ਚੰਨੀ ਮਾਮਲੇ ਚ ਕਾਂਗਰਸ ਦੇ ਦਿੱਗਜ ਆਗੂਆਂ ਦਾ ਵੱਡਾ ਬਿਆਨ ਆਇਆ ਸਾਹਮਣੇ

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਮਹਿਲਾ ਅਫ਼ਸਰ ਨੂੰ ਭੇਜੇ ਗਏ ਇਤਰਾਜ਼ਯੋਗ ਮੈਸਜ ਦਾ ਮਾਮਲਾ ਮੁੜ ਤੂਲ ਫੜ੍ਹਦਾ ਜਾ ਰਿਹਾ ਹੈ। ਅਜਿਹੇ ‘ਚ ਕਾਂਗਰਸ ਦੇ ਦਿੱਗਜ ਆਗੂਆਂ ਦਾ ਬਿਆਨ ਸਾਹਮਣੇ ਆਇਆ ਹੈ। ਇਨ੍ਹਾਂ ਆਗੂਆਂ ਦਾ ਕਹਿਣਾ ਹੈ ਕਿ ਘਰ ਦਾ ਮਾਮਲਾ ਘਰ ‘ਚ ਹੀ ਸੁਲਝਾਇਆ ਜਾਣਾ ਚਾਹੀਦਾ ਹੈ। ਆਗੂਆਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਅਤੇ ਅਜਿਹੇ ‘ਚ ਜੇਕਰ ਇੰਝ ਹੀ ਇਹ ਮਾਮਲਾ ਜ਼ੋਰ ਫੜ੍ਹਦਾ ਗਿਆ ਤਾਂ ਕਾਂਗਰਸ ਪਾਰਟੀ ‘ਤੇ ਇਸ ਦਾ ਬੁਰਾ ਪ੍ਰਭਾਵ ਪੈ ਸਕਦਾ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਸਟੇਟ ਵੂਮੈਨ ਕਮਿਸ਼ਨ ਦੀ ਚੇਅਰਪਰਸਨ ਮੁਨੀਸ਼ਾ ਗੁਲਾਟੀ ਨੇ ਐਲਾਨ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਮਹਿਲਾ ਅਧਿਕਾਰੀ ਨਾਲ ਹੋਈ ਘਟਨਾ ‘ਤੇ ਅਗਲੇ ਹਫ਼ਤੇ ਅੰਦਰ ਜਵਾਬ ਨਾ ਦਿੱਤਾ ਤਾਂ ਉਹ ਭੁੱਖ-ਹੜ੍ਹਤਾਲ ‘ਤੇ ਬੈਠ ਜਾਣਗੇ। ਅਜਿਹੇ ‘ਚ ਕਾਂਗਰਸੀ ਆਗੂਆਂ ਵੱਲੋਂ ਘਰ ਦੇ ਮਸਲੇ ਨੂੰ ਘਰ ‘ਚ ਹੀ ਸੁਲਝਾਉਣ ਦੀ ਗੱਲ ਕਹੀ ਗਈ ਹੈ। ਇਨ੍ਹਾਂ ਕਾਂਗਰਸੀ ਆਗੂਆਂ ‘ਚ ਪੰਜਾਬ ਕਾਂਗਰਸ ਦੇ ਪ੍ਰਭਾਰੀ ਹਰੀਸ਼ ਰਾਵਤ, ਰਾਜਾ ਵੜਿੰਗ, ਸੁਨੀਲ ਜਾਖੜ ਅਤੇ ਹੋਰ ਸ਼ਾਮਲ ਸਨ।

ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਹੀ ਸੈਰ-ਸਪਾਟਾ ਤੇ ਸੱਭਿਆਚਾਰਕ ਮਾਮਲੇ ਅਤੇ ਤਕਨੀਕ ਸਿੱਖਿਆ ਵਿਭਾਗ ਦੇ ਕੈਬਨਿਟ ਮੰਤਰੀ ਚੰਨੀ ਦੇ ਵਿਭਾਗ ’ਚ ਤਾਇਨਾਤ ਇਕ ਸੀਨੀਅਰ ਆਈ. ਏ. ਐੱਸ. ਅਧਿਕਾਰੀ ਨੇ ਇਹ ਮਾਮਲਾ ਮੁੱਖ ਮੰਤਰੀ ਦੇ ਸਾਹਮਣੇ ਚੁੱਕਿਆ ਸੀ ਕਿ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਨ੍ਹਾਂ ਨੂੰ ਇਤਰਾਜ਼ਯੋਗ ਮੈਸੇਜ ਭੇਜਿਆ ਹੈ। ਉਸ ਸਮੇਂ ਇਹ ਮਾਮਲਾ ਮੀਡੀਆ ਦੀਆਂ ਸੁਰਖੀਆਂ ਬਣਿਆ ਸੀ। ਚੁਫੇਰਿਓਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਦਬਾਅ ਸੀ ਕਿ ਮੰਤਰੀ ਚੰਨੀ ਨੂੰ ਕੈਬਨਿਟ ਤੋਂ ਬਰਖ਼ਾਸਤ ਕੀਤਾ ਜਾਵੇ। ਇਹ ਮਾਮਲਾ ਅਜੇ ਵੀ ਪੈਂਡਿੰਗ ਚੱਲ ਰਿਹਾ ਹੈ। ਹੁਣ ਜਿਵੇਂ ਹੀ ਬੀਬੀਆਂ ਨਾਲ ਸਬੰਧਿਤ ਮਾਮਲੇ ’ਚ ਕਰਨਾਟਕ ਅਤੇ ਮਹਾਰਾਸ਼ਟਰ ਦੀਆਂ ਸਰਕਾਰਾਂ ਨੇ ਸਖ਼ਤ ਐਕਸ਼ਨ ਲੈਂਦੇ ਹੋਏ ਆਪਣੇ ਮੰਤਰੀਆਂ ਤੋਂ ਅਸਤੀਫ਼ੇ ਲੈ ਲਏ ਹਨ, ਅਜਿਹੇ ’ਚ ਪੰਜਾਬ ਦੀ ਅਫ਼ਸਰਸ਼ਾਹੀ ਇਸ ਮਾਮਲੇ ’ਚ ਇਕ ਵਾਰ ਫਿਰ ਤੋਂ ਸਰਗਰਮ ਹੋ ਗਈ ਹੈ।

Leave a Reply

Your email address will not be published. Required fields are marked *