ਅਸ਼ਵਨੀ ਸ਼ਰਮਾ ਨੂੰ ਭਾਜਪਾ ਵਾਲਿਆਂ ਨੇ ਹੀ ਸੁਣਾਈਆਂ ਖਰੀਆਂ-ਖਰੀਆਂ

ਫਗਵਾੜਾ : ਨਗਰ ਨਿਗਮ ਦੀਆਂ ਸੰਭਾਵੀ ਚੋਣਾਂ ਸਬੰਧੀ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਅੱਜ ਆਪਣੀ ਹੀ ਪਾਰਟੀ ਦੇ ਆਗੂਆਂ ਕੋਲੋਂ ਖਰੀਆਂ-ਖਰੀਆਂ ਸੁਣਨੀਆਂ ਪਈਆਂ। ਆਗੂਆਂ ਨੇ ਅਸ਼ਵਨੀ ਸ਼ਰਮਾ ਨੂੰ ਆਖਿਆ ਕਿ ਜੇਕਰ ਉਹ ਸੱਚਮੁਚ ਕੋਈ ਸੀਟ ਜਿੱਤਣੀ ਚਾਹੁੰਦੇ ਹਨ ਤਾਂ ਕਿਸਾਨੀ ਕਾਨੂੰਨਾਂ ਵਾਲਾ ਮਸਲਾ ਫੌਰੀ ਹੱਲ ਕੀਤਾ ਜਾਵੇ।

ਜਾਣਕਾਰੀ ਅਨੁਸਾਰ ਇੱਥੇ ਸਤਨਾਮਪੁਰਾ ਖੇਤਰ ਦੇ ਇਕ ਹੋਟਲ ਵਿੱਚ ਸ੍ਰੀ ਸ਼ਰਮਾ ਨੇ ਭਾਜਪਾ ਆਗੂਆਂ ਨਾਲ ਮੀਟਿੰਗ ਰੱਖੀ ਸੀ। ਜਦੋਂ ਉਨ੍ਹਾਂ ਵੱਖ ਵੱਖ ਆਗੂਆਂ ਦੇ ਵਿਚਾਰ ਸੁਣਨੇ ਚਾਹੇ ਤਾਂ ਪੰਜਾਬ ਭਾਜਪਾ ਦੇ ਬੁਲਾਰੇ ਅਵਤਾਰ ਸਿੰਘ ਮੰਡ ਤੇ ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਜੋ ਖ਼ੁਦ ਹੀ ਕਿਸਾਨ ਹਨ, ਨੇ ਆਖਿਆ ਕਿ ਕਿਸਾਨਾਂ ਦੇ ਮਸਲੇ ਤੁਰੰਤ ਹੱਲ ਕਰਵਾਉਣ ਲਈ ਕੇਂਦਰ ਨੂੰ ਅਪੀਲ ਕਰਨੀ ਚਾਹੀਦੀ ਹੈ, ਨਹੀਂ ਤਾਂ ਪਾਰਟੀ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ।

ਪਾਰਟੀ ਪ੍ਰਧਾਨ ਨੇ ਆਗੂਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਉੱਚ ਪੱਧਰ ’ਤੇ ਗੱਲਬਾਤ ਚੱਲ ਰਹੀ ਹੈ ਤੇ ਉਹ ਖੁਦ ਚਾਹੁੰਦੇ ਹਨ ਕਿ ਇਸ ਮਸਲੇ ਦਾ ਹੱਲ ਨਿਕਲੇ। ਉਨ੍ਹਾਂ ਆਖਿਆ ਕਿ ਚੋਣਾਂ ਸਬੰਧੀ ਜਲਦੀ ਹੀ ਰਣਨੀਤੀ ਤੈਅ ਕਰਨ ਦਾ ਫ਼ੈਸਲਾ ਕਰਕੇ ਇਕ ਕਮੇਟੀ ਬਣਾਈ ਜਾਵੇਗੀ।

