ਗੂੰਗੀ ਮਾਂ ਤੇ ਅਪਾਹਜ ਪੁੱਤ ਦਾ ਕਤਲ

ਸ਼ਾਹਕੋਟ : ਥਾਣਾ ਲੋਹੀਆਂ ਖਾਸ ਅਧੀਨ ਆਉਂਦੇ ਪਿੰਡ ਅਲੀਵਾਲ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਗੂੰਗੀ ਮਾਂ ਤੇ ਅਪਾਹਜ ਪੁੱਤ ਦਾ ਬੜੀ ਬੇਰਹਿਮੀ ਨਾਲ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।

ਪਿੰਡ ਅਲੀਵਾਲ ਵਿੱਚ ਭੋਲੀ-ਭਾਲੀ ਗੂੰਗੀ ਵਿਧਵਾ ਕਰਤਾਰੀ(65) ਪਤਨੀ ਸੁਦਾਗਰ ਸਿੰਘ ਅਤੇ ਉਸ ਦਾ ਅਪਾਹਜ ਪੁੱਤਰ ਮੰਗਤ ਰਾਮ(32) ਰਹਿੰਦੇ ਸਨ। ਕਰਤਾਰੀ ਲੋਕਾਂ ਦੇ ਘਰਾਂ ਵਿੱਚ ਕੰਮ-ਧੰਦਾ ਕਰਦੀ ਸੀ। ਉਸ ਦਾ ਅਪਾਹਜ ਪੁੱਤਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀ। ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਦੋਵਾਂ ਦਾ ਕਤਲ ਕਰ ਦਿੱਤਾ। ਸੂਤਰਾਂ ਅਨੁਸਾਰ ਕਾਤਲ ਉਨ੍ਹਾਂ ਦੇ ਕਰੀਬ 1500-1600 ਰੁਪਏ ਵੀ ਲੁੱਟ ਕੇ ਲੈ ਗਏ। ਕਰਤਾਰੀ ਦੀ ਲਾਸ਼ ਘਰ ਵਿੱਚੋਂ ਅਤੇ ਉਨ੍ਹਾਂ ਦੇ ਪੁੱਤਰ ਦੀ ਲਾਸ਼ ਖੇਤਾਂ ਵਿੱਚੋਂ ਮਿਲੀ। ਸੂਚਨਾ ਮਿਲਦਿਆਂ ਹੀ ਐੱਸਐੱਚਓ ਲੋਹੀਆਂ ਖਾਸ ਪੁਲੀਸ ਪਾਰਟੀ ਸਮੇਤ ਜਾਂਚ ਲਈ ਘਟਨਾ ਸਥਾਨ ’ਤੇ ਪੁਹੰਚੇ। ਉਨ੍ਹਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਆਰੰਭ ਦਿੱਤੀ। ਐੱਸਐੱਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਧਾਰਾ 302, 201 ਅਤੇ 120-ਬੀ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਰੁਪਏ ਲੁੱਟੇ ਜਾਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਫਿਲਹਾਲ ਉਹ ਘਟਨਾ ਬਾਰੇ ਕੁਝ ਨਹੀਂ ਕਹਿ ਸਕਦੇ। ਉਨ੍ਹਾਂ ਕਿਹਾ ਕਿ ਲਾਸ਼ਾਂ ਪੋਸਟਮਾਰਟਮ ਲਈ ਸਿਵਲ ਹਸਪਤਾਲ ਨਕੋਦਰ ਭੇਜ ਦਿੱਤੀਆਂ ਗਈਆਂ ਹਨ।

Leave a Reply

Your email address will not be published. Required fields are marked *