ਪੰਜਾਬ ਵਿੱਚ ਨੌਂ ਪੰਚਾਇਤਾਂ ਦੀ ਝੋਲੀ ਪਏ ਕੌਮੀ ਐਵਾਰਡ

ਚੰਡੀਗੜ੍ਹ : ਕੇਂਦਰ ਸਰਕਾਰ ਵੱਲੋਂ ਅੱਜ ਐਲਾਨੇ ਕੌਮੀ ਐਵਾਰਡਾਂ ਵਿੱਚੋਂ ਪੰਜਾਬ ਦੇ ਪਿੰਡ ਮਾਣਕਖਾਨਾ (ਬਠਿੰਡਾ) ਦੀ ਗਰਾਮ ਪੰਚਾਇਤ ਦੀ ਝੋਲੀ ਦੋ ਕੌਮੀ ਐਵਾਰਡ ਪਏ ਹਨ। ਪੰਜਾਬ ਦੀ ਐਤਕੀਂ ਇਹ ਇਕਲੌਤੀ ਗਰਾਮ ਪੰਚਾਇਤ ਹੈ, ਜਿਸ ਨੂੰ ਇੱਕੋ ਵੇਲੇ ਦੋ ਕੌਮੀ ਐਵਾਰਡ ਮਿਲੇ ਹਨ। ਕੇਂਦਰੀ ਪੇਂਡੂ ਵਿਕਾਸ ਤੇ ਪੰਚਾਇਤ ਮੰਤਰਾਲੇ ਵੱਲੋਂ ਜ਼ਿਲ੍ਹਾ ਬਠਿੰਡਾ ਦੀ ਮਾਣਕਖਾਨਾ ਗ੍ਰਾਮ ਪੰਚਾਇਤ ਦੀ ‘ਨਾਨਾ ਜੀ ਦੇਸ਼ਮੁਖ ਗੌਰਵ ਗ੍ਰਾਮ ਸਭਾ ਪੁਰਸਕਾਰ’ ਅਤੇ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ’ ਲਈ ਚੋਣ ਕੀਤੀ ਗਈ ਹੈ।

 ਪਿੰਡ ਮਾਣਕਖਾਨਾ ਦੀ ਮਹਿਲਾ ਸਰਪੰਚ ਸ਼ੈਸ਼ਨਦੀਪ ਕੌਰ ਉਚੇਰੀ ਵਿੱਦਿਆ ਵੀ ਹਾਸਲ ਕਰ ਰਹੀ ਹੈ। ਸਰਪੰਚ ਸ਼ੈਸ਼ਨਦੀਪ ਕੌਰ ਅਤੇ ਗਰਾਮ ਸੇਵਕ ਪਰਮਜੀਤ ਭੁੱਲਰ ਨੇ ਆਖਿਆ ਕਿ ਮਾਣਕਖਾਨਾ ਨੇ ਪੇਂਡੂ ਵਿਕਾਸ ’ਚ ਨਵਾਂ ਅਧਿਆਇ ਲਿਖਿਆ ਹੈ। ਪੰਜਾਬ ਦੀਆਂ ਨੌਂ ਗਰਾਮ ਪੰਚਾਇਤਾਂ ਦੀ ਝੋਲੀ ਕੌਮੀ ਐਵਾਰਡ ਪਏ ਹਨ। ਪੇਂਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦੇ ਵਧੀਕ ਮੁੱਖ ਸਕੱਤਰ ਸੀਮਾ ਜੈਨ ਨੇ ਦੱਸਿਆ ਕਿ ਮਾਣਕਖਾਨਾ ਪੰਚਾਇਤ ਤੋਂ ਇਲਾਵਾ ਕਪੂਰਥਲਾ ਦੀ ਗਰਾਮ ਪੰਚਾਇਤ ਸੰਘੋਜਾਲਾ, ਅੰਮ੍ਰਿਤਸਰ ਦੀ ਗਰਾਮ ਪੰਚਾਇਤ ਮਹਿਤਾ, ਫ਼ਰੀਦਕੋਟ ਦੀ ਗਰਾਮ ਪੰਚਾਇਤ ਮਚਾਕੀ ਕਲਾਂ, ਲੁਧਿਆਣਾ ਦੀ ਗਰਾਮ ਪੰਚਾਇਤ ਗੁਰੂਗੜ੍ਹ, ਪਟਿਆਲਾ ਦੀ ਗਰਾਮ ਪੰਚਾਇਤ ਦੇਵੀਨਗਰ ਅਤੇ ਫ਼ਾਜ਼ਿਲਕਾ ਦੀ ਗਰਾਮ ਪੰਚਾਇਤ ਥੇਹ ਕਲੰਦਰ ਦੀ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਪੁਰਸਕਾਰ ਲਈ’ ਚੋਣ ਕੀਤੀ ਗਈ ਹੈ। ਇਸੇ ਤਰ੍ਹਾਂ ਕਪੂਰਥਲਾ ਦੀ ਨੂਰਪੁਰ ਲੁਬਾਣਾ ਗ੍ਰਾਮ ਪੰਚਾਇਤ ਨੂੰ ‘ਬਾਲ-ਮਿੱਤਰਤਾਈ ਪੁਰਸਕਾਰ’, ਗੁਰਦਾਸਪੁਰ ਦੀ ਛੀਨਾ ਗ੍ਰਾਮ ਪੰਚਾਇਤ ਨੂੰ ‘ਗ੍ਰਾਮ ਪੰਚਾਇਤ ਵਿਕਾਸ ਵਿਉਂਤਬੰਦੀ ਪੁਰਸਕਾਰ’ ਹਾਸਲ ਹੋਏ ਹਨ। 

ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਐਵਾਰਡ ਜੇਤੂਆਂ ਨੂੰ ਮੁੁਬਾਰਕਬਾਦ ਦਿੱਤੀ।ਅਧਿਕਾਰੀ ਡਾ. ਰੋਜ਼ੀ ਵੈਦ ਨੇ ਦੱਸਿਆ ਕਿ ਚੁਣੀਆਂ ਪੰਚਾਇਤਾਂ ਨੂੰ ਪੁਰਸਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਲੀ ਵਿੱਚ ‘ਕੌਮੀ ਪੰਚਾਇਤੀ ਰਾਜ ਦਿਵਸ’ ਮੌਕੇ 21 ਅਪਰੈਲ ਨੂੰ ਹੋਣ ਵਾਲੇ ਸਮਾਗਮ ਵਿੱਚ ਦਿੱਤੇ ਜਾਣਗੇ। ਜ਼ਿਲ੍ਹਾ ਪਰਿਸ਼ਦ ਨੂੰ ਤਕਰੀਬਨ 50 ਲੱਖ, ਬਲਾਕ ਸਮਿਤੀ ਨੂੰ 25 ਲੱਖ ਅਤੇ ਗਰਾਮ ਪੰਚਾਇਤ ਨੂੰ ਤਕਰੀਬਨ 10 ਲੱਖ ਰੁਪਏ ਦੀ ਰਾਸ਼ੀ ਦਿੱਤੀ ਜਾਂਦੀ ਹੈ। 

ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਨੂੰ ਕੌਮੀ ਐਵਾਰਡ

ਕੇਂਦਰ ਸਰਕਾਰ ਨੇ ਜ਼ਿਲ੍ਹਾ ਪਰਿਸ਼ਦ ਗੁਰਦਾਸਪੁਰ ਨੂੰ ਇਸ ਵਰ੍ਹੇ ਦਾ ‘ਦੀਨ ਦਿਆਲ ਉਪਾਧਿਆਇ ਪੰਚਾਇਤ ਸਸ਼ਕਤੀਕਰਨ ਕੌਮੀ ਪੁਰਸਕਾਰ’ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੂਬੇ ਦੀਆਂ ਦੋ ਬਲਾਕ ਸਮਿਤੀਆਂ, ਜ਼ਿਲ੍ਹਾ ਲੁਧਿਆਣਾ ਦੀ ਸਮਰਾਲਾ ਅਤੇ ਜ਼ਿਲ੍ਹਾ ਪਟਿਆਲਾ ਦੀ ਭੁਨਰਹੇੜੀ ਬਲਾਕ ਸਮਿਤੀ ਦੀ ਚੋਣ ਪੁਰਸਕਾਰਾਂ ਲਈ ਕੀਤੀ ਗਈ ਹੈ। 

Leave a Reply

Your email address will not be published. Required fields are marked *