ਨਿੱਜੀ ਹਸਪਤਾਲ ਵਿੱਚ ਮਰੀਜ਼ ਦੀ ਮੌਤ; ਪਰਿਵਾਰ ਵੱਲੋਂ ਧਰਨਾ

ਮੋਗਾ :ਇੱਥੇ ਅਮ੍ਰਿੰਤਸਰ ਰੋਡ ਸਥਿਤ ਅੰਮ੍ਰਿਤ ਹਸਪਤਾਲ ਵਿੱਚ ਮਰੀਜ਼ ਦੀ ਮੌਤ ਬਾਅਦ ਪਰਿਵਾਰ ਵੱਲੋਂ ਇਲਾਜ ਦੌਰਾਨ ਲਾਪ੍ਰਵਾਹੀ ਦੋਸ਼ ਲਗਾ ਕੇ ਸੜਕ ’ਚ ਰੋਸ ਧਰਨਾ ਦਿੱਤਾ ਗਿਆ। ਇਸ ਦੌਰਾਨ ਆਮ ਆਦਮੀ ਕਾਰਕੁਨ ਵੀ ਪੀੜਤ ਪਰਿਵਾਰ ਦੇ ਹੱਕ ਵਿੱਚ ਡਟ ਗਏ।

ਸੂਚਨਾ ਮਿਲਦਿਆਂ ਹੀ ਡੀਐੱਸਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਅਤੇ ਥਾਣਾ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਸਰਾਂ ਮੌਕੇ ਉੱਤੇ ਪੁੱਜੇ ਅਤੇ ਜਾਣਕਾਰੀ ਹਾਸਲ ਕੀਤੀ। ਉਨ੍ਹਾਂ ਕਿਹਾ ਕਿ ਦੋਨਾਂ ਪੱਖਾਂ ਦੀ ਗੱਲ ਸੁਣੀ ਗਈ ਹੈ। ਪੁਲੀਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੇ ਦੋਵਾਂ ਧਿਰਾਂ ਵਿੱਚ ਰਾਜ਼ੀਨਾਮਾ ਨਾ ਹੋਇਆ ਤਾਂ ਉਹ ਕਾਇਦੇ ਕਾਨੂੰਨ ਮੁਤਾਬਕ ਕਾਰਵਾਈ ਕਰਨਗੇ।

ਪੀੜਤ ਦਲਿਤ ਪਰਿਵਾਰ ਦਾ ਆਖਣਾ ਸੀ ਕਿ ਉਨ੍ਹਾਂ ਦਾ ਕਰੀਬ 15 ਲੱਖ ਰੁਪਏ ਇਲਾਜ ਉੱਤੇ ਖਰਚ ਹੋਇਆ ਹੈ। ਮ੍ਰਿਤਕ ਪੰਚ ਕੁਲਵਿੰਦਰ ਸਿੰਘ ਪਿੰਡ ਜਨੇਰ ਦਾ ਰਹਿਣ ਵਾਲਾ ਸੀ। ਇਸ ਮੌਕੇ ਮ੍ਰਿਤਕ ਦੀ ਪਤਨੀ ਗੁਰਮੀਤ ਕੌਰ ਤੇ ਹੋਰ ਰਿਸ਼ਤੇਦਾਰਾਂ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦੀ ਕਰੀਬ 9 ਮਹੀਨੇ ਪਹਿਲਾਂ ਪਿੱਤੇ ਦੀ ਦੂਰਬੀਨ ਰਾਂਹੀ ਸਰਜਰੀ ਕਰਵਾਈ ਸੀ। ਇਸ ਤੋਂ ਬਾਅਦ ਉਸ ਦੀ ਸਿਹਤ ਵਿੱਚ ਸੁਧਾਰ ਨਹੀਂ ਹੋਇਆ ਅਤੇ ਉਹ ਲੁਧਿਆਣਾ ਵੀ ਲੈ ਗਏ। ਪੀੜਤ ਪਰਿਵਾਰ ਦਾ ਦੋਸ਼ ਹੈ ਕਿ ਸਰਜਰੀ ਵੇਲੇ ਖੁਰਾਕ ਨਾਲੀ ਨੂੰ ਕੱਟ ਲੱਗ ਜਾਣ ਕਾਰਨ ਸਿਹਤ ਵਿਗੜਦੀ ਗਈ। ਉਨ੍ਹਾਂ ਕੁਝ ਦਿਨ ਪਹਿਲਾਂ ਮੁੜ ਇਸੇ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਤੇ ਇੱਥੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਲਾਜ ਦੌਰਾਨ ਲਾਪ੍ਰਵਾਹੀ ਵਰਤਣ ਦੇ ਇਲਜ਼ਾਮ ਲਗਾਏ ਹਨ।

ਦੂਜੇ ਪਾਸੇ ਡਾ. ਹਰਜਿੰਦਰ ਸਿੰਘ ਸਿੱਧੂ ਨੇ ਮਰੀਜ਼ ਦੇ ਇਲਾਜ ’ਚ ਲਾਪ੍ਰਵਾਹੀ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਆਖਿਆ ਕਿ ਉਨ੍ਹਾਂ ਦੀ ਪਰਿਵਾਰ ਨਾਲ ਹਮਦਰਦੀ ਹੈ, ਉਨ੍ਹਾਂ ਦੱਸਿਆ ਕਿ ਹੁਣ ਪਰਿਵਾਰ ਕੋਲੋਂ ਦਵਾਈਆਂ ਦਾ ਬਿੱਲ ਵੀ ਨਹੀਂ ਲਿਆ ਗਿਆ। ਪੀੜਤ ਪਰਿਵਾਰ ਰਿਸ਼ਤੇਦਾਰ ਤੇ ’ਆਪ’ ਕਾਰਕੁਨਾ ਵੱਲੋਂ ਸੜਕ ਜਾਮ ਕਰਕੇ ਰੋਸ ਧਰਨਾ ਸ਼ੁਰੂ ਕਰ ਦਿੱਤਾ ਗਿਆ। ਸ਼ਾਮ ਕਰੀਬ 6 ਵਜੇ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਅਤੇ ਡਾਕਟਰ ਨੇ ਪੀੜਤ ਪਰਿਵਾਰ ਨੂੰ 5 ਲੱਖ ਰੁਪਏ ਦਾ ਚੈੱਕ ਸੌਪ ਦਿੱਤਾ ਗਿਆ।

Leave a Reply

Your email address will not be published. Required fields are marked *