ਭਾਜਪਾ ਆਗੂ ਮੰਡ ਨੇ ਆਖਿਆ ਕਿ ਖੇਤੀ ਕਾਨੂੰਨਾਂ ਖ਼ਿਲਾਫ਼ ਸੰਘਰਸ਼ ਕਰ ਰਹੇ ਕਿਸਾਨਾਂ ਬਾਰੇ ਭਾਜਪਾ ਵਰਕਰ ਮਾੜੀ ਸ਼ਬਦਾਵਲੀ ਵਰਤ ਰਹੇ ਹਨ। ਕਿਸਾਨਾਂ ਨੂੰ ਅਤਿਵਾਦੀ ਕਹਿਣਾ ਜਾਂ ਸ਼ਾਹੀਨ ਬਾਗ਼ ਨਾਲ ਜੋੜਨਾ ਸਰਾਸਰ ਗ਼ਲਤ ਹੈ। ਉਨ੍ਹਾਂ ਕਿਹਾ ਇਸ ਸੰਘਰਸ਼ ਨੂੰ ਧਰਮ ਨਾਲ ਵੀ ਨਾ ਜੋੜ ਕੇ ਦੇਖਿਆ ਜਾਵੇ ਤੇ ਕਿਸਾਨਾਂ ਦੇ ਹੱਕਾਂ ਦੀ ਰਾਖੀ ਕਰਨਾ ਉਨ੍ਹਾਂ ਦਾ ਫਰਜ਼ ਹੈ ਅਤੇ ਇਹ ਮਸਲਾ ਜਲਦ ਤੋਂ ਜਲਦ ਹੱਲ ਕਰਵਾਇਆ ਜਾਵੇ। ਇਸ ਮੰਗ ਨੂੰ ਸਵੀਕਾਰ ਕਰਦੇ ਹੋਏ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਭਾਜਪਾ ਕਿਸਾਨਾ ਦਾ ਸਤਿਕਾਰ ਕਰਦੀ ਹੈ। ਪੰਜਾਬ ਭਾਜਪਾ ਦੇ ਕਿਸੇ ਵੀ ਆਗੂ ਵੱਲੋਂ ਅਜਿਹਾ ਕਿਹਾ ਜਾਣਾ ਮੰਦਭਾਗਾ ਹੈ ਅਤੇ ਉਹ ਅੱਜ ਇਸ ਮੰਚ ਤੋਂ ਭਾਜਪਾ ਦੇ ਸਾਰੇ ਵਰਕਰਾਂ ਨੂੰ ਵੀ ਕਹਿਣਾ ਚਾਹੁੰਦੇ ਹਨ ਕਿ ਕੋਈ ਵੀ ਭਾਜਪਾ ਦਾ ਵਰਕਰ ਸੋਸ਼ਲ ਮੀਡੀਆ ਜਾ ਕਿਸੇ ਵੀ ਸਥਾਨ ਦੇ ਉਪਰ ਕਿਸਾਨਾਂ ਪ੍ਰਤੀ ਕੋਈ ਵੀ ਮਾੜੀ ਸ਼ਬਦਾਬਲੀ ਨਾ ਵਰਤੇ।

ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਅੱਜ ਇੱਥੇ ਪੁੱਜਣ ’ਤੇ ਯੂਥ ਕਾਂਗਰਸ ਨੇ ਤਿੱਖਾ ਵਿਰੋਧ ਕੀਤਾ ਤੇ ਉਨ੍ਹਾਂ ਨੂੰ ਕਾਲੀਆਂ ਝੰਡੀਆਂ ਦਿਖਾਈਆਂ। ਯੂਥ ਕਾਂਗਰਸੀਆਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਖੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ ਕੀਤੀ। ਸ੍ਰੀ ਸ਼ਰਮਾ ਅੱਜ ਫਗਵਾੜਾ ਵਿਚ ਪਾਰਟੀ ਵਰਕਰਾਂ ਨਾਲ ਮੀਟਿੰਗ ਕਰਨ ਲਈ ਆਏ ਸਨ। ਜਿਵੇਂ ਹੀ ਭਾਜਪਾ ਪ੍ਰਧਾਨ ਅੱਜ ਇੱਕ ਹੋਟਲ ’ਚ ਪਾਰਟੀ ਵਰਕਰਾਂ ਨੂੰ ਮਿਲਣ ਲਈ ਪੁੱਜੇ ਤਾਂ ਯੂਥ ਕਾਂਗਰਸਆਂ ਨੇ ਜ਼ਿਲ੍ਹਾ ਪ੍ਰਧਾਨ ਸੌਰਵ ਖੁੱਲਰ ਦੀ ਅਗਵਾਈ ’ਚ ਉਨ੍ਹਾਂ ਦਾ ਵਿਰੋਧ ਕੀਤਾ ਅਤੇ ਭਾਜਪਾ ਖ਼ਿਲਾਫ਼ ਨਾਅਰੇ ਲਾਏ। ਇਸ ਦੌਰਾਨ ਡੀਐੱਸਪੀ ਪਰਮਜੀਤ ਸਿੰਘ ਤੇ ਐੱਸਐੱਚਓ ਊਸ਼ਾ ਰਾਣੀ ਨੇ ਪੁੱਜ ਕੇ ਧਰਨਾਕਾਰੀਆਂ ਨੂੰ ਸ਼ਾਂਤ ਕੀਤਾ।

