ਸਮਾਣਾ ਤੇ ਪਾਤੜਾਂ ਦੇ ਤਿੰਨ ਬੂਥਾਂ ਦੀ ਚੋਣ ਰੱਦ ਹੋਣ ਦਾ ਖ਼ਦਸ਼ਾ

ਪਟਿਆਲਾ : ਪਟਿਆਲਾ ਜ਼ਿਲ੍ਹੇ ਵਿੱਚ ਚਾਰ ਨਗਰ ਕੌਂਸਲਾਂ ਲਈ ਅੱਜ ਪਈਆਂ ਵੋਟਾਂ ਦੌਰਾਨ ਜਿੱਥੇ ਸੱਤਾਧਾਰੀ ਧਿਰ ਵੱਲੋਂ ਵੱਖ-ਵੱਖ ਥਾਵਾਂ ’ਤੇ ਬੂਥਾਂ ’ਤੇ ਕਬਜ਼ੇ ਕਰਨ ਦੇ ਮਾਮਲੇ ਸਾਹਮਣੇ ਆਏ, ਉੱਥੇ ਹੀ ਕੁਝ ਥਾਈਂ ਝੜਪਾਂ ਵੀ ਹੋਈਆਂ। ਰਾਜਪੁਰਾ ਵਿੱਚ ਇੱਕ ਅਕਾਲੀ ਉਮੀਦਵਾਰ ਦੀ ਪੱਗ ਲੱਥ ਗਈ। ਸੱਤਾਧਾਰੀ ਧਿਰ ’ਤੇ ਲੋਕਤੰਤਰ ਦਾ ਘਾਣ ਕਰਨ ਦੇ ਦੋਸ਼ ਲਾਉਂਦਿਆਂ ਵਿਰੋਧੀ ਧਿਰਾਂ ਦੇ ਕੁਝ ਉਮੀਦਵਾਰਾਂ ਨੇ ਚੋਣਾਂ ਦਾ ਬਾਈਕਾਟ ਵੀ ਕੀਤਾ। ਇੱਕ ਥਾਂ ਪੱਥਰਬਾਜ਼ੀ ਹੋਈ। ਦੋ ਵੋਟਿੰਗ ਮਸ਼ੀਨਾਂ ਟੁੱਟੀਆਂ ਤੇ ਇਕ ਮਸ਼ੀਨ ਨੂੰ ਕੋਈ ਲੈ ਕੇ ਭੱਜ ਗਿਆ।

ਇਸੇ ਦੌਰਾਨ ਪਾੜੜਾਂ ਦੀ ਵਾਰਡ ਨੰਬਰ-8 ਵਿਚਲੇ ਬੂਥ ਨੰਬਰ-11 ਵਿੱਚ ਇੱਕ ਭਾਜਪਾ ਕਾਰਕੁਨ ਬੂਥ ’ਤੇ ਕਬਜ਼ੇ ਦਾ ਖ਼ਦਸ਼ਾ ਜ਼ਾਹਿਰ ਕਰਦਿਆਂ ਵੋਟਿੰਗ ਮਸ਼ੀਨ ਹੀ ਲੈ ਕੇ ਭੱਜ ਗਿਆ। ਅਜਿਹੀ ਨਿਵੇਕਲੀ ਕਾਰਵਾਈ ਨੂੰ ਅੰਜਾਮ ਦੇਣ ਵਾਲਾ ਭਾਜਪਾ ਦੇ ਇੱਕ ਪ੍ਰਮੁੱਖ ਆਗੂ ਦਾ ਪਰਿਵਾਰਕ ਮੈਂਬਰ ਦੱਸਿਆ ਜਾ ਰਿਹਾ ਹੈ। ਮਗਰੋਂ ਪੁਲੀਸ ਨੇ ਇਹ ਮਸ਼ੀਨ ਇਕ ਸਕੂਲ ਵਿਚੋਂ ਬਰਾਮਦ ਕੀਤੀ। ਪਾਤੜਾਂ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉੱਥੇ ਹੀ ਰਿਟਰਨਿੰਗ ਅਫਸਰ ਵੱਲੋ ਇਸ ਘਟਨਾ ਸਬੰਧੀ ਰਿਪੋਰਟ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱਤੀ ਹੈ ਜਿਸ ਤਹਿਤ ਇਸ ਬੂਥ ਦੀ ਚੋਣ ਦੁਬਾਰਾ ਹੋਣ ਦੀ ਸੰਭਾਵਨਾ ਹੈ।

