ਲਹਿਰਾਗਾਗਾ: ਨੌਜਵਾਨ ਨੂੰ ਅਗਵਾ ਕਰਕੇ ਕਤਲ ਕੀਤਾ

ਲਹਿਰਾਗਾਗਾ : ਇਥੋ ਦੇ ਅਮਨਦੀਪ ਸਿੰਘ ਹੈਪੀ (38) ਪੁੱਤਰ ਮਰਹੂਮ ਈਸ਼ਰ ਸਿੰਘ ਪਾਪੜਾ ਨੂੰ ਕੁਝ ਲੋਕਾਂ ਨੇ ਬੀਤੀ ਰਾਤ ਸੈਰ ਕਰਦੇ ਸਮੇਂ ਅਗਵਾ ਕਰਕੇ ਬੇਅਬਾਦ ਸ਼ਿਵਾ ਕਲੋਨੀ ਵਿੱਚ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ। ਉਪ ਪੁਲੀਸ ਕਪਤਾਨ ਰੌਸ਼ਨ ਲਾਲ ਦੀ ਅਗਵਾਈ ’ਚ ਭਾਰੀ ਗਿਣਤੀ ’ਚ ਪਹੁੰਚੀ ਪੁਲੀਸ ਪਾਰਟੀ ਤੁਰੰਤ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜੇ ’ਚ ਲੈ ਕੇ ਪੋਸਟਮਾਟਰਮ ਲਈ ਭੇਜ ਦਿੱਤਾ ਹੈ। ਸਦਰ ਪੁਲੀਸ ਮੁੱਖੀ ਵਿਜੈ ਪਾਲ ਤੇ ਸਿਟੀ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਰਮਨਦੀਪ ਕੌਰ ਦੇ ਬਿਆਨ ’ਤੇ ਮਲਕੀਤ ਸਿੰੰਘ ਬਲਰਾਂ ਹਮੀਰਗੜ੍ਹ, ਜਸਵੀਰ ਸਿੰਘ ਲਾਲੂ, ਸੱਤਪਾਲ ਸਿੰਘ ਸੱਤੂ ਸਣੇ ਅਣਪਛਾਤਿਆਂ ਖ਼ਿਲਾਫ਼ ਧਾਰਾ 302 ਅਧੀਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਨੁਸਾਰ ਅਮਨਦੀਪ ਸਿੰਘ ਹੈਪੀ ਨੂੰ ਮਲਕੀਤ ਸਿੰਘ ਬੱਲਰਾਂ ਖ਼ਿਲਾਫ਼ ਕੇਸ ਦੀ ਪੈਰਵੀ ਕਰਨ ਦੀ ਰੰਜ਼ਿਸ਼ ਕਰਕੇ ਕਤਲ ਕੀਤਾ ਗਿਆ ਹੈ। ਰਮਨਦੀਪ ਕੌਰ ਨੇ ਦੱਸਿਆ ਕਿ ਹੈਪੀ ਰਾਤ ਨੂੰ ਰੋਟੀ ਖਾ ਕੇ ਬੱਸ ਅੱਡੇ ਵੱਲ ਸ਼ੈਰ ਕਰ ਰਹੇ ਸਨ ਤਾਂ ਕਈ ਗੱਡੀਆਂ ’ਚ ਆਏ ਹਮਲਾਵਰਾਂ ਨੇ ਉਸ ਨੂੰ ਅਗਵਾ ਕਰ ਲਿਆ ਤੇ ਉਸ ਸ਼ਿਵਾ ਕਲੋਨੀ ’ਚ ਵੱਢੀ ਕੱਟੀ ਲਾਸ਼ ਮਿਲੀ। ਇਲਾਕੇ ਦਾ ਚਰਚਿਤ ਆਗੂ ਮਲਕੀਤ ਸਿੰਘ ਬਲਰਾਂ ਹਾਲ ਹਮੀਰਗੜ੍ਹ ਦਾ ਆਪਣੀ ਪਤਨੀ ਅਤੇ ਅਮਨਦੀਪ ਸਿੰਘ ਹੈਪੀ ਦੀ ਮਾਸੀ ਹਰਪ੍ਰੀਤ ਕੌਰ ਨਾਲ ਅਦਾਲਤਾਂ ’ਚ ਕੇਸ ਚਲਦਾ ਸੀ ਅਤੇ ਅਮਨਦੀਪ ਸਿੰਘ ਹੈਪੀ ਉਸ ਨਾਲ ਕੇਸਾਂ ਦੀ ਪੈਰਵੀ ਕਰਦਾ ਸੀੇ। ਹੈਪੀ ਪੰਜਾਬੀ ਲੇਖਕ, ਗਾਇਕ, ਨਾਟਕਕਾਰ ਅਤੇ ਪੱਤਰਕਾਰ ਡਾ. ਜਗਦੀਸ਼ ਪਾਪੜਾ ਦਾ ਸਕਾ ਭਤੀਜਾ ਸੀ।

Leave a Reply

Your email address will not be published. Required fields are marked *