ਕੈਪਟਨ ਧੜੇ ਵੱਲੋਂ ‘ਰਾਤਰੀ ਦਾਅਵਤ’ ਮੌਕੇ ਤਾਕਤ ਪ੍ਰਦਰਸ਼ਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਧੜੇ ਨੇ ਅੱਜ ਦੇਰ ਸ਼ਾਮ ਨਵਜੋਤ ਸਿੱਧੂ ਦੇ ਖੇਮੇ ਵੱਲੋਂ ਕੀਤੀ ਖੁੱਲ੍ਹੀ ਬਗਾਵਤ ਨੂੰ ਠੁੱਸ ਕਰਨ ਲਈ ‘ਰਾਤਰੀ ਦਾਅਵਤ’ ਮੌਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਆਪਣੀ ਰਿਹਾਇਸ਼ ’ਤੇ ਪਾਰਟੀ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਨੂੰ ਰਾਤਰੀ ਦਾਅਵਤ ਲਈ ਸੱਦਾ ਦਿੱਤਾ ਗਿਆ ਸੀ। ਮੇਜ਼ਬਾਨ ਰਾਣਾ ਸੋਢੀ ਦੇ ਘਰ ਦੇਰ ਸ਼ਾਮ ਵਿਧਾਇਕਾਂ ਤੇ ਸੰਸਦ ਮੈਂਬਰਾਂ ਦਰਮਿਆਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੁੱਜੇ। ਇਸ ਦਾਅਵਤ ਨਾਲ ਕੈਪਟਨ ਖੇਮੇ ਨੇ ਪ੍ਰਭਾਵ ਦੇਣ ਦਾ ਯਤਨ ਕੀਤਾ ਕਿ ਸਭ ਅਮਰਿੰਦਰ ਸਿੰਘ ਦੇ ਨਾਲ ਹਨ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੱਲੋਂ ਕੀਤੇ ਟਵੀਟ ’ਚ ਦਾਅਵਾ ਕੀਤਾ ਗਿਆ ਹੈ ਕਿ ਦਾਅਵਤ ’ਚ ਕਾਂਗਰਸ ਦੇ ਅੱਠ ਸੰਸਦ ਮੈਂਬਰ ਅਤੇ 58 ਵਿਧਾਇਕਾਂ ਨੇ ਸ਼ਮੂਲੀਅਤ ਕੀਤੀ ਹੈ। ਇਸ ਦਾਅਵੇ ’ਤੇ ਯਕੀਨ ਕਰੀਏ ਤਾਂ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਸਿਆਸੀ ਹੈਸੀਅਤ ਹਲਕੀ ਪੈਂਦੀ ਜਾਪਦੀ ਹੈ। ਕਾਂਗਰਸ ਦੇ ਕਰੀਬ 80 ਵਿਧਾਇਕ ਹਨ ਜਿਨ੍ਹਾਂ ਵਿੱਚੋਂ 58 ਦਾ ਦਾਅਵਾ ਮੁੱਖ ਮੰਤਰੀ ਖੇਮਾ ਕਰ ਰਿਹਾ ਹੈ। ਮੁੱਖ ਮੰਤਰੀ ਦਫਤਰ ਦੇ ਦਾਅਵੇ ਅਨੁਸਾਰ ਇਨ੍ਹਾਂ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਅਗਲੀਆਂ ਚੋਣਾਂ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਭਰੋਸਾ ਜ਼ਾਹਰ ਕੀਤਾ ਹੈ। ਇਹ ਵੀ ਆਖਿਆ ਹੈ ਕਿ 2022 ਦੀਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਜਿੱਤ ਹਾਸਲ ਕਰੇਗੀ। ਅੱਜ ਤੋਂ ਸਫਰ ਸ਼ੁਰੂ ਹੋ ਚੁੱਕਿਆ ਹੈ। ਅੱਜ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮਨਪ੍ਰੀਤ ਸਿੰਘ ਬਾਦਲ, ਬ੍ਰਹਮ ਮਹਿੰਦਰਾ, ਬਲਬੀਰ ਸਿੰਘ ਸਿੱਧੂ, ਵਿਜੈਇੰਦਰ ਸਿੰਗਲਾ ਤੇ ਮੰਤਰੀ ਸਾਧੂ ਸਿੰਘ ਧਰਮਸੋਤ ਆਦਿ ਨਜ਼ਰ ਆਏ। ਸਪੀਕਰ ਰਾਣਾ ਕੇ.ਪੀ ਸਿੰਘ, ਚੇਅਰਮੈਨ ਲਾਲ ਸਿੰਘ ਤੋਂ ਇਲਾਵਾ ਸੁਖਪਾਲ ਖਹਿਰਾ ਵੀ ਇਸ ਰਾਤ ਦੇ ਖਾਣੇ ਵਿੱਚ ਸ਼ਾਮਿਲ ਹੋਏ ਹਨ। ਅੱਜ ਕੈਬਨਿਟ ਮੀਟਿੰਗ ਵਿੱਚ ਮਾਝੇ ਦੇ ਮੰਤਰੀ ਗੈਰਹਾਜ਼ਰ ਸਨ ਜਦੋਂ ਕਿ ਉਨ੍ਹਾਂ ਦੇ ਸਾਥੀ ਚਰਨਜੀਤ ਚੰਨੀ ਹਾਜ਼ਰ ਸਨ। ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਦਾ ਕਹਿਣਾ ਸੀ ਕਿ ਅਮਰਿੰਦਰ ਸਿੰਘ ਦਾ ਕੋਈ ਬਦਲ ਨਹੀਂ ਹੈ ਤੇ ਬਹੁਗਿਣਤੀ ਵਿਧਾਇਕ ਉਨ੍ਹਾਂ ਦੇ ਨਾਲ ਹੈ। ਸੂਤਰਾਂ ਮੁਤਾਬਕ ਅੱਜ ਡਿਨਰ ਮੌਕੇ ਕਰੀਬ ਚਾਰ ਦਰਜਨ ਵਿਧਾਇਕ ਹਾਜ਼ਰ ਸਨ। ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਅੱਜ ਦੇ ਡਿਨਰ ਮੌਕੇ ਆਏ ਵਿਧਾਇਕਾਂ ਨੇ ਮਲਾਈ ਖਾਣ ਵਾਲਿਆਂ ਨੂੰ ਦੱਸ ਦਿੱਤਾ ਹੈ ਅਤੇ ਹੁਣ ਬਿੱਲੀ ਥੈਲਿਓ ਬਾਹਰ ਆ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਚੋਣਾਂ ਜਿੱਤਾ ਸਕਦੇ ਹਨ। ਕੈਪਟਨ ਨੇ ਹਾਈਕਮਾਨ ਨੂੰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨ ਲਈ ਅੱਜ ਡਿਨਰ ਦਾ ਸਹਾਰਾ ਲਿਆ ਹੈ। ਅੱਜ ਵਿਰੋਧੀ ਖੇਮੇ ਦੇ ਤਿੰਨੋਂ ਵਜ਼ੀਰ ਮੁੱਖ ਧਾਰਾ ਤੋਂ ਗਾਇਬ ਦੱਸੇ ਜਾ ਰਹੇ ਹਨ।

Leave a Reply

Your email address will not be published. Required fields are marked *