ਔਰਤ ਦਿਵਸ ਦੀ ਤਿਆਰੀ ਲਈ ਪਿੰਡਾਂ ’ਚ ਟਰੈਕਟਰ ਮਾਰਚ

ਟੱਲੇਵਾਲ : ਸੰਯੁਕਤ ਕਿਸਾਨ ਮੋਰਚੇ ਵੱਲੋਂ 8 ਮਾਰਚ ਨੂੰ ਦਿੱਲੀ ਵਿੱਚ ਮਨਾਏ ਜਾ ਰਹੇ ਵਿਸ਼ਵ ਔਰਤ ਦਿਵਸ ਦੀਆਂ ਤਿਆਰੀਆਂ ਵਜੋਂ ਬੀਕੇਯੂ ਏਕਤਾ ਉਗਰਾਹਾਂ ਵੱਲੋਂ ਦੂਜੇ ਦਿਨ ਵੀ ਔਰਤਾਂ ਨੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ। ਇਲਾਕੇ ਦੇ ਪਿੰਡ ਬਖ਼ਤਗੜ੍ਹ ਤੋਂ ਸ਼ੁਰੂ ਹੋਇਆ ਟਰੈਕਟਰ ਮਾਰਚ ਪਿੰਡ ਚੂੰਘਾਂ, ਸ਼ਹਿਣਾ, ਮੱਲ੍ਹੀਆਂ, ਪੱਖੋਕੇ, ਕੈਰੇ, ਭੋਤਨਾ ਤੋਂ ਹੁੰਦੇ ਹੋਏ ਪਿੰਡ ਟੱਲੇਵਾਲ ਜਾ ਕੇ ਸਮਾਪਤ ਹੋਇਆ। ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਫ਼ੌਜੀ, ਮਾਸਟਰ ਰਣਜੀਤ ਸਿੰਘ ਟੱਲੇਵਾਲ ਅਤੇ ਪਰਵਿੰਦਰ ਕੌਰ ਭੋਤਨਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਦਿੱਲੀ ਦੇ ਟਿਕਰੀ ਬਾਰਡਰ ’ਤੇ ਔਰਤ ਦਿਵਸ ਮੌਕੇ ਔਰਤ ਮਹਾਰੈਲੀ ਕੀਤੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਲਗਾਤਾਰ ਦੋ ਦਿਨ ਪਿੰਡਾਂ ਵਿੱਚ ਔਰਤਾਂ ਨੂੰ ਟਰੈਕਟਰ ਮਾਰਚ ਰਾਹੀਂ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ ਹੈ। ਆਗੂਆਂ ਨੇ ਦੱਸਿਆ ਕਿ ਦੋਵੇਂ ਦਿਨ ਕੱਢੇ ਗਏ ਟਰੈਕਟਰ ਮਾਰਚਾਂ ਵਿੱਚ ਵੱਡੀ ਗਿਣਤੀ ’ਚ ਔਰਤਾਂ ਨੇ ਸ਼ਮੂਲੀਅਤ ਕੀਤੀ ਹੈ ਅਤੇ 7 ਮਾਰਚ ਨੂੰ ਪੂਰੇ ਪੰਜਾਬ ਵਿੱਚੋਂ ਲੱਖਾਂ ਔਰਤਾਂ ਕਾਫ਼ਲੇ ਬੰਨ੍ਹ ਕੇ ਦਿੱਲੀ ਲਈ ਰਵਾਨਾ ਹੋਣਗੀਆਂ।

ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਆਪਣੇ ਘਰਾਂ ਤੇ ਵਾਹਨਾਂ ’ਤੇ ਕਾਲੀਆਂ ਝੰਡੀਆਂ ਲਗਾਈਆਂ ਗਈਆਂ। ਇਸ ਮੌਕੇ ਕਿਸਾਨ ਆਗੂ ਬਲਵੰਤ ਸਿੰਘ ਨੰਬਰਦਾਰ, ਹਰਦੇਵ ਸਿੰਘ ਨੰਬਰਦਾਰ, ਰਾਜਿੰਦਰ ਸਿੰਘ ਭੰਗੂ, ਦਰਸ਼ਨ ਸਿੰਘ, ਮਲਕੀਤ ਸਿੰਘ ਅਤੇ ਗੋਗੀ ਚੀਮਾ ਨੇ ਕਿਹਾ ਕਿ ਕਸੰਘਰਸ਼ ਨੂੰ ਤੇਜ਼ ਕਰਦਿਆਂ ਅੱਜ ਉਨ੍ਹਾਂ ਕਾਲੀਆਂ ਝੰਡੀਆਂ ਲਗਾ ਕੇ ਰੋਸ ਜਤਾਇਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਗਰਮੀਆਂ ’ਚ ਕਿਸਾਨ ਮੋਰਚੇ ਲਈ ਪੱਖੇ, ਕੂਲਰਾਂ, ਫਰਿੱਜਾਂ ਆਦਿ ਦੇ ਪ੍ਰਬੰਧ ਕਰ ਲਏ ਹਨ।

Leave a Reply

Your email address will not be published. Required fields are marked *