ਕੈਪਟਨ ਦਾ ਫਾਰਮ ਹਾਊਸ ਘੇਰਨ ਜਾ ਰਹੇ ਅਕਾਲੀ-ਬਸਪਾ ਵਰਕਰਾਂ ਨੇ ਬੈਰੀਕੇਡ ਤੋੜੇ

ਕੁਰਾਲੀ/ਮੁੱਲਾਂਪੁਰ ਗਰੀਬਦਾਸ: ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਵਰਕਰਾਂ ਨੇ ਅੱਜ ਵੈਕਸੀਨ ਤੇ ਫ਼ਤਿਹ ਕਿੱਟ ਘੁਟਾਲਾ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੀਸਵਾਂ ਸਥਿਤ ਫਾਰਮ ਹਾਊਸ ਦੇ ਘਿਰਾਓ ਦੀ ਕੋਸ਼ਿਸ਼ ਕੀਤੀ। ਮੁਜ਼ਾਹਰਾਕਾਰੀਆਂ ਵੱਲੋਂ ਬੈਰੀਕੇਡ ਤੋੜਨ ਦੀ ਕੋਸ਼ਿਸ਼ ਦੌਰਾਨ ਪੁਲੀਸ ਨੇ ਜਲ ਤੋਪਾਂ ਦੀ ਵਰਤੋਂ ਕੀਤੀ।

ਇਸ ਦੌਰਾਨ ਪੁਲੀਸ ਨੇ ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਬਸਪਾ ਦੇ ਪੰਜਾਬ ਦੇ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੂੰ ਹਿਰਾਸਤ ਵਿੱਚ ਲੈ ਕੇ ਕੁਰਾਲੀ ਥਾਣੇ ਲਿਆਂਦਾ। ਜਾਣਕਾਰੀ ਮੁਤਾਬਕ ਅਕਾਲੀ ਦਲ ਤੇ ਬਸਪਾ ਦੇ ਹਜ਼ਾਰਾਂ ਵਰਕਰ ਅੱਜ ਸਵੇਰ ਤੋਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਨੇੜੇ ਇਕੱਤਰ ਹੋ ਗਏ ਅਤੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਮੁਜ਼ਾਹਾਕਾਰੀਆਂ ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਨਾ ਜਾਣ ਦੇਣ ਲਈ ਪੁਲੀਸ ਵੱਲੋਂ ਪੰਜ ਥਾਵਾਂ ’ਤੇ ਨਾਕੇ ਲਾ ਕੇ ਇਲਾਕੇ ਨੂੰ ਸੀਲ ਕੀਤਾ ਗਿਆ ਸੀ। ਇਸ ਦੌਰਾਨ ਜਦੋਂ ਅਕਾਲੀ ਤੇ ਬਸਪਾ ਵਰਕਰਾਂ ਨੇ ਪਹਿਲੇ ਨਾਕੇ ’ਤੇ ਲਾਏ ਬੈਰੀਕੇਡ ਤੋੜ ਕੇ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਹਲਕੇ ਲਾਠੀਚਾਰਜ ਅਤੇ ਜਲ ਤੋਪਾਂ ਦੀ ਵਰਤੋਂ ਕਰਦਿਆਂ ਇਸ ਨੂੰ ਅਸਫ਼ਲ ਕਰ ਦਿੱਤਾ। ਪਾਣੀ ਦੀਆਂ ਤੇਜ਼ ਬੁਛਾੜਾਂ ਕਾਰਨ ਅਕਾਲੀ ਤੇ ਬਸਪਾ ਵਰਕਰਾਂ ਦੀਆਂ ਪੱਗਾਂ ਲੱਥ ਗਈਆਂ ਅਤੇ ਕੁਝ ਜ਼ਖ਼ਮੀ ਵੀ ਹੋ ਗਏ। ਸੁਖਬੀਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਬਸਪਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਬੈਰੀਕੇਡਾਂ ਵਿੱਚੋਂ ਮਿਲੇ ਇੱਕ ਰਸਤੇ ਰਾਹੀਂ ਜਿਵੇਂ ਹੀ ਅੱਗੇ ਵਧਣ ਲੱਗੇ ਤਾਂ ਪੁਲੀਸ ਨੇ ਤਿੰਨਾਂ ਨੂੰ ਹਿਰਾਸਤ ਵਿੱਚ ਲੈ ਕੇ ਕੁਰਾਲੀ ਦੇ ਥਾਣਾ ਸਦਰ ਲਿਆਂਦਾ।

ਇਸ ਤੋਂ ਪਹਿਲਾਂ ਧਰਨੇ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਪੱਸ਼ਟ ਕੀਤਾ ਕਿ ਕਾਂਗਰਸੀ ਮੰਤਰੀ ਦੇ ਭ੍ਰਿਸ਼ਟਾਚਾਰ ਦਾ 2022 ਵਿੱਚ ਅਕਾਲੀ ਦਲ ਤੇ ਬਸਪਾ ਗੱਠਜੋੜ ਦੀ ਸਰਕਾਰ ਬਣਨ ’ਤੇ ਹਿਸਾਬ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਕਾਂਗਰਸ ਦੇ ਮੰਤਰੀਆਂ ਵੱਲੋਂ ਘਪਲੇ ਕੀਤੇ ਜਾ ਰਹੇ ਹਨ, ਉੱਥੇ ਰਾਜ ਨੂੰ 5600 ਕਰੋੜ ਰੁਪਏ ਦਾ ਆਬਕਾਰੀ ਘਾਟਾ ਵੀ ਸਰਕਾਰ ਦੀ ਹੀ ਦੇਣ ਹੈ। ਬਸਪਾ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ ਅਕਾਲੀ ਦਲ ਤੇ ਬਸਪਾ ਦਾ ਗੱਠਜੋੜ ਹੀ ਸੂਬੇ ਵਿੱਚੋਂ ਕਾਂਗਰਸ ਨੂੰ ਖਤਮ ਕਰੇਗਾ। ਉਨ੍ਹਾਂ ਕਾਂਗਰਸ ਸਰਕਾਰ ’ਤੇ ਪੰਜਾਬ ਦੇ ਸਫ਼ਾਈ ਕਰਮਚਾਰੀਆਂ ਦੀਆਂ ਮੰਗਾਂ ਨੂੰ ਅਣਦੇਖਿਆ ਕਰਨ ਦਾ ਦੋਸ਼ ਵੀ ਲਾਇਆ। ਇਸ ਮੌਕੇ ਬਲਵਿੰਦਰ ਸਿੰਘ ਭੂੰਦੜ, ਜਨਮੇਜਾ ਸਿੰਘ ਸੇਖੋਂ, ਮਹੇਸ਼ਇੰਦਰ ਸਿੰਘ ਗਰੇਵਾਲ, ਗੁਲਜ਼ਾਰ ਸਿੰਘ ਰਣੀਕੇ, ਸ਼ਰਨਜੀਤ ਸਿੰਘ ਢਿੱਲੋਂ, ਗੋਬਿੰਦ ਸਿੰਘ ਲੌਂਗੋਵਾਲ, ਡਾ. ਦਲਜੀਤ ਸਿੰਘ ਚੀਮਾ, ਹੀਰਾ ਸਿੰਘ ਗਾਬੜੀਆ, ਜਗਮੀਤ ਸਿੰਘ ਬਰਾੜ, ਪਵਨ ਟੀਨੂੰ, ਐੱਨ ਕੇ ਸ਼ਰਮਾ, ਮਨਪ੍ਰੀਤ ਇਆਲੀ, ਬਲਦੇਵ ਖਹਿਰਾ, ਡਾ. ਸੁਖਵਿੰਦਰ ਸੁੱਖੀ, ਰੋਜ਼ੀ ਬਰਕੰਦੀ, ਪਰਮਬੰਸ ਸਿੰਘ ਰੋਮਾਣਾ, ਹਲਕਾ ਖਰੜ ਦੇ ਇੰਚਾਰਜ ਰਣਜੀਤ ਸਿੰਘ ਗਿੱਲ ਤੇ ਚਰਨਜੀਤ ਸਿੰਘ ਬਰਾੜ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *