ਪਰੇਡ ’ਚ ਸ਼ਾਮਲ ਹੋਣ ਲਈ ਟਰੈਕਟਰਾਂ ਦੇ ਕਾਫ਼ਲੇ ਰਵਾਨਾ

ਅਮਲੋਹ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਬਲਾਕ ਅਮਲੋਹ ਤੋਂ ਟਰੈਕਟਰਾਂ ਦਾ ਵੱਡਾ ਕਾਫ਼ਲਾ ਅਨਾਜ ਮੰਡੀ ਅਮਲੋਹ ਤੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਰਵਾਨਾ ਹੋਇਆ। ਇਸ ਮੌਕੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਟਰੈਕਟਰ ਪਰੇਡ ਵਿੱਚ ਸ਼ਮੂਲੀਅਤ ਕਰਨ ਲਈ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਵੱਡੀ ਗਿਣਤੀ ਲੋਕ ਆਪਣੇ ਟਰੈਕਟਰਾਂ ਰਾਹੀਂ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਏ ਹਨ। ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਹਲਕਾ ਅਮਲੋਹ ਦੇ ਸੀਨੀਅਰ ਆਗੂ ਐਡਵੋਕੇਟ ਗੁਰਿੰਦਰ ਸਿੰਘ ਹਰੀਪੁਰ ਦੀ ਅਗਵਾਈ ਹੇਠ ਕਿਸਾਨਾਂ ਦਾ ਵਿਸ਼ਾਲ ਟਰੈਕਟਰ ਕਾਫ਼ਲਾ ਅੱਜ ਇੱਥੋਂ ਦਿੱਲੀ ਵਿੱਚ 26 ਜਨਵਰੀ ਦੀ ਹੋ ਰਹੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਰਵਾਨਾ ਹੋਇਆ।

ਫ਼ਤਹਿਗੜ੍ਹ ਸਾਹਿਬ :
ਸਰਕਾਰੀ ਡਰਾਈਵਰ ਯੂਨੀਅਨ ਦੇ ਕੌਮੀ ਮੀਤ ਪ੍ਰਧਾਨ ਅਤੇ ਜ਼ਿਲ੍ਹਾ ਕਾਂਗਰਸ ਕਮੇਟੀ ਫ਼ਤਹਿਗੜ੍ਹ ਸਾਹਿਬ ਦੇ ਮੀਤ ਪ੍ਰਧਾਨ ਕੁਲਵੰਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਜਥਾ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨ ਅੰਦੋਲਨ ਵਿੱਚ ਪਹੁੰਚਿਆ। ਇਸ ਮੌਕੇ ਸ੍ਰੀ ਢਿੱਲੋਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋ ਰਹੇ ਕਿਸਾਨਾਂ ਦਾ ਸਵਾਗਤ ਕਰਦਿਆਂ ਕਿਸਾਨ ਅੰਦੋਲਨ ਵਿੱਚ ਹਰ ਵਰਗ ਵੱਲੋਂ ਮਿਲ ਰਹੇ ਸਹਿਯੋਗ ਦੀ ਸ਼ਲਾਘਾ ਕੀਤੀ।

ਨੂਰਪੁਰ ਬੇਦੀ :
ਪਿੰਡ ਕਲਵਾਂ ਤੋਂ ਕਿਸਾਨਾਂ ਦਾ ਜਥਾ ਆਪਣੇ ਟਰੈਕਟਰਾਂ ਤੇ ਕਾਰਾਂ ਰਾਹੀਂ ਦਿੱਲੀ ਲਈ ਰਵਾਨਾ ਹੋਇਆ ਜਿਸ ਦੀ ਅਗਵਾਈ ਬਾਬਾ ਸੁੱਚਾ ਸਿੰਘ ਮੰਡੇਰ ਨੇ ਕੀਤੀ। ਜਥੇ ਨਾਲ ਦੋ ਦਰਜਨ ਤੋਂ ਵੱਧ ਕਿਸਾਨ ਸ਼ਾਮਲ ਸਨ।

ਲਾਲੜੂ : ਝਰਮੜੀ ਬੈਰੀਅਰ ਤੋਂ ਵੱਡੀ ਗਿਣਤੀ ’ਚ ਕਿਸਾਨ ਟਰੈਕਟਰ-ਟਰਾਲੀਆਂ ਅਤੇ ਹੋਰ ਵਾਹਨਾਂ ਰਾਹੀਂ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਦਿੱਲੀ ਲਈ ਰਵਾਨਾ ਹੋਏ। ਇਸ ਮੌਕੇ ਐੱਸਜੀਪੀਸੀ ਮੈਂਬਰ ਨਿਰਮੈਲ ਸਿੰਘ ਜੌਲਾ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਰੌਲੀ, ਕੁਲਦੀਪ ਸਿੰਘ ਦੀ ਅਗਵਾਈ ਹੇਠ ਝਰਮੜੀ ਬੈਰੀਅਰ ’ਤੇ ਕਿਸਾਨ 100 ਟਰੈਕਟਰ ਟਰਾਲੀਆਂ ਅਤੇ ਹੋਰ ਵਾਹਨ ਲੈ ਕੇ ਇਕੱਠੇ ਹੋਏ ਜਿੱਥੋਂ ਕਿਸਾਨਾਂ ਨੂੰ ਪਾਣੀ ਦੀਆਂ ਬੋਤਲਾਂ, ਖਾਣੇ ਦੇ ਪੈਕਟ ਅਤੇ ਕਿਸਾਨੀ ਝੰਡੇ ਅਤੇ ਤਿਰੰਗੇ ਝੰਡੇ ਦੇ ਕੇ ਅਰਦਾਸ ਕਰਨ ਉਪਰੰਤ ਦਿੱਲੀ ਵੱਲ ਰਵਾਨਾ ਕੀਤਾ ਗਿਆ। ਇਸ ਮੌਕੇ ਦਿੱਲੀ ਟਰੈਕਟਰ ਪਰੇਡ ਵਿੱਚ ਸ਼ਾਮਲ ਹੋਣ ਲਈ ਜਾਣ ਵਾਲੇ ਜ਼ਰੂਰਤਮੰਦ ਟਰੈਕਟਰਾਂ ਵਿੱਚ ਜਸ਼ਨ ਪੈਲੇਸ ਲਾਲੜੂ ਦੇ ਬਖਸੀਸ ਸਿੰਘ ਭੱਟੀ ਅਤੇ ਗੁਲਸ਼ਨ ਨਰੂਲਾ ਨੇ ਮੁਫ਼ਤ ਡੀਜ਼ਲ ਭਰਾਉਣ ਦੀ ਸੇਵਾ ਕੀਤੀ।

ਮੁੱਲਾਂਪੁਰ ਗਰੀਬਦਾਸ :
ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਵੱਡੀ ਗਿਣਤੀ ਵਿੱਚ ਟਰੈਕਟਰਾਂ ਦਾ ਕਾਫ਼ਲਾ ਮੁੱਲਾਂਪੁਰ ਗਰੀਬਦਾਸ ਤੇ ਚੰਡੀਗੜ੍ਹ ਦੇ ਮੁੱਖ ਚੌਕ ਬੈਰੀਅਰ, ਮਲੋਆ ਕੋਲੋਂ ਹੁੰਦਾ ਹੋਇਆ ਦਿੱਲੀ ਜਾਣ ਲਈ ਰਵਾਨਾ ਹੋਇਆ। ਇਸ ਸਬੰਧੀ ਡਾਕਟਰ ਪੀ ਐੱਸ ਭੱਟੀ, ਦਵਿੰਦਰ ਛਾਬੜਾ, ਵਿਕਰਮ, ਗੁਰਦੇਵ, ਅਰਵਿੰਦ ਤੇ ਰਮੇਸ਼ ਨੇ ਸੰਬੋਧਨ ਕੀਤਾ।

ਅੰਦੋਲਨ ਦੀ ਸਫ਼ਲਤਾ ਲਈ ਅਰਦਾਸ

ਚਮਕੌਰ ਸਾਹਿਬ :
ਇਲਾਕੇ ਦੇ ਕਿਸਾਨਾਂ ਵੱਲੋਂ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਜੀ ਦੀ ਅਗਵਾਈ ਹੇਠ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਸਬੰਧੀ 26 ਜਨਵਰੀ ਨੂੰ ਦਿੱਲੀ ਵਿੱਚ ਕੱਢੀ ਜਾਣ ਵਾਲੀ ਟਰੈਕਟਰ ਰੈਲੀ ਦੀ ਸਫ਼ਲਤਾ ਸਬੰਧੀ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਵਿਖੇ ਅਰਦਾਸ ਕੀਤੀ ਗਈ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਮਾਂਗਟ ਅਤੇ ਖੇਡ ਪਰਮੋਟਰ ਨਰਿੰਦਰ ਸਿੰਘ ਕੰਗ ਨੇ ਕਿਹਾ ਕਿ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨ ਵਿਰੋਧੀ ਪਾਸ ਕੀਤੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ, ਉਦੋਂ ਤੱਕ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖਿਲਾਫ਼ ਮੁਜ਼ਾਹਰੇ ਜਾਰੀ ਰਹਿਣਗੇ। ਇਸ ਤੋਂ ਬਾਅਦ ਸ੍ਰੀ ਕੰਗ ਅਤੇ ਸ੍ਰੀ ਮਾਂਗਟ ਵੱਲੋਂ ਕਿਸਾਨਾਂ ਨੂੰ ਟਰੈਕਟਰਾਂ ’ਤੇ ਲਗਾਉਣ ਲਈ ਝੰਡੇ ਵੀ ਵੰਡੇ ਗਏ।

Leave a Reply

Your email address will not be published. Required fields are marked *