ਕਰੋਨਾ ਕਾਰਨ ਬਲੱਡ ਬੈਂਕ ਵੀ ਖਾਲੀ ਹੋਣ ਲੱਗੇ

ਅੰਮ੍ਰਿਤਸਰ: ਕਰੋਨਾ ਸੰਕਟ ਦੌਰਾਨ ਖੂਨਦਾਨ ਘੱਟ ਜਾਣ ਕਾਰਨ ਹੁਣ ਬਲੱਡ ਬੈਂਕ ਵੀ ਖਾਲੀ ਹੁੰਦੇ ਜਾ ਰਹੇ ਹਨ। ਸਿਹਤ ਵਿਭਾਗ ਦੇ ਨਿਯਮਾਂ ਮੁਤਾਬਕ ਕਰੋਨਾ ਰੋਕੂ ਟੀਕਾ ਲਵਾਉਣ ਵਾਲਾ ਕੋਈ ਵੀ ਵਿਅਕਤੀ 45 ਤੋਂ 60 ਦਿਨਾਂ ਤਕ ਖੂਨ ਦਾਨ ਨਹੀਂ ਕਰ ਸਕਦਾ, ਜਿਸ ਕਾਰਨ ਹਸਪਤਾਲਾਂ ਦੇ ਬਲੱਡ ਬੈਂਕਾਂ ਵਿਚ ਖੂਨ ਦੀ ਕਮੀ ਪੈਦਾ ਹੋਣ ਲੱਗੀ ਹੈ। ਇਸ ਸੰਕਟ ਕਾਰਨ ਥੈਲੇਸੀਮੀਆ, ਕੈਂਸਰ, ਡਾਇਲੇਸਿਸ, ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਇਸ ਵੇਲੇ ਸਰਕਾਰ ਨੇ 18 ਤੋਂ 45 ਸਾਲ ਦੇ ਨੌਜਵਾਨਾਂ ਲਈ ਟੀਕਾਕਰਨ ਲਾਜ਼ਮੀ ਕਰ ਦਿੱਤਾ ਹੈ। ਜ਼ਿਆਦਾਤਰ ਖੂਨ ਦਾਨ ਕਰਨ ਵਾਲੇ ਵਿਅਕਤੀ ਇਸੇ ਉਮਰ ਵਰਗ ਦੇ ਹਨ। ਜਦੋਂ ਇਸ ਉਮਰ ਵਰਗ ਦੇ ਲੋਕਾਂ ਦਾ ਟੀਕਾਕਰਨ ਹੋਵੇਗਾ ਤਾਂ ਉਹ 45 ਤੋਂ 60 ਦਿਨ ਤਕ ਖੂਨ ਦਾਨ ਨਹੀਂ ਕਰ ਸਕਣਗੇ। ਮੌਜੂਦਾ ਸੰਕਟ ਨੂੰ ਦੇਖਦਿਆਂ ਬਲੱਡ ਬੈਂਕਾਂ ਦੇ ਪ੍ਰਬੰਧਕ ਖੂਨਦਾਨੀਆਂ ਨੂੰ ਟੀਕਾ ਲਵਾਉਣ ਤੋਂ ਪਹਿਲਾਂ ਖੂਨ ਦਾਨ ਦੀ ਅਪੀਲ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿਚ ਇਸ ਵੇਲੇ ਖੂਨ ਦੇ ਏ ਬੀ, ਏ ਅਤੇ ਬੀ ਗਰੁੱਪ ਦੀ ਕਮੀ ਪਾਈ ਜਾ ਰਹੀ ਹੈ। ਲਗਪਗ 600 ਤੋਂ 700 ਖੂਨ ਯੂਨਿਟ ਦੀ ਥਾਂ ਇਸ ਵੇਲੇ ਬਲੱਡ ਬੈਂਕਾਂ ਵਿਚ ਸਿਰਫ 200 ਯੂਨਿਟ ਖੂਨ ਉਪਲੱਬਧ ਹੈ। ਅੰਮ੍ਰਿਤਸਰ ਵਾਂਗ ਤਰਨ ਤਾਰਨ ਅਤੇ ਗੁਰਦਾਸਪੁਰ ਦੇ ਬਲੱਡ ਬੈਂਕਾਂ ਵਿਚ ਵੀ ਖੂਨ ਦੀ ਕਮੀ ਪੈਦਾ ਹੋ ਰਹੀ ਹੈ।

ਖੂਨਦਾਨ ਕੈਂਪ ਬੰਦ ਹੋਣ ਕਾਰਨ ਸਮੱਸਿਆ: ਡਾ. ਰਿਆੜ

ਸਿਵਲ ਹਸਪਤਾਲ ਦੇ ਬਲੱਡ ਬੈਂਕ ਦੇ ਇੰਚਾਰਜ ਡਾ. ਸਰਦੀਪਕ ਸਿੰਘ ਰਿਆੜ ਨੇ ਦੱਸਿਆ ਕਿ ਤਾਲਾਬੰਦੀ ਕਾਰਨ ਖੂਨਦਾਨ ਕੈਂਪ ਨਹੀਂ ਲਾਏ ਜਾ ਰਹੇ। ਇਸ ਤੋਂ ਇਲਾਵਾ ਕਰੋਨਾ ਦੇ ਪਸਾਰੇ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਫਵਾਹਾਂ ਵੀ ਹਨ, ਜਿਸ ਨੇ ਖੂਨਦਾਨ ਦੀ ਪ੍ਰਕਿਰਿਆ ’ਤੇ ਅਸਰ ਪਾਇਆ ਹੈ। ਇਸ ਨਾਲ ਥੈਲੇਸੀਮੀਆ ਅਤੇ ਜਿਨ੍ਹਾਂ ਮਰੀਜ਼ਾਂ ਦਾ ਖੂਨ ਬਦਲਣ ਦੀ ਲੋੜ ਹੈ, ਨੂੰ ਵਧੇਰੇ ਮੁਸ਼ਕਲ ਆਵੇਗੀ। ਇਸ ਤੋਂ ਇਲਾਵਾ ਜਣੇਪਾ ਕੇਸਾਂ, ਜਿਨ੍ਹਾਂ ਨੂੰ ਖੂਨ ਦੀ ਲੋੜ ਪੈਂਦੀ ਹੈ ਅਤੇ ਸੜਕ ਹਾਦਸਿਆਂ ਦੇ ਕੇਸ, ਜਿੱਥੇ ਵਧੇਰੇ ਖੂਨ ਵਹਿ ਜਾਂਦਾ ਹੈ, ਨੂੰ ਵੀ ਖੂਨ ਚੜ੍ਹਾਉਣ ਵਿਚ ਮੁਸ਼ਕਲ ਆ ਸਕਦੀ ਹੈ। ਉਨ੍ਹਾਂ ਦੱਸਿਆ ਕਿ ਪਹਿਲਾਂ ਆਮ ਦਿਨਾਂ ਵਿਚ ਅੰਮ੍ਰਿਤਸਰ ਜ਼ਿਲ੍ਹੇ ’ਚ 20 ਤੋਂ 22 ਖੂਨ ਦੇ ਯੂਨਿਟ ਮਰੀਜ਼ਾਂ ਲਈ ਜਾਰੀ ਕੀਤੇ ਜਾਂਦੇ ਸਨ ਪਰ ਹੁਣ ਖੂਨ ਦੀ ਕਮੀ ਕਾਰਨ ਦਸ ਤੋਂ 12 ਯੂਨਿਟ ਹੀ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਸਿਹਤ ਕਾਮਿਆਂ ਨੂੰ ਵੀ ਖੂਨਦਾਨ ਲਈ ਪ੍ਰੇਰਿਆ ਜਾ ਰਿਹਾ ਹੈ।

Leave a Reply

Your email address will not be published. Required fields are marked *