ਮਲੇਸ਼ੀਆ ਦੀ ਜੇਲ੍ਹ ਵਿੱਚ ਬੰਦ ਲਵਜੀਤ ਦੀ ਹੋਈ ਵਤਨ ਵਾਪਸੀ

ਤਲਵੰਡੀ ਸਾਬੋ: ਇਥੋਂ ਦੇ ਪਿੰਡ ਸੰਗਤ ਖੁਰਦ ਦਾ ਨੌਜਵਾਨ ਲਵਜੀਤ ਸਿੰਘ ਕਰੀਬ ਅੱਠ ਮਹੀਨੇ ਮਲੇਸ਼ੀਆ ਦੀ ਜੇਲ੍ਹ ਵਿੱਚ ਸਜ਼ਾ ਭੁਗਤਣ ਮਗਰੋਂ ਘਰ ਪਰਤ ਸਕਿਆ ਹੈ। ਲਵਜੀਤ ਸਿੰਘ (21) ਨੇ ਦੱਸਿਆ ਕਿ ਉਹ ਤਿੰਨ ਮਹੀਨਿਆਂ ਦਾ ਟੂਰਿਸਟ ਵੀਜ਼ਾ ਲਗਵਾ ਕੇ ਦਸੰਬਰ 2019 ਵਿੱਚ ਮਲੇਸ਼ੀਆ ਗਿਆ ਸੀ, ਏਜੰਟਾਂ ਨੇ ਭਰੋਸਾ ਦਿੱਤਾ ਸੀ ਕਿ ਵੀਜ਼ੇ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਉਸ ਨੂੰ ਸਿੰਗਾਪੁਰ ਭੇਜ ਦਿੱਤਾ ਜਾਵੇਗਾ। ਉਸ ਨੇ ਦੱਸਿਆ ਕਿ ਵੀਜ਼ੇ ਦੀ ਮਿਆਦ 25 ਮਾਰਚ 2020 ਨੂੰ ਪੂਰੀ ਹੋਣੀ ਸੀ ਤੇ ਵੀਜ਼ੇ ਦੀ  ਮਿਆਦ ਪੁੂਰੀ ਹੋਣ ਦੇ ਤਿੰਨ ਦਿਨ ਪਹਿਲਾਂ ਮਲੇਸ਼ੀਆ ਵਿੱਚ ਵੀ ਕਰੋਨਾ ਲੌਕਡਾਊਨ ਲੱਗ ਗਿਆ। ਵੀਜ਼ੇ ਦੀ ਮਿਆਦ ਲੰਘਣ ਤੋਂ ਬਾਅਦ ਉਸ ਨੂੰ ਇੱਕ ਮਹੀਨੇ ਦੀ ਸਜ਼ਾ ਸੁਣਾ ਕੇ ਬੈਂਤੁਨ ਜੇਲ੍ਹ ਭੇਜ ਦਿੱਤਾ ਗਿਆ, ਜਿੱਥੇ ਉਸ ਸਮੇਤ ਉੱਥੇ ਬੰਦ ਹੋਰਨਾਂ ਭਾਰਤੀਆਂ ਨਾਲ ਅਤਿ ਮਾੜਾ ਸਲੂਕ ਕੀਤਾ ਜਾਂਦਾ ਰਿਹਾ। ਪੀੜਤ ਨੌਜਵਾਨ ਅਨੁਸਾਰ ਇੱਕ ਮਹੀਨੇ ਦੀ ਸਜ਼ਾ ਦੇ ਬਾਵਜੂਦ ਉਸ ਨੂੰ ਅੱਠ ਮਹੀਨੇ ਜੇਲ੍ਹ ਵਿੱਚ ਨਰਕ ਭਰੇ ਮਾਹੌਲ ਵਿੱਚ ਰੱਖਿਆ ਗਿਆ ਅਤੇ ਕੁੱਟਮਾਰ ਵੀ ਕੀਤੀ ਗਈ। ਨੌਜਵਾਨ ਨੇ ਦੱਸਿਆ ਕਿ ਇੱਕ ਦਿਨ ਜੇਲ੍ਹ ਵਿੱਚੋਂ ਕੈਂਪ ਸ਼ਿਫਟ ਕਰਨ ਵੇਲੇ ਉਹ ਆਪਣੇ ਘਰ ਫੋਨ ਕਰਨ ਵਿੱਚ ਸਫ਼ਲ ਹੋ ਗਿਆ।  ਦੂਜੇ ਪਾਸੇ ਨੌਜਵਾਨ ਦੇ ਪਿਤਾ ਲਖਵੀਰ ਸਿੰਘ ਨੇ ਦੱਸਿਆ ਕਿ ਇਕਲੌਤੇ ਪੁੱਤਰ ਨਾਲ ਸੰਪਰਕ ਨਾ ਹੋ ਸਕਣ ਕਾਰਨ ਹੁਣ ਉਸ ਦੇ ਵਾਪਸ ਮੁੜ ਆਉਣ ਦੀ ਆਸ ਟੁੱਟਣ ਲੱਗ ਗਈ ਸੀ ਪਰ ਪਿਛਲੇ ਮਹੀਨੇ ਉਨ੍ਹਾਂ ਨੇ ਇਹ ਮਸਲਾ ਹਲਕੇ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਕੋਲ ਉਠਾਇਆ, ਜਿਨ੍ਹਾਂ ਨੇ ਉਨ੍ਹਾਂ ਦੀ ਮੁਲਾਕਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਕਰਵਾਈ। ਸ੍ਰੀ ਬਾਦਲ ਨੇ ਇਸ ਬਾਬਤ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੂੰ ਜਾਣੂ ਕਰਵਾਇਆ। ਬੀਬੀ ਬਾਦਲ ਨੇ ਵਿਦੇਸ਼ ਮੰਤਰਾਲੇ ਰਾਹੀਂ ਮਲੇਸ਼ੀਆ ਸਥਿੱਤ ਭਾਰਤੀ ਕੌਂਸਲਖਾਨੇ ਨਾਲ ਸੰਪਰਕ ਸਾਧਦਿਆਂ ਪੀੜ੍ਹਤ ਨੌਜਵਾਨ ਦੀ ਹਰ ਸੰਭਵ ਮੱਦਦ ਲਈ ਕਿਹਾ ਅਤੇ ਉਨ੍ਹਾਂ ਦੇ ਬੇਟੇ ਦਾ ਇੱਕ ਐੇਮਰਜੈਂਸੀ ਪਾਸਪੋਰਟ ਤਿਆਰ ਕਰਵਾਇਆ। ਜਿਸ ਰਾਹੀਂ ਅਖ਼ੀਰ ਉਹ ਬੀਤੀ 28 ਮਈ ਨੂੰ ਇੱਕ ਉਡਾਨ ਰਾਹੀਂ ਦਿੱਲੀ ਪੁੱਜਣ ਵਿੱਚ ਸਫ਼ਲ ਹੋ ਗਿਆ। ਪੀਹਤ ਨੌਜਵਾਨ ਦੇ ਪਰਿਵਾਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਵਾਪਸ ਘਰ ਲਿਆਉਣ ਲਈ ਨਿਭਾਈ ਭੁੂਮਿਕਾ ਤੇ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਜੀਤਮਹਿੰਦਰ ਸਿੰਘ ਸਿੱਧੂ ਦਾ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *