ਲੱਖਾ ਸਿਧਾਣਾ ਦੀ ਅਗਵਾਈ ਹੇਠ ਨੌਜਵਾਨ ਦਿੱਲੀ ਪੁੱਜੇ

ਨਵੀਂ ਦਿੱਲੀ: ਮਸਤੂਆਣਾ ਸਾਹਿਬ ਦੇ ਗੁਰਦੁਆਰਾ ਗੁਰਸਾਗਰ ਸਾਹਿਬ ਤੋਂ ਨੌਜਵਾਨ ਆਗੂ ਲੱਖਾ ਸਿਧਾਣਾ ਦੀ ਅਗਵਾਈ ਹੇਠ ਅੱਜ ਸਵੇਰੇ ਚੱਲਿਆ ਨੌਜਵਾਨਾਂ ਦਾ ਕਾਫਲਾ ਰਾਤ 10 ਵਜੇ ਦੇ ਕਰੀਬ ਦਿੱਲੀ ਦੀ ਸਿੰਘੂ ਹੱਦ ’ਤੇ ਪਹੁੰਚ ਗਿਆ ਹੈ। ਲੱਖਾ ਸਿਧਾਣਾ ਨਾਲ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਸ਼ਾਮਲ ਸਨ। ਇਸ ਮੌਕੇ ਲੱਖਾ ਸਿਧਾਣਾ ਨੇ ਕਿਹਾ ਕਿ ਉਨ੍ਹਾਂ ਦੇ ਸੀਨੀਅਰ ਕਿਸਾਨ ਆਗੂਆਂ ਨਾਲ ਮੱਤਭੇਦ ਖ਼ਤਮ ਹੋ ਗਏ ਹਨ ਅਤੇ ਉਹ ਹੁਣ ਇੱਕਜੁਟ ਹੋ ਕੇ ਕੇਂਦਰ ਸਰਕਾਰ ਖ਼ਿਲਾਫ਼ ਸੰਘਰਸ਼ ਕਰਨਗੇ। ਇਸ ਤੋਂ ਪਹਿਲਾਂ ਗੁਰਦੁਆਰਾ ਗੁਰਸਾਗਰ ਮਸਤੂਆਣਾ ਸਾਹਿਬ ਤੋਂ ਦਿੱਲੀ ਜਾਣ ਲਈ ਨੌਜਵਾਨ ਆਗੂ ਲੱਖਾ ਸਿਧਾਣਾ, ਜਸਵੰਤ ਸਿੰਘ ਖਹਿਰਾ, ਦਰਬਾਰ-ਏ-ਖਾਲਸਾ ਦੇ ਮੁਖੀ ਭਾਈ ਹਰਜਿੰਦਰ ਸਿੰਘ ਮਾਝੀ, ਸੁਰਜੀਤ ਸਿੰਘ ਫੂਲ, ਬਲਦੇਵ ਸਿੰਘ ਸਿਰਸਾ ਹੁਰਾਂ ਦੀ ਅਗਵਾਈ ਵਿਚ ਨੌਜਵਾਨਾਂ ਦਾ ਇਕ ਵੱਡਾ ਕਾਫਲਾ ਅਰਦਾਸ ਕਰਨ ਮਗਰੋਂ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਉਪਰੋਕਤ ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨਾਂ ਅਤੇ ਬਜ਼ੁਰਗ ਆਗੂਆਂ ਵਿਚ ਪਾੜਾ ਪਾਇਆ ਜਾ ਰਿਹਾ ਸੀ। ਉਹ ਹੁਣ ਪਾੜਾ ਖ਼ਤਮ ਹੋ ਚੁੱਕਿਆ ਹੈ। ਨੌਜਵਾਨ ਆਗੂ ਲੱਖਾ ਸਿਧਾਣਾ ਅਤੇ ਭਾਈ ਹਰਜਿੰਦਰ ਸਿੰਘ ਮਾਝੀ ਹੋਰਾਂ ਨੇ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕੋ ਮੰਚ ’ਤੇ ਲੜਾਈ ਲੜਨੀ ਚਾਹੀਦੀ ਹੈ ਤਾਂ ਜੋ ਮੋਦੀ ਸਰਕਾਰ ਨੂੰ ਝੁਕਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਕੱਲ 10 ਅਪਰੈਲ ਨੂੰ ਦਿੱਲੀ ’ਚ ਕੇਐੱਮਪੀ ਰੋਡ ਨੂੰ 24 ਘੰਟਿਆਂ ਲਈ ਜਾਮ ਕੀਤਾ ਜਾਵੇਗਾ ਜਿਸ ਵਿਚ ਸਮੂਹ ਨੌਜਵਾਨ ਸ਼ਾਮਲ ਹੋਣਗੇ। ਇਸ ਮੌਕੇ ਭਾਈ ਜਗਸੀਰ ਸਿੰਘ ਜੱਗੀ, ਗੁਰਮੀਤ ਸਿੰਘ ਮਹੇਰਨਾ, ਜਸਪਾਲ ਸਿੰਘ ਦੁੱਗਾ, ਸਤਨਾਮ ਸਿੰਘ ਚੀਮਾ, ਤਰਸੇਮ ਸਿੰਘ, ਹਰਦੀਪ ਸਿੰਘ ਮਹਿਰਾਜ ਸਮੇਤ ਇਲਾਕੇ ਦੇ ਕਿਸਾਨ ਮੌਜੂਦ ਸਨ।

Leave a Reply

Your email address will not be published. Required fields are marked *