ਗੁਆਮ ਦੇ ਤੱਟੀ ਖੇਤਰ ’ਚ ਮਾਲਾਬਾਰ ਜੰਗੀ ਅਭਿਆਸ ਸ਼ੁਰੂ

ਨਵੀਂ ਦਿੱਲੀ: ‘ਕੁਆਡ’ ਵਿੱਚ ਸ਼ਾਮਲ ਚਾਰੋਂ ਮੁਲਕਾਂ ਭਾਰਤ, ਅਮਰੀਕਾ, ਆਸਟਰੇਲੀਆ ਅਤੇ ਜਾਪਾਨ ਦੀਆਂ ਜਲ ਸੈਨਾਵਾਂ ਵਿਚਾਲੇ ਚਾਰ ਦਿਨਾਂ ਮਾਲਾਬਾਰ ਜੰਗੀ ਅਭਿਆਸ ਅੱਜ ਗੁਆਮ ਦੇ ਤੱਟੀ ਇਲਾਕੇ ’ਚ ਸ਼ੁਰੂ ਹੋ ਗਿਆ ਹੈ। ਇਸ ਖੇਤਰ ’ਚ ਚੀਨ ਦੇ ਮਾੜੇ ਰਵੱਈੲੇ ਦੇ ਮੱਦੇਨਜ਼ਰ ਚਾਰ ਮੁਲਕ ਦੇ ਸੁਤੰਤਰ ਅਤੇ ਖੁੱਲ੍ਹੇ ਹਿੰਦ-ਪ੍ਰਸ਼ਾਂਤ ਲਈ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਇਰਾਦੇ ਤਹਿਤ ਕੀਤਾ ਜਾ ਰਿਹਾ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਪੱਛਮੀ ਪ੍ਰਸ਼ਾਂਤ ਖਿੱਤੇ ’ਚ ਅਮਰੀਕਾ ਇਸ ਜੰਗੀ ਅਭਿਆਸ ਦੀ ਮੇਜ਼ਬਾਨੀ ਕਰ ਰਿਹਾ ਹੈ, ਜਿਸ ਵਿੱਚ ਜੰਗੀ ਬੇੜੇ, ਜਹਾਜ਼ਾਂ ਅਤੇ ਹੈਲੀਕਾਪਟਰਾਂ ਰਾਹੀਂ ਵੱਖ-ਵੱਖ ਮੁਸ਼ਕਲ ਅਭਿਆਸ ਕੀਤੇ ਜਾਣਗੇ। ਅਮਰੀਕਾ ਦੇ ਸੱਤਵੇਂ ਬੇੜੇ ਵੱਲੋਂ ਇੱਕ ਬਿਆਨ ’ਚ ਕਿਹਾ ਗਿਆ ਕਿ ਇਹ ਅਭਿਆਸ ਹਿੰਦ-ਪ੍ਰਸ਼ਾਂਤ ’ਚ ਨਿਯਮ ਅਧਾਰਿਤ ਸਮੁੰਦਰੀ ਪ੍ਰਬੰਧ ਬਣਾਈ ਰੱਖਣ ਲਈ ਇੱਕੋ ਜਿਹੀ ਵਿਚਾਰਧਾਰਾ ਵਾਲੇ ਦੇਸ਼ਾਂ ਦੀ ਵਚਨਬੱਧਤਾ ਨੂੰ ਪੇਸ਼ ਕਰੇਗਾ।

25ਵੇਂ ਮਾਲਾਬਾਰ ਅਭਿਆਸ ’ਚ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਆਈਐੱਨਐੱਸ ਸ਼ਿਵਾਲਿਕ ਅਤੇ ਪਣਡੁੱਬੀ ਰੋਕੂ ਆਈਐੱਨਐੱਸ ਕਦਮੱਟ ਅਤੇ ‘ਪੀ8ਆਈ’ ਹਿੱਸਾ ਲੈ ਰਹੇ ਹਨ। ਅਮਰੀਕਾ ਨੇ ਅਭਿਆਸ ’ਚ ਹਿੱਸਾ ਲੈਣ ਲਈ ਪ੍ਰਸ਼ਾਂਤ ਬੇੜੇ ਦੇ ਮਿਜ਼ਾਈਲ ਤਬਾਹ ਕਰਨ ਵਾਲੇ ਯੂਐੱਸਐੱਸ ਬੇਰੀ, ਟਾਸਕ ਫੋਰਸ 72 ਦੇ ਟੋਹੀ ਜਹਾਜ਼ ਅਤੇ ਯੂਐੱਸਐੱਨਐੱਸ ਰੈਪਾਹਨਾਕ ਸਣੇ ਕਈ ਹੋਰ ਬੇੜੇ ਤਾਇਨਾਤ ਕੀਤੇ ਹਨ।

ਭਾਰਤੀ ਜਲ ਸੈਨਾ ਦੇ ਤਰਜਮਾਨ ਕਮਾਂਡਰ ਵਿਵੇਕ ਮਧਵਾਲ ਨੇ ਕਿਹਾ, ‘ਮਾਲਾਬਾਰ-21 ਵਿੱਚ ਜ਼ਮੀਨ ਵਿਰੋਧੀ, ਹਵਾ ਵਿਰੋਧੀ ਅਤੇ ਪਣਡੁੱਬੀ ਵਿਰੋਧੀ ਜੰਗੀ ਅਭਿਆਸ ਅਤੇ ਹੋਰ ਫ਼ੌਜੀ ਰਣਨੀਤਕ ਅਭਿਆਸ ਤੋਂ ਇਲਾਵਾ ਕਈ ਹੋਰ ਔਖੇ ਅਭਿਆਸ ਕੀਤੇ ਜਾਣਗੇ। ਇਸ ਅਭਿਆਸ ’ਚ ਸ਼ਾਮਲ ਜਲ ਸੈਨਾਵਾਂ ਨੂੰ ਇੱਕ-ਦੂਜੇ ਦੀਆਂ ਵਿਸ਼ੇਸ਼ਤਾਵਾਂ ਲਾਹਾ ਲੈਣ ਦਾ ਮੌਕਾ ਮਿਲੇਗਾ।’

ਅਮਰੀਕਾ ਦੇ ਸੱਤਵੇਂ ਬੇੜੇ ਅਧਿਕਾਰੀਆਂ ਨੇ ਕਿਹਾ ਇਸ ਅਭਿਆਸ ਦਾ ਪਹਿਲਾ ਗੇੜ ਹਿੰਦ-ਪ੍ਰਸ਼ਾਂਤ ਦੀਆਂ ਚਾਰੋਂ ਜਲ ਫ਼ੌਜਾਂ ਲਈ ਸਾਂਝੀਆਂ ਸਮੁੰਦਰੀ ਮੁੁਹਿੰਮਾਂ, ਪਣਡੁੱਬੀ ਰੋਕੂ ਜੰਗੀ ਮੁਹਿੰਮ, ਹਵਾਈ ਜੰਗੀ ਮੁਹਿੰਮ ਅਤੇ ਗੋਲੀਬਾਰੀ ਸਣੇ ਆਪਣੇ ਹੋਰ ਪੱਖਾਂ ਨੂੰ ਮਜ਼ਬੂਤ ਕਰਨ ਦਾ ਮੌਕਾ ਹੋਵੇਗਾ। ਇਸ ਬੇੜੇ ਦੇ ਟਾਸਕ ਫੋਰਸ (ਸੀਟੀਐੱਫ) ਦੇ ਕਮਾਂਡਰ ਕੈਪਟਨ ਚੇਸ ਸਾਰਜੈਂਟ ਨੇ ਕਿਹਾ, ‘ਮਾਲਾਬਾਰ-21 ਜੰਗੀ ਅਤੇ ਸਮੁੰਦਰੀ ਹੁਨਰ (ਸਕਿੱਲ) ਨਿਖਾਰਨ ਲਈ ਬਹੁਕੌਮੀ ਪਰਖ ਕਰਨ ਦਾ ਮੌਕਾ ਦਿੰਦਾ ਹੈ।’ ਉਨ੍ਹਾਂ ਕਿਹਾ, ‘ਅਮਰੀਕੀ ਮਾਰੂ ਬੇੜੇ ਸਾਡੇ ਹਿੱਸੇਦਾਰਾਂ ਅਤੇ ਸਹਿਯੋਗੀਆਂ ਨਾਲ ਮਿਲ ਕੇ ਖੇਤਰੀ ਸੁਰੱਖਿਆ ਅਤੇ ਸਥਿਰਤਾ ਦੀ ਨੀਂਹ ਰੱਖਦੇ ਹਨ, ਜੋ ਹਿੰਦ-ਪ੍ਰਸ਼ਾਂਤ ਦੇ ਸਾਰੇ ਦੇਸ਼ਾਂ ਲਈ ਲਾਹੇਵੰਦ ਹੈ।’ ਭਾਰਤ ਦੇ ਸੱਦੇ ਮਗਰੋਂ ਪਿਛਲੇ ਸਾਲ ਆਸਟਰੇਲੀਆ ਨੇ ਇਸ ਅਭਿਆਸ ’ਚ ਹਿੱਸਾ ਲਿਆ ਸੀ। ਜ਼ਿਕਰਯੋਗ ਹੈ ਕਿ ਮਾਲਾਬਾਰ ਅਭਿਆਸ ਦੀ ਕਵਾਇਦ 1992 ਤੋਂ ਸ਼ੁਰੂ ਹੋਈ ਹੈ, ਜਿਸ ਨੂੰ ਚੀਨ ਹਮੇਸ਼ਾ ਸ਼ੱਕ ਦੀ ਨਿਗ੍ਹਾ ਨਾਲ ਦੇਖਦਾ ਰਿਹਾ ਹੈ।

Leave a Reply

Your email address will not be published. Required fields are marked *