ਸੁਖਬੀਰ ਨੇ ਕੈਪਟਨ ਤੋਂ ਵਿਕਾਸ ਕਾਰਜਾਂ ਦਾ ਹਿਸਾਬ ਮੰਗਿਆ

ਜ਼ੀਰਕਪੁਰ: ਇਥੇ ‘ਪੰਜਾਬ ਮੰਗਦਾ ਹੈ ਜੁਆਬ’ ਮੁਹਿੰਮ ਤਹਿਤ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਹਲਕਾ ਵਿਧਾਇਕ ਐਨ ਕੇ ਸ਼ਰਮਾ ਦੀ ਅਗਵਾਈ ਹੇਠ ਰੈਲੀ ਨੂੰ ਸੰਬੋਧਨ ਕੀਤਾ। ਉਨ੍ਹਾਂ ਹਲਕਾ ਡੇਰਾਬੱਸੀ ਤੋਂ ਐਨ ਕੇ ਸ਼ਰਮਾ ਨੂੰ ਅਕਾਲੀ ਦਲ ਦਾ ਤੀਜੀ ਵਾਰ ਉਮੀਦਵਾਰ ਐਲਾਨਦਿਆਂ ਅਕਾਲੀ ਸਰਕਾਰ ਆਉਣ ’ਤੇ ਮੰਤਰੀ  ਬਣਾਉਣ ਦਾ ਐਲਾਨ ਕੀਤਾ।

ਉਨ੍ਹਾਂ ਆਪਣੀ ਸਰਕਾਰ ਵੇਲੇ ਕਰਵਾਏ ਵਿਕਾਸ ਕੰਮਾਂ ਨੂੰ ਗਿਣਵਾਉਂਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਜਵਾਬ ਮੰਗਿਆ ਕਿ ਉਹ ਚਾਰ ਸਾਲ ਦੇ ਕਾਰਜਕਾਲ ਦੌਰਾਨ ਕੋਈ ਇਕ ਵਿਕਾਸ ਕੰਮ ਗਿਣਾਉਣ। ਉਨ੍ਹਾਂ ਦੋਸ਼ ਲਾਇਆ ਕਿ ਮੁੱਖ ਮੰਤਰੀ ਵੱਲੋਂ ਆਪਣਾ ਇਕ ਵੀ ਚੋਣ ਵਾਅਦਾ ਪੂਰਾ ਨਹੀਂ ਕੀਤਾ ਗਿਆ ਬਲਕਿ ਲੰਘੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕਰਦੇ ਹੋਏ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਬਹੁਤ ਵੱਡਾ ਧੋਖਾ ਕੀਤਾ ਹੈ ਜਿਸ ਕਰ ਕੇ ਪੰਜਾਬ ਦੇ ਲੋਕ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੂੰ ਨਕਾਰ ਦੇਣਗੇ। ਉਨ੍ਹਾਂ ਕਿਹਾ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਨੌਜਵਾਨਾਂ ਨੂੰ ਆਪਣਾ ਕੰਮ ਧੰਦਾ ਸ਼ੁਰੂ ਕਰਨ ਲਈ ਪੰਜ ਤੋਂ ਦਸ ਲੱਖ ਰੁਪਏ ਤੱਕ ਦਾ ਸਹਿਕਾਰੀ ਬੈਂਕਾਂ ਤੋਂ ਵਿਆਜ ਮੁਕਤ ਕਰਜ਼ਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਬਿਜਲੀ ਦੇ ਰੇਟ ਅੱਧੇ ਕਰਨ, ਕੇਂਦਰ ਵਲੋਂ ਪਾਸ ਤਿੰਨ ਖੇਤੀ ਕਾਨੂੰਨ ਸੂਬੇ ਵਿੱਚ ਲਾਗੂ ਨਾ ਕਰਨ, ਐਸਸੀ ਅਤੇ ਬੀਸੀ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਮੁੜ ਤੋਂ ਵਜ਼ੀਫੇ ਦੇਣ ਸਮੇਤ ਹੋਰ ਵੱਡੇ ਐਲਾਨ ਕੀਤੇ। 

ਬੀਬੀ ਹਰਸਿਮਰਤ ਕੌਰ ਬਾਦਲ ਨੇ ਔਰਤਾਂ ਨੂੰ ਵੱਧ ਹੱਕ ਦੇਣ ਦਾ ਵਾਅਦਾ ਕੀਤਾ। ਉਨ੍ਹਾਂ ਹਲਕੇ ਦੇ ਵਿਕਾਸ ਲਈ ਆਪਣੇ ਮੈਂਬਰ ਪਾਰਲੀਮੈਂਟ ਦੇ ਫੰਡ ਵਿੱਚੋਂ 25 ਲੱਖ ਵਿਕਾਸ ਕਾਰਜਾਂ ਲਈ ਦੇਣ ਦਾ ਐਲਾਨ ਕੀਤਾ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਦਲਜੀਤ ਸਿੰਘ ਚੀਮਾ ਨੇ ਵੀ ਸੰਬੋਧਨ ਕੀਤਾ। ਉਨ੍ਹਾਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਸੋਹਲੇ ਗਾਏ। ਐਨ ਕੇ ਸ਼ਰਮਾ ਨੇ ਅਕਾਲੀ ਦਲ ਦੀ ਸਰਕਾਰ ਬਣਾਉਣ ’ਤੇ ਪਾਰਟੀ ਦੇ ਵਰਕਰਾਂ ’ਤੇ ਕਾਂਗਰਸੀਆਂ ਵੱਲੋਂ ਕੀਤੇ ਜਾ ਰਹੇ ਝੂਠੇ ਪਰਚਿਆਂ ਦਾ ਮੂੰਹ ਤੋੜ ਜਵਾਬ ਦੇਣ ਦੀ ਗੱਲ ਆਖੀ। ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ, ਬੀਬੀ ਪਰਮਜੀਤ ਕੌਰ ਲਾਂਡਰਾ, ਕ੍ਰਿਸ਼ਨ ਪਾਲ ਸ਼ਰਮਾ, ਅਕਾਲੀ ਦਲ ਦੇ ਜ਼ਿਲ੍ਹਾ ਯੂਥ ਪ੍ਰਧਾਨ ਮਨਜੀਤ ਸਿੰਘ ਮਲਕਪੁਰ ਤੇ ਭੁਪਿੰਦਰ ਸੈਣੀ ਹਾਜ਼ਰ ਸਨ।