ਬਟਾਲਾ ਵਿੱਚ ਕਿਸਾਨਾਂ ਨੇ ਘੇਰੇ ਭਾਜਪਾ ਆਗੂ

ਬਟਾਲਾ : ਦਿੱਲੀ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਕੇਂਦਰ ਸਰਕਾਰ ਖ਼ਿਲਾਫ਼ ਚੱਲ ਰਹੇ ਅੰਦੋਲਨ ਦਾ ਅਸਰ ਇੱਥੇ ਵੀ ਵੇਖਣ ਨੂੰ ਮਿਲ ਰਿਹਾ ਹੈ ਅਤੇ ਭਾਜਪਾ ਆਗੂਆਂ ਨੂੰ ਕਿਸਾਨ ਜਥੇਬੰਦੀਆਂ ਅਤੇ ਹੋਰ ਕਿਸਾਨ ਹਿਤੈਸ਼ੀਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਕੇਸ਼ ਭਾਟੀਆ ਦੀ ਅਗਵਾਈ ਹੇਠ ਸਥਾਨਕ ਬਟਾਲਾ ਕਲੱਬ ਵਿੱਚ ਭਾਜਪਾ ਦੀ ਇੱਕ ਅਹਿਮ ਮੀਟਿੰਗ ਹੋ ਰਹੀ ਸੀ, ਜਿਸ ਵਿੱਚ ਹਿੱਸਾ ਲੈਣ ਲਈ ਰਾਜ ਸਭਾ ਮੈਂਬਰ ਅਤੇ ਸਾਬਕਾ ਭਾਜਪਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਅਤੇ ਜ਼ਿਲ੍ਹਾ ਅੰਮ੍ਰਿਤਸਰ ਦੇ ਇੰਚਾਰਜ ਨਰੇਸ਼ ਪ੍ਰਭਾਰੀ ਸਮੇਤ ਹੋਰ ਆਗੂ ਆਏ ਹੋਏ ਸਨ। ਇਸਦੀ ਭਿਣਕ ਪੈਂਦਿਆਂ ਹੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ (ਮਾਝਾ), ਲੋਕ ਇਨਸਾਫ ਪਾਰਟੀ ਅਤੇ ਸਤਿਕਾਰ ਕਮੇਟੀ ਦੇ ਆਗੂਆਂ ਨੇ ਮੀਟਿੰਗ ਕਰ ਰਹੇ ਭਾਜਪਾ ਆਗੂਆਂ ਨੂੰ ਆ ਘੇਰਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਭਾਜਪਾ ਆਗੂ ਸਮੇਂ ਤੋਂ ਪਹਿਲਾਂ ਹੀ ਮੀਟਿੰਗ ਖਤਮ ਕਰਕੇ ਉਥੋਂ ਖਿਸਕ ਗਏ ਅਤੇ ਪੁਲੀਸ ਨੇ ਦੂਜੇ ਰਸਤੇ ਰਾਹੀਂ ਬੜੀ ਜੱਦੋਜਹਿਦ ਨਾਲ ਭਾਜਪਾ ਆਗੂਆਂ ਨੂੰ ਉੱਥੋਂ ਕੱਢਿਆ। ਕਿਸਾਨ ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਓਨੀ ਦੇਰ ਭਾਜਪਾ ਆਗੂਆਂ ਦਾ ਵਿਰੋਧ ਹੁੰਦਾ ਰਹੇਗਾ।

Leave a Reply

Your email address will not be published. Required fields are marked *