜਾਰੀ ਹੈ। ਕਦੇ ਸੜਕਾਂ ’ਤੇ ਅਤੇ ਕਦੇ ਰੇਲ ਮਾਰਗਾਂ ’ਤੇ। ਗਰਮੀ ਸਰਦੀ ਅਤੇ ਤਿੱਥ ਤਿਉਹਾਰ ਕਿਸਾਨ ਅੰਦੋਲਨ ਵਿਚ ਮਨਾਉਣ ਵਾਲੇ ਕਿਸਾਨਾਂ ਦੀ ਕੋਈ ਕਮੀ ਨਹੀਂ ਹੈ। ਇਨ੍ਹਾਂ ਕਿਸਾਨਾਂ ਦਾ ਸਿਰੜ ਕੇਂਦਰ ਨੂੰ ਮੋੜਾ ਦਿੰਦਾ ਹੈ ਜਾਂ ਨਹੀਂ, ਇਹ ਵੇਖਣਾ ਹੋਵੇਗਾ।

ਇੱਕ ਸ਼ਾਹੀਨ ਬਾਗ਼ ਏਹ ਵੀ….!

ਕਿਸਾਨ ਅੰਦੋਲਨ ਨੇ ਵੀ ਇੱਕ ਨਵੀਂ ਤਰ੍ਹਾਂ ਦੇ ਸ਼ਾਹੀਨ ਬਾਗ਼ ਉਸਾਰੇ ਹਨ। ਬਰਨਾਲਾ ਵਿਚ ਦਾਦੀਆਂ ਦੀ ਸੋਟੀ ਫੜ ਕੇ ਪੋਤੀਆਂ ਵੀ ਆ ਰਹੀਆਂ ਹਨ। ਪਿੰਡ ਕਰਮਗੜ੍ਹ ਦੀ 12 ਸਾਲਾ ਸਕੂਲ ਵਿਦਿਆਰਥਣ ਸਵਨਪ੍ਰੀਤ ਮਹੀਨੇ ਤੋਂ ਪੜ੍ਹਾਈ ਦੇ ਨਾਲ ਨਾਲ ਅੰਦੋਲਨ ਵਿਚ ਵੀ ਆ ਰਹੀ ਹੈ। ਉਹ ਆਪਣੀ ਦਾਦੀ ਮਹਿੰਦਰ ਕੌਰ ਨਾਲ ਮੋਰਚੇ ’ਚ ਬੈਠਦੀ ਹੈ। ਸਵਨਪ੍ਰੀਤ ਦਾ ਦਾਦਾ ਮੁਖਤਿਆਰ ਸਿੰਘ, ਬਾਪੂ ਪਰਮਪਾਲ ਸਿੰਘ ਅਤੇ ਛੋਟਾ ਭਰਾ ਤਰਨਜੋਤ ਵੀ ਲਗਾਤਾਰ ਮੋਰਚੇ ’ਚ ਹਾਜ਼ਰੀ ਭਰਦੇ ਹਨ। ਸਕੂਲੀ ਬੱਚੀ ਗੁਰਬੀਰ ਕੌਰ ਵੀ ਆਪਣੀ ਮਾਂ ਅਮਨਦੀਪ ਕੌਰ ਅਤੇ ਤਾਈ ਜਸਪਾਲ ਕੌਰ ਨਾਲ ਮੋਰਚੇ ਵਿਚ ਆਉਂਦੀ ਹੈ। ਮਹਿਲ ਕਲਾਂ ਟੌਲ ਪਲਾਜ਼ੇ ’ਤੇ ਸਕੂਲੀ ਬੱਚੀ ਖੁਸ਼ਮੀਤ ਵੀ ਆਪਣੀ ਦਾਦੀ ਸਮੇਤ ਅੰਦੋਲਨ ਵਿਚ ਸ਼ਮੂਲੀਅਤ ਕਰਦੀ ਹੈ।

Leave a Reply

Your email address will not be published. Required fields are marked *