ਲਾਹੌਲ ਸਪਿਤੀ ’ਚ ਚਨਾਬ ਦਰਿਆ ਦਾ ਵਹਾਅ ਚਾਲੂ ਹੋਣ ਨਾਲ ਖਤਰਾ ਟਲਿਆ

ਮੰਡੀ/ਸ਼ਿਮਲਾ: ਕਬਾਇਲੀ ਜ਼ਿਲ੍ਹੇ ਲਾਹੌਲ ਤੇ ਸਪਿਤੀ ਦੇ ਪਿੰਡ ਨਾਲਦਾ ਨੇੜੇ ਅੱਜ ਸਵੇਰੇ ਢਿੱਗਾਂ ਡਿੱਗਣ ਨਾਲ ਖੇਤਰ ’ਚੋਂ ਵਹਿੰਦੇ ਚਨਾਬ ਦਰਿਆ ਦਾ ਜਿਹੜਾ ਵਹਾਅ ਰੁਕਿਆ ਸੀ, ਉਹ ਮੁੜ ਚਾਲੂ ਹੋ ਗਿਆ ਹੈ। ਨਤੀਜੇ ਵਜੋਂ ਖੇਤਰ ਦੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ 11 ਪਿੰਡਾਂ ਦੇ ਲੋਕਾਂ ਦੇ ਸਿਰ ’ਤੇ ਮੰਡਰਾ ਰਿਹਾ ਖ਼ਤਰਾ ਟਲ ਗਿਆ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਦਰਿਆ ਨੇੜਲੇ ਤੇ ਹੇਠਲੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਉੱਚੀਆਂ ਪਹਾੜੀਆਂ ’ਤੇ ਜਾਣ ਲਈ ਆਖ ਦਿੱਤਾ ਸੀ। ਪ੍ਰਸ਼ਾਸਨ ਦੀ ਟੀਮ ਨੇ ਮੌਕੇ ’ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਵੀ ਲਿਆ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਢਿੱਗਾਂ ਡਿੱਗਣ ਕਰਕੇ ਚਨਾਬ ਦਰਿਆ ’ਚੋਂ ਨਿਕਲਦੀ ਸਹਾਇਕ ਨਦੀ ਚੰਦਰਭਾਗਾ ਵਿੱਚ ਪਾਣੀ ਦਾ ਵਹਾਅ ਰੁਕ ਗਿਆ ਸੀ। ਇਸ ਕਾਰਨ ਦੋ ਪਿੰਡਾਂ ਦੇ ਘਰਾਂ ਤੇ ਖੇਤਾਂ ਵਿੱਚ ਪਾਣੀ ਭਰ ਗਿਆ। ਸੂਬਾਈ ਆਫ਼ਤ ਪ੍ਰਬੰਧਨ ਦੇ ਡਾਇਰੈਕਟਰ ਸੁਦੇਸ਼ ਕੁਮਾਰ ਮੋਖਤਾ ਨੇ ਕਿਹਾ ਕਿ ਤਰੰਗ ਤੇ ਜਸਰਥ ਪਿੰਡਾਂ ਦੇ ਚਾਰ ਘਰ ਵੀ ਹੜ੍ਹ ਦੇ ਪਾਣੀ ਕਰਕੇ ਅਸਰਅੰਦਾਜ਼ ਹੋੲੇ। ਇਸ ਦੌਰਾਨ ਕੁਝ ਪਸ਼ੂਧਨ ਵੀ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ ਤੇ 30 ਵਿਘੇ ਦੇ ਕਰੀਬ ਵਾਹੀਯੋਗ ਜ਼ਮੀਨ ’ਚ ਪਾਣੀ ਭਰ ਗਿਆ। ਜਸਰਥ ਪਿੰਡ ਨੇੜੇ ਪਾਣੀ ਦਾ ਵਹਾਅ ਰੁਕਣ ਕਾਰਨ ਉਥੇ ਝੀਲ ਬਣ ਗਈ ਹੈ, ਜਿੱਥੇ ਇੱਕ ਘਰ ਪਾਣੀ ਵਿੱਚ ਡੁੱਬ ਗਿਆ ਹੈ। ਨੇੜਲੀਆਂ ਖੇਤੀਯੋਗ ਜ਼ਮੀਨਾਂ ਵੀ ਨੁਕਸਾਨੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੀਰਜ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਇਹਤਿਆਤ ਵਜੋਂ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਉਨ੍ਹਾਂ ਸੂਬਾ ਸਰਕਾਰ ਨੂੰ ਅਪੀਲ ਕੀਤੀ ਕਿ ਫੌਜ ਰਾਹੀਂ ਖੇਤਰ ਦਾ ਛੇਤੀ ਤੋਂ ਛੇਤੀ ਹਵਾਈ ਸਰਵੇਖਣ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਸ਼ਿਮਲਾ ਹਾਈਵੇਅ ’ਤੇ ਕੁਝ ਥਾਵਾਂ ਦੀ ਪਛਾਣ ਕੀਤੀ ਗਈ ਹੈ, ਜਿੱਥੇ ਢਿੱਗਾਂ ਖਿਸਕਣ ਦਾ ਵਧੇਰੇ ਖ਼ਤਰਾ ਹੋ ਸਕਦਾ ਹੈ।

Leave a Reply

Your email address will not be published. Required fields are marked *