ਜਾਗ ਪਏ ਧਰਤੀ ਦੇ ਜਾਏ ਜਾਗ ਪਏ

ਚਰਨਜੀਤ ਭੁੱਲਰ

ਚੰਡੀਗੜ੍ਹ : ਕਿਸਾਨ ਅੰਦੋਲਨ ਨੇ ਪੰਜਾਬ ਵਿਚ ਨਵਾਂ ਜਾਗ ਲਾਇਆ ਹੈ। ਗਲੋਬਲ ਪਿੰਡ ’ਚ ਕਿਸਾਨ ਨਾਇਕ ਵਜੋਂ ਉਭਰਿਆ ਹੈ। ਨਵੇਂ ਰਾਹ ਬਣਾਏ ਹਨ ਅਤੇ ਵਿੱਥਾਂ ਨੂੰ ਭਰਿਆ ਹੈ। ਬਠਿੰਡਾ ਦੇ ਪਿੰਡ ਮੰਡੀ ਕਲਾਂ ਦੇ ਹਰਜਸ ਸਿੰਘ ਨੇ ਜਦੋਂ ਕਿਸਾਨ ਆਗੂਆਂ ਦੀ ਸਾਦਗੀ ਦੇਖੀ ਤਾਂ ਉਸ ਨੇ ਆਪਣੀ ਬੋਲੇਰੋ ਗੱਡੀ ਦੀ ਚਾਬੀ ਕਿਸਾਨ ਯੂਨੀਅਨ ਨੂੰ ਸੌਂਪ ਦਿੱਤੀ। ਹਰਜਸ ਸਿੰਘ ਆਖਦਾ ਹੈ ਕਿ ਬੀ.ਕੇ.ਯੂ (ਸਿੱਧੂਪੁਰ) ਦਾ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਖੇਤੀ ਕਰਦਾ ਹੈ ਅਤੇ ਬੱਸ ’ਤੇ ਸਫ਼ਰ ਕਰਦਾ ਹੈ। ਹਰਜਸ ਸਿੰਘ ਨੂੰ ਜਦੋਂ ਪਤਾ ਲੱਗਿਆ ਕਿ ਇਸੇ ਯੂਨੀਅਨ ਦਾ ਇੱਕ ਜ਼ਿਲ੍ਹਾ ਆਗੂ ਮੋਟਰਸਾਈਕਲ ’ਤੇ ਦਿੱਲੀ ਮੋਰਚੇ ’ਤੇ ਗਿਆ ਹੈ ਤਾਂ ਉਸ ਦਾ ਮਨ ਝੰਜੋੜਿਆ ਗਿਆ। ਉਸ ਨੇ ਆਪਣੀ ਬੋਲੈਰੋ ਗੱਡੀ ਇਨ੍ਹਾਂ ਆਗੂਆਂ ਨੂੰ ਸੌਂਪ ਦਿੱਤੀ। ਸਹਿਕਾਰੀ ਅਧਿਕਾਰੀ ਹਰਮੀਤ ਿਸੰਘ (ਏਆਰ) ਨੇ ਕਿਸਾਨ ਆਗੂਆਂ ਨੂੰ 1.10 ਲੱਖ ਰੁਪਏ ਿਵੱਚ ਸਾਊਂਡ, ਟੈਂਟ ਆਦਿ ਦਾ ਸਾਮਾਨ ਲੈ ਕੇ ਦੇ ਦਿੱਤਾ। ਦਿੱਲੀ ਮੋਰਚੇ ਵਿਚ ਕੁਝ ਪਰਵਾਸੀ ਪੰਜਾਬੀਆਂ ਨੇ ਡੈਨਮਾਰਕ ਦੇ ਲੂਹੇ ਦੁੱਧ ਦਾ ਲੰਗਰ ਲਾ ਦਿੱਤਾ, ਜੋ ਵੰਡਿਆ ਜਾ ਰਿਹਾ ਹੈ। ਲੂਹੇ ਦੁੱਧ ਦੇ ਉਤਪਾਦ ਦਾ ਇੱਕ ਚਮਚਾ ਲੈਣ ਨਾਲ ਸਰਦੀ ਨਹੀਂ ਲੱਗਦੀ। ਇਸੇ ਤਰ੍ਹਾਂ ਮੋਗਾ ਅਤੇ ਅੰਮ੍ਰਿਤਸਰ ਦੇ ਦੋ ਮਹੰਤਾਂ, ਜੋ ਅਕਸਰ ਵਧਾਈ ਮੰਗ ਕੇ ਗੁਜ਼ਾਰਾ ਕਰਦੇ ਹਨ, ਨੇ ਦਿੱਲੀ ਮੋਰਚੇ ਲਈ 5100-5100 ਰੁਪਏ ਭੇਜੇ ਹਨ। ਸੰਗਰੂਰ ਜ਼ਿਲ੍ਹੇ ਦਾ ਸੁਖਪਾਲ ਸਿੰਘ ਮਾਣਕ ਆਪਣਾ ਦੁੱਧ ਦਾ ਕਾਰੋਬਾਰ ਛੱਡ ਕੇ ਦਿੱਲੀ ਮੋਰਚੇ ਵਿਚ ਬੈਠ ਗਿਆ। ਉਸ ਨੇ ਪਰਿਵਾਰ ਨੂੰ ਸੁਨੇਹਾ ਭੇਜ ਦਿੱਤਾ ਕਿ ਉਸ ਦੀ ਉਡੀਕ ਨਾ ਕਰਨ। ਕਿਸਾਨ ਅੰਦੋਲਨ ਸਰਬ ਸਾਂਝਾ ਘੋਲ ਬਣ ਗਿਆ ਹੈ, ਜਿਸ ’ਚ ਹਿੱਸੇਦਾਰੀ ਪਾਉਣਾ ਹਰ ਕੋਈ ਆਪਣਾ ਇਖ਼ਲਾਕੀ ਫ਼ਰਜ਼ ਸਮਝਣ ਲੱਗਿਆ ਹੈ।   ਮਲੋਟ ਇਲਾਕੇ ਵਿਚ ਇੱਕ ਵਿਆਹ ਦੀ ਰਿਸੈਪਸ਼ਨ ਮੌਕੇ ਮਾਪਿਆਂ ਨੇ ਲੋਕਾਂ ਤੋਂ ਸ਼ਗਨ ਨਹੀਂ ਲਿਆ ਬਲਕਿ ਸਮਾਗਮ ਵਿਚ ਇੱਕ ਡੱਬਾ ਰੱਖ ਕੇ ਸਟੇਜ ਤੋਂ ਐਲਾਨ ਕਰਵਾਇਆ ਕਿ ਮਹਿਮਾਨ ਸ਼ਗਨ ਨਾ ਦੇਣ ਬਲਕਿ ਡੱਬੇ ਵਿਚ ਸਵੈ-ਇੱਛਾ ਨਾਲ ਦਾਨ ਪਾ ਜਾਣ। ਇਹ ਡੱਬਾ ਕਿਸਾਨ ਅੰਦੋਲਨ ਲਈ ਰੱਖਿਆ ਗਿਆ ਸੀ। ਮਾਲਵਾ ਖ਼ਿੱਤੇ ਦੇ ਦਰਜਨਾਂ ਵਿਆਹ ਸਮਾਰੋਹਾਂ ਵਿਚ ਜਦੋਂ ਡੀਜੇ ਲੱਗਿਆ ਤਾਂ ਨੌਜਵਾਨਾਂ ਨੇ ਕਿਸਾਨੀ ਵਾਲੇ ਗਾਣਿਆਂ ਨੂੰ ਤਰਜੀਹ ਦਿੱਤੀ।  ਕਿਸਾਨ ਘੋਲ ਨੇ ਖੁਸ਼ੀ-ਗਮੀ ਸਮਾਗਮਾਂ ਦੇ ਰੰਗ ਵੀ ਬਦਲ ਦਿੱਤੇ ਹਨ। ਨਾਭਾ ਦੇ ਪਿੰਡ ਦੁਲੱਦੀ ਵਿਚ ਵਿਆਹ ਪ੍ਰੋਗਰਾਮ ’ਚ ਜਦੋਂ ਜਾਗੋ ਕੱਢੀ ਗਈ ਤਾਂ ਕਿਸਾਨ ਘੋਲ ਦੀ ਹਮਾਇਤ ਵਿਚ ਨਾਅਰੇ ਲਾਏ ਗਏ। ਲੰਘੇ ਦਿਨਾਂ ’ਚ ਦਰਜਨਾਂ ਵਿਆਹ ਸਮਾਗਮਾਂ ਦੌਰਾਨ ਲਾੜਿਆਂ ਨੇ ਬਰਾਤੀ ਗੱਡੀ ਅੱਗੇ ਕਿਸਾਨ ਯੂਨੀਅਨ ਦਾ ਝੰਡਾ ਲਾਇਆ ਹੈ। ਇਸ ਜ਼ਿਲ੍ਹੇ ਦੇ ਪਿੰਡ ਸਕਰੌਦੀ ਦੇ ਲੋਕਾਂ ਨੇ ਇਕੱਠੇ ਹੋ ਕੇ ਨਵਾਂ ਫ਼ੈਸਲਾ ਕੀਤਾ ਹੈ। ਪਿੰਡ ਵਾਸੀ ਤੇ ਸਾਬਕਾ ਇੰਸਪੈਕਟਰ (ਪੀਆਰਟੀਸੀ) ਨਿਰੰਜਨ ਸਿੰਘ ਗਰੇਵਾਲ ਨੇ ਦੱਸਿਆ ਕਿ ਸਮੁੱਚੇ ਪਿੰਡ ਵਾਸੀਆਂ ਨੇ ਫ਼ੈਸਲਾ ਕੀਤਾ ਹੈ ਕਿ ਜਿਸ ਪਰਿਵਾਰ ਦਾ ਕੋਈ ਜੀਅ ‘ਦਿੱਲੀ ਮੋਰਚੇ’ ਵਿਚ ਨਹੀਂ ਜਾਵੇਗਾ, ਉਸ ਦਾ ਬਾਈਕਾਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਪਿੰਡ ’ਚੋਂ ਲੋਕ ਦਿੱਲੀ ਮੋਰਚੇ ਵਿਚ ਜਾਣ ਲੱਗੇ ਹਨ। ਇਵੇਂ ਹੀ ਤਲਵੰਡੀ ਸਾਬੋ ਇਲਾਕੇ ਦੇ ਦੋ ਹਲਵਾਈ ਸਰਬੀ ਅਤੇ ਸਤਿਨਾਮ ਨੇ ਆਪਣਾ ਕੰਮ ਬੰਦ ਕਰਕੇ ਦਿੱਲੀ ਮੋਰਚੇ ਵਿਚ ਡੇਰੇ ਲਾ ਲਏ ਹਨ, ਜੋ ਲੰਗਰ ਤਿਆਰ ਕਰਾਉਣ ਵਿਚ ਜੁਟੇ ਹੋਏ ਹਨ। ਚਮਕੌਰ ਸਾਹਿਬ ਤੋਂ ਸਵਰਨ ਭੰਗੂ ਤੇ ਗੁਰਪ੍ਰੀਤ ਕੌਰ ਭੰਗੂ ਤੋਂ ਇਲਾਵਾ ਮਲਕੀਤ ਰੌਣੀ ਨੇ ਦਿੱਲੀ ਮੋਰਚੇ ਵਿਚ ਇੱਕ ਹਜ਼ਾਰ ਕੰਬਲ ਅਤੇ 500 ਸ਼ਾਲ ਭੇਜੇ ਹਨ। ਹਰਿਆਣਾ ਦੇ ਪਿੰਡ ਕਾਰਾ ਵਿਚ ਪੰਚਾਇਤ ਦਾ ਸਾਂਝਾ ਮੱਛੀ ਫਾਰਮ ਹੈ, ਜਿਥੋਂ ਦਾ ਅਨਿਲ ਦੱਸਦਾ ਹੈ ਕਿ ਪੰਚਾਇਤ ਨੇ ਫ਼ੈਸਲਾ ਕੀਤਾ ਹੈ ਕਿ ਮੱਛੀ ਫਾਰਮ ਦੀ ਸਾਰੀ ਕਮਾਈ ਕਿਸਾਨ ਘੋਲ ’ਤੇ ਲਾਈ ਜਾਵੇਗੀ। 