ਸੁਖਬੀਰ ਵੱਲੋਂ ਨਵੀਂ ਜ਼ਿੰਮੇਵਾਰੀ ਲਈ ਤਿਆਰੀ

ਪਟਿਆਲਾ: ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੁਣ ਪਾਰਟੀ ਲਿਹਾਜ਼ ਤੋਂ ਮੁੱਖ ਮੰਤਰੀ ਅਹੁਦੇ ਦੇ ਦਾਅਵੇਦਾਰਾਂ ’ਚ ਸ਼ੁਮਾਰ ਨਹੀਂ ਹਨ। ਮੁੱਖ ਮੰਤਰੀ ਦੀ ਸੰਭਾਵੀ ਕੁਰਸੀ ’ਤੇ ਦਾਅਵੇਦਾਰੀ ਦਾ ਹੱਕ ਹੁਣ ਉਨ੍ਹਾਂ ਦੇ ਪੁੱਤਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੱਲ ਲਿਆ ਹੈ। ਸੁਖਬੀਰ ਨੇ ਪਾਰਟੀ ਪ੍ਰਧਾਨ ਦੀ ਹੈਸੀਅਤ ’ਚ ਅੱਜ ਇਹ ਸੰਕੇਤ ਪਾਰਟੀ ਦੇ ਪੰਜਵੇਂ ਉਮੀਦਵਾਰ ਐਨ.ਕੇ.ਸ਼ਰਮਾ ਨੂੰ ਐਲਾਨ ਕੇ ਦਿੱਤਾ ਹੈ। ਉਨ੍ਹਾਂ ਸ਼ਰਮਾ ਨੂੰ ਵਜ਼ਾਰਤ ’ਚ ਸ਼ਾਮਲ ਕਰਨ ਦਾ ਵੀ ਐਲਾਨ ਕਰਦਿਆਂ  ਭੇਤ ਖੋਲ੍ਹਿਆ ਕਿ ਪਿਛਲੀ ਵਾਰ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ੍ਰੀ ਸ਼ਰਮਾ ਹਵਾਲੇ ਅੱਧੀ ਵਜ਼ੀਰੀ ਕੀਤੀ ਗਈ ਸੀ ਪਰ ਉਹ ਹੁਣ ਸਰਕਾਰ ਬਣਨ ’ਤੇ ਪੂਰੀ ਵਜ਼ੀਰੀ ਨਾਲ ਨਿਵਾਜਣਗੇ। ਉਂਜ ਹਾਲੇ ਸਾਫ਼  ਨਹੀਂ ਹੈ ਕਿ ਨਾਸਾਜ਼ ਸਿਹਤ ਤੇ ਵਢੇਰੀ ਉਮਰ ਪੱਖੋਂ ਵੱਡੇ ਬਾਦਲ ਵਿਧਾਨ ਸਭਾ ਚੋਣ ਪਿੜ ’ਚ ਬਤੌਰ ਉਮੀਦਵਾਰ ਉਤਰਨਗੇ ਜਾਂ ਨਹੀਂ ਪਰ ਅਕਾਲੀ ਦਲ ਵੱਲੋਂ ਆਪਣੇ ਸਰਪ੍ਰਸਤ ਲਈ ਫਿਲਹਾਲ ਲੰਬੀ ਵਾਲੀ ਸੀਟ ਰਾਖਵੀਂ ਦੱਸੀ ਜਾ ਰਹੀ ਹੈ। ਪਾਰਟੀ ਵੱਲੋਂ ਵੱਡੇ ਬਾਦਲ ਲਈ ਚੋਣ ਪ੍ਰਚਾਰ ਵਾਸਤੇ ਇੱਕ ਵੱਡ ਆਕਾਰੀ ‘ਲਿਫਟਿੰਗ ਬੱਸ’ ਤਿਆਰ ਕੀਤੀ ਜਾ ਰਹੀ ਹੈ ਜਿਸ ’ਚ ਸਿਰਫ ਵੱਡੇ ਬਾਦਲ ਹੀ ਸਵਾਰ ਹੋਣਗੇ ਜੋ ਪੂਰੇ ਪੰਜਾਬ ’ਚ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨਗੇ। 

Leave a Reply

Your email address will not be published. Required fields are marked *