ਕੂੜਾ ਡੰਪ ਨੇ ਜ਼ਮੀਨ ਹੇਠਲੇ ਪਾਣੀ ’ਚ ਜ਼ਹਿਰ ਘੋਲਿਆ

ਲੁਧਿਆਣਾ: ਸੂਬੇ ਦੀ ਸਭ ਤੋਂ ਵੱਡੀ ਨਗਰ ਨਿਗਮ ਲੁਧਿਆਣਾ ਦੀ ਲਾਪ੍ਰਵਾਹੀ ਕਾਰਨ ਤਾਜਪੁਰ ਰੋਡ ਦੇ ਕੂੜਾ ਡੰਪ ਦੇ ਦੋ ਕਿਲੋਮੀਟਰ ਘੇਰੇ ’ਚ ਆਉਂਦੇ ਇਲਾਕੇ ਦਾ ਜ਼ਮੀਨ ਹੇਠਲਾ ਪਾਣੀ ਜ਼ਹਿਰੀਲਾ ਹੋ ਗਿਆ ਹੈ। ਇਹ ਖ਼ੁਲਾਸਾ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐੱਨਜੀਟੀ) ਦੀ ਮਾਨੀਟਰਿੰਗ ਕਮੇਟੀ ਦੀ ਆਨਲਾਈਨ ਮੀਟਿੰਗ ’ਚ ਹੋਇਆ ਹੈ। ਕਮੇਟੀ ਦੇ ਚੇਅਰਮੈਨ ਜਸਟਿਸ ਜਸਬੀਰ ਸਿੰਘ ਨੇ ਆਖਿਆ ਕਿ ਪ੍ਰਭਾਵਿਤ ਇਲਾਕਿਆਂ ’ਚ ਕਰੀਬ 500 ਸਬਮਰਸੀਬਲ ਮੋਟਰਾਂ ਰਾਹੀਂ ਪਾਣੀ ਦੀ ਸਪਲਾਈ ਹੁੰਦੀ ਹੈ, ਜਿਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਣਾ ਚਾਹੀਦਾ ਹੈ। ਨਿਗਮ ਕਮਿਸ਼ਨਰ ਨੂੰ ਇਨ੍ਹਾਂ ਇਲਾਕਿਆਂ ’ਚ ਰਹਿ ਰਹੇ ਲੋਕਾਂ ਲਈ ਪਾਣੀ ਦਾ ਪ੍ਰਬੰਧ ਕਰਨ ਵਾਸਤੇ ਆਖਿਆ ਗਿਆ ਹੈ। 

ਦਰਅਸਲ, ਲੁਧਿਆਣਾ ਵਿੱਚ ਰੋਜ਼ਾਨਾ 1100 ਮੀਟਰਿਕ ਟਨ ਕੂੜਾ ਇਕੱਠਾ ਹੁੰਦਾ ਹੈ, ਜੋ ਤਾਜਪੁਰ ਰੋਡ ਸਥਿਤ ਕੂੜੇ ਦੇ ਡੰਪ ’ਤੇ ਪੁੱਜਦਾ ਹੈ। ਸ਼ਹਿਰ ਵਿੱਚੋਂ ਪਹਿਲਾਂ ਕਈ ਸਾਲ ਏਟੂਜ਼ੈੱਡ ਕੰਪਨੀ ਕੂੜਾ ਚੁੱਕਦੀ ਸੀ ਤੇ ਡੰਪ ’ਤੇ ਪੁੱਜਦਾ ਕਰ ਕੇ ਉੱਥੇ ਪ੍ਰੋਸੈੱਸ ਕਰਦੀ ਸੀ, ਪਰ ਕੰਮ ਸਹੀ ਨਾ ਹੋਣ ਕਾਰਨ ਫਰਵਰੀ ਮਹੀਨੇ ਤੋਂ ਕੰਪਨੀ ਨੇ ਕੰਮ ਛੱਡ ਦਿੱਤਾ ਹੈ। ਇਸ ਕਾਰਨ ਹੁਣ ਇੱਥੇ ਕੂੜੇ ਦਾ ਢੇਰ ਵੱਡਾ ਹੁੰਦਾ ਜਾ ਰਿਹਾ ਹੈ।  ਕਈ ਸਾਲਾਂ ਤੋਂ ਇੱਥੇ 16 ਲੱਖ ਟਨ ਕੂੜਾ ਪਿਆ ਹੋਇਆ ਹੈ, ਜੋ ਹੁਣ ਜ਼ਮੀਨ ਵਿੱਚ ਜ਼ਹਿਰ ਘੋਲ ਰਿਹਾ ਹੈ। 

ਪਿਛਲੇ ਸਮੇਂ ਦੌਰਾਨ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਤਾਜਪੁਰ ਰੋਡ ਕੂੜਾ ਡੰਪ ਸਾਈਟ ਨੇੜਲੇ ਇਲਾਕਿਆਂ ’ਚ ਜ਼ਮੀਨ ’ਚੋਂ ਆਉਣ ਵਾਲੇ ਪਾਣੀ ਦੇ ਸੈਂਪਲ ਲਏ ਸਨ ਤੇ ਪਾਣੀ ਜ਼ਹਿਰੀਲਾ ਪਾਇਆ ਗਿਆ ਸੀ। ਰਿਪੋਰਟ ਦੇਖਣ ਮਗਰੋਂ ਐੱਨਜੀਟੀ ਕਮੇਟੀ ਨੇ ਹੁਕਮ ਦਿੱੱਤੇ ਹਨ ਕਿ ਕੂੜਾ ਡੰਪ ਦੇ ਦੋ ਕਿਲੋਮੀਟਰ ਘੇਰੇ ’ਚ ਚੱਲ ਰਹੇ ਸਾਰੇ ਸਬਮਰਸੀਬਲ ਪੰਪ ਬੰਦ ਕਰ ਦਿੱਤੇ ਜਾਣ। ਉਸ ਦੀ ਜਗ੍ਹਾ ਨਿਗਮ ਕਮਿਸ਼ਨਰ ਨੂੰ ਹੁਕਮ ਹੋਏ ਹਨ ਕਿ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਇਸ ਤੋਂ ਇਲਾਵਾ ਡੰਪ ਸਾਈਟ ਨੇੜੇ ਗਲਾਡਾ ਇਲਾਕੇ ’ਚ ਕੱਟੀਆਂ ਜਾ ਰਹੀਆਂ ਨਾਜਾਇਜ਼ ਕਲੋਨੀਆਂ ’ਤੇ ਵੀ ਐੱਨਜੀਟੀ ਦੀ ਕਮੇਟੀ ਨੇ ਰੋਕ ਲਾਉਣ ਲਈ ਡੀਸੀ ਨੂੰ ਹੁਕਮ ਜਾਰੀ ਕੀਤੇ ਹਨ। ਨਿਗਮ ਨੂੰ ਹੁਕਮ ਜਾਰੀ ਹੋਏ ਹਨ ਕਿ ਜਮ੍ਹਾਂ ਹੋਏ ਕੂੜੇ ਦੇ ਡੰਪ ਦੀ ਪ੍ਰੋਸੈੱਸਿੰਗ ਜਲਦੀ ਕਰਵਾਈ ਜਾਵੇ।

ਵਿਧਾਇਕ ਨੇ ਨਿਗਮ ਨੂੰ ਸਮੱਸਿਆ ਛੇਤੀ ਹੱਲ ਕਰਨ ਲਈ ਆਖਿਆ

ਹਲਕੇ ਦੇ ਵਿਧਾਇਕ ਸੰਜੈ ਤਲਵਾੜ ਨੇ ਕਿਹਾ ਕਿ ਇਹ ਮਾਮਲਾ ਬੇਹੱਦ ਗੰਭੀਰ ਹੈ। ਡੰਪ ਦੇ ਨੇੜੇ ਬਹੁਤ ਸਾਰੀਆਂ ਕਲੋਨੀਆਂ ਹਨ, ਜਿੱਥੇ ਵੱਡੀ ਗਿਣਤੀ ਲੋਕ ਰਹਿੰਦੇ ਹਨ। ਉਨ੍ਹਾਂ ਨਗਰ ਨਿਗਮ ਅਧਿਕਾਰੀਆਂ ਨਾਲ ਗੱਲ ਕਰ ਕੇ ਛੇਤੀ ਸਮੱਸਿਆ ਹੱਲ ਕਰਨ ਨੂੰ ਕਿਹਾ ਹੈ। 

Leave a Reply

Your email address will not be published. Required fields are marked *