ਧਰਨਾਕਾਰੀ ਔਰਤ ’ਚ ਗੱਡੀ ਮਾਰ ਕੇ ਸਰਪੰਚ ਨੇ ਕੱਢੀ ਪਿਸਤੌਲ

ਬਰਨਾਲਾ: ਧਨੌਲਾ ਲਾਗੇ ਟੌਲ ਪਲਾਜ਼ਾ ਬਡਬਰ ਨੇੜੇ ਬਰਨਾਲਾ ਤੋਂ ਸੰਗਰੂਰ ਜਾ ਰਹੇ ਪਿੰਡ ਕਲਾਲੇ ਦੇ ਸਰਪੰਚ ਰਣਜੀਤ ਸਿੰਘ ਰਾਣਾ ਦੀ ਗੱਡੀ ਬੇਕਾਬੂ ਹੋ ਕੇ ਧਰਨੇ ਵਿੱਚ ਸ਼ਾਮਲ ਇੱਕ ਔਰਤ ਤਾਜ ਬੇਗਮ ਨਾਲ ਜਾ ਟਕਰਾਈ, ਜਿਸ ਕਾਰਨ ਔਰਤ ਜ਼ਖ਼ਮੀ ਹੋ ਗਈ। ਇਸ ਮਗਰੋਂ ਜਦੋਂ ਧਰਨਾ ਦੇ ਰਹੇ ਲੋਕਾਂ ਨੇ ਕਾਰ ਨੂੰ ਘੇਰਾ ਪਾ ਲਿਆ ਤਾਂ ਸਰਪੰਚ ਨੇ ਪਿਸਤੌਲ ਕੱਢ ਕੇ ਭੀੜ ਨੂੰ ਦੂਰ ਰਹਿਣ ਦੀ ਹਦਾਇਤ ਕੀਤੀ ਪਰ ਲੋਕਾਂ ਨੇ ਉਸ ਨੂੰ ਭੱਜਣ ਨਾ ਦਿੱਤਾ। ਕੁਝ ਸਮਾਂ ਬਾਅਦ ਮੌਕੇ ’ਤੇ ਪਹੁੰਚੀ ਧਨੌਲਾ ਪੁਲੀਸ ਸਰਪੰਚ ਨੂੰ ਥਾਣੇ ਲੈ ਗਈ ਅਤੇ ਕਿਸਾਨ ਜ਼ਖ਼ਮੀ ਔਰਤ ਨੂੰ ਹਸਪਤਾਲ ਲੈ ਗਏ।

ਇਸ ਦੌਰਾਨ ਰੋਸ ਵਿੱਚ ਆਏ ਕਿਸਾਨ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਭੈਣੀ ਮਹਿਰਾਜ, ਕ੍ਰਿਸ਼ਨ ਸਿੰਘ ਛੰਨਾ, ਬਲਾਕ ਪ੍ਰਧਾਨ ਬਲੌਰ ਸਿੰਘ ਛੰਨਾ, ਧਰਮਪਾਲ ਕੌਰ, ਰਾਜਵਿੰਦਰ ਕੌਰ, ਗਗਨਦੀਪ ਕੌਰ ਤੇ ਹੋਰਾਂ ਨੇ ਸੜਕ ’ਤੇ ਧਰਨਾ ਲਾ ਲਿਆ। ਕਿਸਾਨਾਂ ਦੇ ਵਧਦੇ ਰੋਸ ਨੂੰ ਦੇਖਦਿਆਂ ਪੁਲੀਸ ਨੇ ਸਰਪੰਚ ਦੀ ਕਿਸਾਨ ਆਗੂਆਂ ਨਾਲ ਮੀਟਿੰਗ ਕਰਵਾਈ ਅਤੇ ਸਰਪੰਚ ਨੇ ਮੁਆਫ਼ੀ ਮੰਗਦਿਆਂ ਜ਼ਖ਼ਮੀ ਔਰਤ ਦਾ ਇਲਾਜ ਕਰਵਾਉਣ ਦਾ ਭਰੋਸਾ ਦਿੱਤਾ। ਮਗਰੋਂ ਕਿਸਾਨ ਯੂਨੀਅਨਾਂ ਨੇ ਧਰਨਾ ਚੁੱਕ ਲਿਆ। 

Leave a Reply

Your email address will not be published. Required fields are marked *