ਭਾਜਪਾ ਆਗੂਆਂ ਦੀ ਲੋਹੜੀ ’ਤੇ ਕਿਸਾਨੀ ਘੋਲ ਦਾ ਪਰਛਾਵਾਂ

ਚੰਡੀਗੜ੍ਹ : ਪੰਜਾਬ ’ਚ ਕਿਸਾਨਾਂ ਨੇ ਅੱਜ ਠੰਢੇ ਪਾਣੀ ਨਾਲ ਇਸ਼ਨਾਨ ਕਰਕੇ ਮਾਘੀ ਮਨਾਈ। ਭਾਜਪਾ ਪਰਿਵਾਰਾਂ ਦੀ ਲੋਹੜੀ ਫਿੱਕੀ ਰਹੀ ਜਿਨ੍ਹਾਂ ਦੇ ਘਰਾਂ ਅੱਗੇ ਕਿਸਾਨ ਧਰਨੇ ਚੱਲ ਰਹੇ ਹਨ। ਪੰਜਾਬ ’ਚ ਸੌ ਤੋਂ ਵੱਧ ਥਾਵਾਂ ’ਤੇ ਚੱਲ ਰਹੇ ਧਰਨਿਆਂ ਵਿਚ ਕਿਸਾਨਾਂ ਨੇ ਪੂਰਾ ਦਿਨ ਲੰਗਰ ਚਲਾ ਕੇ ਮਾਘੀ ਦੀ ਸ਼ੁਰੂਆਤ ਕੀਤੀ। ਲੰਘੇ ਰਾਤ ਕਿਸਾਨ ਪਰਿਵਾਰਾਂ ਨੇ ਆਪਣੇ ਬੱਚਿਆਂ ਦੀ ਪਹਿਲੀ ਲੋਹੜੀ ਵੀ ਧਰਨਿਆਂ ਵਿਚ ਮਨਾਈ ਹੈ। ਇਨ੍ਹਾਂ ਬੱਚਿਆਂ ਦੀ ਜ਼ਿੰਦਗੀ ਦੇ ਪਹਿਲੇ ਸਫ਼ੇ ’ਤੇ ਲੋਕ ਘੋਲ ਦਾ ਮੁੱਖਬੰਦ ਲਿਖਿਆ ਗਿਆ ਹੈ। 

32 ਕਿਸਾਨ ਧਿਰਾਂ ਵੱਲੋਂ ਪੰਜਾਬ ਭਰ ਵਿਚ ਟੌਲ ਪਲਾਜ਼ਿਆਂ, ਕਾਰਪੋਰੇਟਾਂ ਦੇ ਕਾਰੋਬਾਰੀ ਅਦਾਰਿਆਂ ਅਤੇ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਮੁਜ਼ਾਹਰੇ ਜਾਰੀ ਰੱਖੇ। ਲੰਘੇ ਰਾਤ ਤੱਕ ਇਨ੍ਹਾਂ ਧਰਨਿਆਂ ਵਿਚ ਲੋਹੜੀ ਦੀ ਧੂਣੀ ’ਤੇ ਤਿੰਨ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਗਈਆਂ। ਅੱਜ ਠੰਢ ਤੇ ਧੁੰਦ ਦੇ ਬਾਵਜੂਦ ਦਿਨ ਚੜ੍ਹਨ ਮਗਰੋਂ ਹੀ ਇਨ੍ਹਾਂ ਧਰਨਿਆਂ ਵਾਲੀ ਥਾਂ ’ਤੇ ਲੰਗਰ ਚੱਲਣੇ ਸ਼ੁਰੂ ਹੋ ਗਏ। ਦਰਜਨ ਸ਼ਹਿਰਾਂ ਵਿਚ ਰੇਲਵੇ ਪਾਰਕਾਂ ਵਿਚ ਕਿਸਾਨਾਂ ਨੇ ਮਾਘੀ ਮਹੀਨੇ ਦੀ ਸ਼ੁਰੂਆਤ ਕੀਤੀ। ਠੰਢ ਦੇ ਬਾਵਜੂਦ ਕਿਸਾਨਾਂ ਨੇ ਠੰਢੇ ਪਾਣੀ ਨਾਲ ਇਸ਼ਨਾਨ ਕੀਤਾ। 

ਮਾਘੀ ਦੇ ਮੌਕੇ ’ਤੇ ਕਿਸਾਨਾਂ ਨੇ ਨਵੇਂ ਪ੍ਰਣ ਕੀਤੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤਰਫ਼ੋਂ ਮਾਝੇ ਵੀ ਆਪਣੇ ਪ੍ਰੋਗਰਾਮ ਜਾਰੀ ਰੱਖੇ ਗਏ। ਪੰਜਾਬ ਦੇ ਹਜ਼ਾਰਾਂ ਪਿੰਡਾਂ ਵਿਚ ਪੋਹ ਦੀ ਆਖ਼ਰੀ ਰਾਤ ਅਤੇ ਮਾਘੀ ਦਾ ਪਹਿਲੇ ਦਿਨ ’ਤੇ ਕਿਸਾਨ ਮਜ਼ਦੂਰ ਏਕਤਾ ਦੇ ਜੈਕਾਰਿਆਂ ਦੀ ਗੂੰਜ ਪਈ। ਵੇਰਵਿਆਂ ਅਨੁਸਾਰ ਜਿਨ੍ਹਾਂ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਲੱਗੇ ਹੋਏ ਹਨ, ਉਥੇ ਭਾਜਪਾ ਆਗੂਆਂ ਦੇ ਪਰਿਵਾਰ ਲੋਹੜੀ ਦਾ ਤਿਉਹਾਰ ਨਹੀਂ ਮਨਾ ਸਕੇ। 