ਇਸੇ ਦੌਰਾਨ ਸਮਾਣਾ ਵਿਚਲੇ ਵਾਰਡ ਨੰਬਰ 11 ਦੇ ਬੂਥ ਨੰਬਰ 22 ਅਤੇ 23 ਦੀ ਚੋਣ ਵੀ ਰੱਦ ਹੋਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਕੁਝ ਅਣਪਛਾਤੇ ਨੌਜਵਾਨਾਂ ਨੇ ਇਨ੍ਹਾਂ ਦੋਹਾਂ ਬੂਥਾਂ ’ਚ ਦਾਖਲ ਹੁੰਦਿਆਂ ਹੀ ਦੋਵੇਂ ਮਸ਼ੀਨਾਂ ਤੋੜ ਦਿੱਤੀਆਂ। ਸਮਾਣਾ ਦੇ ਰਿਟਰਨਿੰਗ ਅਫਸਰ ਨਮਨ ਮੜਕਣ ਨੇ ਪੀਆਰਓ ਵੱਲੋਂ ਇਹ ਦੋਵੇਂ ਮਸ਼ੀਨਾਂ ਨੁਕਸਾਨੀਆਂ ਜਾਣ ਸਬੰਧੀ ਦਿੱਤੀ ਗਈ ਜਾਣਕਾਰੀ ਤਹਿਤ ‘ਰਾਜ ਚੋਣ ਕਮਿਸ਼ਨ’ ਦੀ ਧਾਰਾ 59 ਤਹਿਤ ਰਿਪੋਰਟ ਬਣਾ ਕੇ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਭੇਜ ਦਿੱੱਤੀ ਹੈ। ਇਸ ਸਬੰਧੀ ਭਾਵੇਂ ਕਿ ਅੰਤਿਮ ਫੈਸਲਾ ਚੋਣ ਕਮਿਸ਼ਨ ਨੇ ਲੈਣਾ ਹੈ, ਪਰ ਇਨ੍ਹਾਂ ਦੋਹਾਂ ਬੂਥਾਂ ’ਤੇ ਦੁਬਾਰਾ ਚੋਣ ਹੋਣੀ ਤੈਅ ਹੈ। ਸੰਪਰਕ ਕਰਨ ’ਤੇ ਆਰ.ਓ. ਨਮਨ ਮੜਕਣ ਨੇ ਮਸ਼ੀਨਾਂ ਟੁੱਟਣ ਸਬੰਧੀ ਚੋਣ ਕਮਿਸ਼ਨ ਨੂੰ ਰਿਪੋਰਟ ਭੇਜੇ ਜਾਣ ਦੀ ਪੁਸ਼ਟੀ ਕੀਤੀ ਹੈ।

ਸਮਾਣਾ ਦੇ ਕਾਂਗਰਸੀ ਵਿਧਾਇਕ ਕਾਕਾ ਰਾਜਿਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਉਮੀਦਵਾਰ ਜਸਵਿੰਦਰ ਬੱਬੂ ਵੱਡੇ ਫ਼ਰਕ ਨਾਲ ਜਿੱਤ ਰਿਹਾ ਸੀ ਜਿਸ ਕਰਕੇ ਹੀ ਬੂਥ ’ਚ ਜਬਰੀ ਦਾਖਲ ਹੋਏ ਅਕਾਲੀ ਕਾਰਕੁਨਾਂ ਨੇ ਮਸ਼ੀਨਾਂ ਤੋੜ ਦਿੱਤੀਆਂ ਜਦਕਿ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਤਰਕ ਸੀ ਕਿ ਹਾਰ ਨੂੰ ਭਾਂਪਦਿਆਂ ਕਾਂਗਰਸੀਆਂ ਨੇ ਬੂਥਾਂ ’ਤੇ ਕਬਜ਼ੇ ਕਰਨ ਸਮੇਤ ਮਸ਼ੀਨ ਹੀ ਤੋੜ ਦਿੱਤੀ। ਉੱਧਰ, ਪੁਲੀਸ ਵੱਲੋਂ ਅਣਪਛਾਤੇ ਵਿਅਕਤੀਆਂ ’ਤੇ ਕੇਸ ਦਰਜ ਕੀਤਾ ਜਾ ਰਿਹਾ ਹੈ ਤੇ ਇਨ੍ਹਾਂ ਦੋਹਾਂ ਬੂਥਾਂ ਦੀ ਚੋਣ ਰੱਦ ਕਰਨ ਲਈ ਲਿਖਿਆ ਗਿਆ ਹੈ।

ਦੂਜੇ ਬੰਨ੍ਹੇ ਰਾਜਪੁਰਾ ਦੀ ਵਾਰਡ ਨੰਬਰ ਦੋ ਵਿਚ ਕਾਂਗਰਸੀਆਂ ਤੇ ਅਕਾਲੀਆਂ ਦੀ ਝੜਪ ਦੌਰਾਨ ਅਕਾਲੀ ਉਮੀਦਵਾਰ ਕਪਤਾਨ ਸਿੰਘ ਦੀ ਪੱਗ ਲੱਥ ਗਈ ਤੇ ਉਸ ਦਾ ਲੜਕਾ ਜ਼ਖਮੀ ਹੋ ਗਿਆ। ਵਿਰੋਧੀ ਧਿਰ ਦੇ ਕਈ ਉਮੀਦਵਾਰਾਂ ਨੇ ਚੋਣਾਂ ਦਾ ਬਾਈਕਾਟ ਕੀਤਾ।

ਸਾਬਕਾ ਚੇਅਰਮੈਨ ਹਰਵਿੰਦਰ ਹਰਪਾਲਪੁਰ ਤੇ ਕੌਂਸਲ ਦੇ ਸਾਬਕਾ ਪ੍ਰਧਾਨ ਤੇ ਭਾਜਪਾ ਆਗੂ ਪਰਵੀਨ ਛਾਬੜਾ ਨੇ ਕਾਂਗਰਸੀਆਂ ਉੱਤੇ ਬੂਥ ’ਤੇ ਕਬਜ਼ਾ ਕਰਕੇ ਜਾਅਲੀ ਵੋਟਾਂ ਪਾਉਣ ਦੇ ਦੋਸ਼ ਲਾਏ। ਰਾਜਪੁਰਾ ’ਚ ਇੱਕ ਬੂਥ ’ਤੇ ਕੁਝ ਵਿਅਕਤੀਆਂ ਵੱਲੋਂ ਕੀਤੇ ਗਏ ਕਬਜ਼ੇ ਦੀ ਫੋਨ ਰਾਹੀਂ ਵੀਡੀਓ ਬਣਾਉਣ ਵਾਲੇ ਇਕ ‘ਆਪ’ ਕਾਰਕੁਨ ਨੂੰ ਪੁਲੀਸ ਧੂਹ ਕੇ ਲੈ ਗਈ। ਉੱਧਰ ਕਾਂਗਰਸ ’ਤੇ ਲੱਗੇ ਅਜਿਹੇ ਦੋਸ਼ਾਂ ਨੂੰ ਨਕਾਰਦਿਆਂ ਰਾਜਪੁਰਾ ਦੇ ਵਿਧਾਇਕ ਹਰਦਿਅਲ ਕੰਬੋਜ ਨੇ ਕਿਹਾ ਕਿ ਲੋਕ ਮਨਾਂ ’ਚ ਆਪਣਾ ਆਧਾਰ ਗੁਆ ਬੈਠੀਆਂ ਵਿਰੋਧੀ ਧਿਰਾਂ ਆਪਣੀ ਸਾਖ ਬਚਾਉਣ ਲਈ ਹੁਣ ਕਾਂਗਰਸ ’ਤੇ ਅਜਿਹੇ ਬੇਬੁਨਿਆਦ ਦੋਸ਼ ਮੜ੍ਹ ਰਹੀਆਂ ਹਨ।

Leave a Reply

Your email address will not be published. Required fields are marked *