ਯੋਧਿਆਂ ਦੇ ਇਤਿਹਾਸ ਨੇ ਭਰਿਆ ਜੋਸ਼

ਪੀ.ਏ.ਯੂ ਦੇ ਖੇਤੀ ਮਾਹਿਰ ਡਾ. ਸੁਖਪਾਲ ਸਿੰਘ ਨੇ ਦੱਸਿਆ ਕਿ ਕਿਸਾਨ ਘੋਲ ਨੇ ਪੰਜਾਬ ਦੇ ਸਭ ਦਾਗ ਧੋ ਸੁੱਟੇ ਹਨ ਅਤੇ ਪੰਜਾਬ ਦੀ ਗੁਆਚੀ ਆਨ-ਸ਼ਾਨ ਮੁੜ ਪਰਤ ਆਈ ਹੈ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚਾਰ ਗੁਰਸਿੱਖ ਨੌਜਵਾਨਾਂ ਨੇ ਦਰਦਾਂ ਨਾਲ ਕੁਰਲਾ ਰਹੀ ਗਰਭਵਤੀ ਮਹਿਲਾ ਨੂੰ ਹਸਪਤਾਲ ਭਰਤੀ ਕਰਾਇਆ।  ਦਿੱਲੀ ਦੀ ਲੜਕੀ ਕੁਲਦੀਪ ਕੌਰ ਨੇ ਦਿੱਲੀ ਮੋਰਚੇ ’ਚ ਭਾਸ਼ਣ ਸੁਣਨ ਮਗਰੋਂ ਕਿਹਾ ਕਿ ਉਸ ਨੂੰ ਮਾਪਿਆਂ ਨੇ ਕਦੇ ਭਗਤ ਸਿੰਘ ਤੇ ਹੋਰਨਾਂ ਯੋਧਿਆਂ ਬਾਰੇ ਨਹੀਂ ਦੱਸਿਆ ਸੀ, ਇਸ ਕਰਕੇ ਹੁਣ ਉਸ ਨੇ ਪੂਰਾ ਇਤਿਹਾਸ ਪੜ੍ਹਨ ਦਾ ਅਹਿਦ ਲਿਆ ਹੈ। ਨਸ਼ਾ ਵਿਰੋਧੀ ਮੰਚ ਤਲਵੰਡੀ ਸਾਬੋ ਦੇ ਨੌਜਵਾਨ ਰੁਪਿੰਦਰ ਸਿੰਘ ਅਤੇ ਮੇਜਰ ਸਿੰਘ ਨੇ ਅੱਜ ਦਿੱਲੀ ਮੋਰਚੇ ’ਚ ਕੁਝ ਦਿਨਾਂ ਦੀ ਠਹਿਰ ਮਗਰੋਂ ਦੱਸਿਆ ਕਿ ਦੁਨੀਆ ਵਿਚ ਪੰਜਾਬੀਆਂ ਦੀ ਭੱਲ ਸਿਖ਼ਰ ਵੱਲ ਵਧੀ ਹੈ। ਉਨ੍ਹਾਂ ਦੱਸਿਆ ਕਿ ਟਵਿੱਟਰ ’ਤੇ ਦੂਸਰੇ ਸੂਬਿਆਂ ਦੇ ਲੱਖਾਂ ਲੋਕਾਂ ਨੇ ਪੰਜਾਬੀ ਭਾਸ਼ਾ ਸਿੱਖਣ ਵਿਚ ਰੁਚੀ ਦਿਖਾਈ ਹੈ। 

Leave a Reply

Your email address will not be published. Required fields are marked *