ਪਤਾ ਲੱਗਾ ਹੈ ਕਿ ਭਾਜਪਾ ਆਗੂਆਂ ਦੇ ਆਸ ਪਾਸ ਵੀ ਲੋਹੜੀ ਦੇ ਤਿਉਹਾਰ ’ਤੇ ਕਿਸਾਨ ਅੰਦੋਲਨ ਦਾ ਅਸਰ ਪਿਆ ਹੈ। ਪਿੰਡਾਂ ਵਿਚ ਰਾਤ ਵਕਤ ਜਿਥੇ ਲੋਹੜੀ ਪਈ ਹੈ, ਉਥੇ ਕਿਸਾਨ ਘੋਲ ਨਾਲ ਜੁੜੇ ਗੀਤ ਵੱਜੇ ਹਨ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ 42 ਥਾਵਾਂ ’ਤੇ ਧਰਨੇ ਲਗਾਏ ਹੋਏ ਹਨ ਅਤੇ ਕਰੀਬ 1600 ਪਿੰਡਾਂ ਵਿਚ ਇਸ ਜਥੇਬੰਦੀ ਨੇ ਲੋਹੜੀ ਮੌਕੇ ਤਿੰਨੋਂ ਖੇਤੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਹਨ। ਬੀ.ਕੇ.ਯੂ (ਉਗਰਾਹਾਂ) ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦਾ ਕਹਿਣਾ ਸੀ ਕਿ ਅੱਜ ਕਿਸਾਨਾਂ ਨੇ ਠੰਢੇ ਪਾਣੀ ਨਾਲ ਇਸ਼ਨਾਨ ਕਰਕੇ ਮਾਘੀ ਮਨਾਈ ਹੈ ਅਤੇ ਕਿਸਾਨਾਂ ਦਾ ਜੋਸ਼ ਹੋਰ ਵਧਿਆ ਹੈ। ਉਨ੍ਹਾਂ ਦੱਸਿਆ ਕਿ ਠੰਢ ਦੇ ਬਾਵਜੂਦ ਕਿਸਾਨਾਂ ਦੇ ਹੌਸਲੇ ਬੁਲੰਦ ਹਨ ਅਤੇ ਮਾਘੀ ਨੇ ਕਿਸਾਨਾਂ ਨੂੰ ਬਲ ਬਖਸ਼ਿਆ ਹੈ। 

ਕੋਕਰੀ ਕਲਾਂ ਦਾ ਕਹਿਣਾ ਸੀ ਕਿ 18 ਜਨਵਰੀ ਨੂੰ ਔਰਤ ਦਿਵਸ ਮਨਾਉਣ ਲਈ ਪਿੰਡ ਪਿੰਡ ਤਿਆਰੀ ਚੱਲ ਰਹੀ ਹੈ ਅਤੇ 18 ਜਨਵਰੀ ਨੂੰ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਅਤੇ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੇ ਪਿੰਡ ਔਰਤਾਂ ਦੇ ਵੱਡੇ ਇਕੱਠ ਰੱਖੇ ਗਏ ਹਨ ਜਿਨ੍ਹਾਂ ਵਿਚ ਹਜ਼ਾਰਾਂ ਔਰਤਾਂ ਦੇ ਜਥੇ ਸ਼ਮੂਲੀਅਤ ਕਰਨਗੇ। ਉਨ੍ਹਾਂ ਦੱਸਿਆ ਕਿ ਜਥੇਬੰਦੀ ਵੱਲੋਂ ਸਿੱਖਿਆ ਅਧਿਆਪਕਾਂ ਨੂੰ ਸਿਖਲਾਈ ਦੇਣ ਦਾ ਕੰਮ ਵੀ ਮੁਕੰਮਲ ਕਰ ਲਿਆ ਹੈ। 

ਇਸ ਜਥੇਬੰਦੀ ਵੱਲੋਂ ਕਿਸਾਨਾਂ ’ਚੋਂ ਹੀ 1500 ਦੇ ਕਰੀਬ ਸਿੱਖਿਆ ਅਧਿਆਪਕ ਤਿਆਰ ਕੀਤੇ ਗਏ ਹਨ ਜਿਨ੍ਹਾਂ ਦੇ ਜਥੇ ਪਿੰਡਾਂ ਵਿਚ ਜਾਣਗੇ ਅਤੇ ਕਿਸਾਨਾਂ ਨੂੰ ਨਵੇਂ ਖੇਤੀ ਕਾਨੂੰਨਾਂ, ਕਿਸਾਨ ਘੋਲ, ਜਥੇਬੰਦੀ ਦੇ ਪੈਂਤੜੇ ਅਤੇ ਹੋਰ ਚੁਣੌਤੀਆਂ ਤੋਂ ਜਾਣੂ ਕਰਾਉਣਗੇ। ਅੱਜ ਸਿੱਖਿਆ ਅਧਿਆਪਕਾਂ ਦੀ ਆਖਰੀ ਸਿਖਲਾਈ ਮੀਟਿੰਗ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਾਈਸਰਖਾਨਾ ਵਿਚ ਹੋਈ। ਇਸੇ ਦੌਰਾਨ ਬਰਨਾਲਾ ਦੇ ਰੇਲਵੇ ਸਟੇਸ਼ਨ ਦੇ ਪਾਰਕ ਵਿਚ ਕਿਸਾਨਾਂ ਨੇ ਮਾਘੀ ਦੇ ਪਹਿਲੇ ਦਿਨ ਨਾਅਰੇ ਗੂੰਜਦੇ ਰਹੇ।  

Leave a Reply

Your email address will not be published. Required fields are marked *