ਟਕਸਾਲੀ ਆਗੂ ਸੇਵਾ ਸਿੰਘ ਸੇਖਵਾਂ ‘ਆਪ’ ਵਿੱਚ ਸ਼ਾਮਲ

ਕਾਦੀਆਂ: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਆਗੂ ਅਤੇ ਪੰਜਾਬ ਦੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਅੱਜ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਹਾਜ਼ਰੀ ’ਚ ਪਾਰਟੀ ’ਚ ਸ਼ਾਮਲ ਹੋ ਗਏ ਹਨ। ਜਥੇਦਾਰ ਸੇਖਵਾਂ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠਲੀ ਅਕਾਲੀ ਦਲ ਦੀ ਸਰਕਾਰ ’ਚ ਮੰਤਰੀ ਰਹੇ ਸਨ। ਦਿੱਲੀ ਤੋਂ ਅੱਜ ਦੁਪਹਿਰ ਸਾਢੇ 12 ਵਜੇ ਦੇ ਕਰੀਬ ਅੰਮ੍ਰਿਤਸਰ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਸ੍ਰੀ ਕੇਜਰੀਵਾਲ ਜਥੇਦਾਰ ਸੇਖਵਾਂ ਦੇ ਗੁਰਦਾਸਪੁਰ ਜ਼ਿਲ੍ਹੇ ’ਚ ਪੈਂਦੇ ਜੱਦੀ ਪਿੰਡ ਸੇਖਵਾਂ ਪੁੱਜੇ। ਦੋਵੇਂ ਆਗੂਆਂ ਨੇ ਲਗਪਗ ਅੱਧਾ ਘੰਟਾ ਬੰਦ ਕਮਰੇ ’ਚ ਗੱਲਬਾਤ ਕੀਤੀ। ਇਸ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ (ਬਾਦਲ) ਨਾਲ ਉਨ੍ਹਾਂ ਦਾ ਤਿੰਨ ਪੀੜੀਆਂ ਤੋਂ ਸਬੰਧ ਰਿਹਾ ਹੈ ਪਰ ਉਨ੍ਹਾਂ ਦਾ ਹਾਲ-ਚਾਲ ਪੁੱਛਣ ਲਈ ਕੋਈ ਵੀ ਆਗੂ ਇਥੇ ਨਹੀਂ ਆਇਆ। ਉਨ੍ਹਾਂ ਕਿਹਾ,‘‘ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਜੋ ਦੇਸ਼ ਦੇ ਉੱਘੇ ਨੇਤਾਵਾਂ ’ਚੋਂ ਇਕ ਹਨ, ਉਹ ਅੱਜ ਮੇਰਾ ਹਾਲ ਜਾਣਨ ਲਈ ਮੇਰੇ ਘਰ ਪਹੁੰਚੇ ਹਨ। ਮੈਂ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਮੈਂ ‘ਆਪ’ ਨਾਲ ਹਮੇਸ਼ਾ ਖੜ੍ਹਾ ਰਹਾਂਗਾ।’’ ਉਨ੍ਹਾਂ ਕੇਜਰੀਵਾਲ ਨੂੰ ਸਿਰੋਪਾ ਦੇ ਕੇ ਸਨਮਾਨਿਤ ਵੀ ਕੀਤਾ। ਜਥੇਦਾਰ ਸੇਖਵਾਂ ਨੂੰ ‘ਆਪ’ ’ਚ ਸ਼ਾਮਲ ਕਰਨ ਮਗਰੋਂ ਅਰਵਿੰਦ ਕੇਜਰੀਵਾਲ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਜਥੇਦਾਰ ਸੇਖਵਾਂ ਨੂੰ ਆਮ ਆਦਮੀ ਪਾਰਟੀ ਦੇ ਪਰਿਵਾਰ ’ਚ ਸ਼ਾਮਲ ਕਰਕੇ ਉਨ੍ਹਾਂ ਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ। ‘ਅਸੀਂ ਉਨ੍ਹਾਂ ਦਾ ਪਾਰਟੀ ’ਚ ਸਵਾਗਤ ਕਰਦੇ ਹਾਂ। ਆਮ ਆਦਮੀ ਪਾਰਟੀ ਹੁਣ ਲੋਕਾਂ ਦੀ ਉਮੀਦ ਦੀ ਪਾਰਟੀ ਬਣ ਗਈ ਹੈ। ਪੰਜਾਬ ’ਚ ਆਪ ਦੀ ਸਰਕਾਰ ਬਣਨ ’ਤੇ ਲੋਕਾਂ ਦਾ ਜੀਵਨ ਖੁਸ਼ਹਾਲ ਬਣੇਗਾ ਅਤੇ ਪੰਜਾਬ ਅੱਗੇ ਵਧੇਗਾ।’ ਅਰਵਿੰਦ ਕੇਜਰੀਵਾਲ ਨੇ ਕਿਹਾ ਉਹ ਰਾਜਨੀਤੀ ਵਿੱਚ ਦੇਸ਼ ਦਾ ਸੁਧਾਰ ਕਰਨ ਲਈ ਆਏ ਹਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਦਾ ਨੰਬਰ ਇਕ ਕਹਾਉਣ ਵਾਲਾ ਸੂਬਾ ਪੰਜਾਬ ਪੱਛੜ ਕੇ ਰਹਿ ਚੁੱਕਾ ਹੈ। ਸ੍ਰੀ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਰਗੀਆਂ ਸਹੂਲਤਾਂ ਪ੍ਰਦਾਨ ਕਰਕੇ ਉਹ ਸੂਬੇ ਨੂੰ ਮੁੜ ਦੇਸ਼ ਦਾ ਨੰਬਰ ਇਕ ਸੂਬਾ ਬਣਾਉਣਾ ਚਾਹੁੰਦੇ ਹਨ। ਪੱਤਰਕਾਰਾਂ ਵਲੋਂ ਪੰਜਾਬ ਦੇ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰਨ ਬਾਰੇ ਪੁੱਛਣ ’ਤੇ ਸ੍ਰੀ ਕੇਜਰੀਵਾਲ ਟਾਲਾ ਵੱਟ ਗਏ। ਜਥੇਦਾਰ ਸੇਖਵਾਂ ਦੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੇ ‘ਆਪ’ ’ਚ ਸ਼ਾਮਲ ਹੋਣ ਤੋਂ ਬਾਅਦ ਕਿਹਾ ਕਿ ਪਾਰਟੀ ਉਨ੍ਹਾਂ ਦੀ ਜੋ ਵੀ ਡਿਊਟੀ ਲਗਾਏਗੀ, ਉਸ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਉਨ੍ਹਾਂ ਦੱਸਿਆ ਕਿ ਮੀਟਿੰਗ ਦੌਰਾਨ ਸੂਬੇ ਦੀ ਸਿਆਸਤ ਬਾਰੇ ਖੁੱਲ੍ਹ ਕੇ ਵਿਚਾਰਾਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਜਥੇਦਾਰ ਸੇਵਾ ਸਿੰਘ ਸੇਖਵਾਂ ਆਪਣੇ ਪੁੱਤਰ ਜਗਰੂਪ ਸਿੰਘ ਸੇਖਵਾਂ ਨੂੰ ਹਲਕਾ ਕਾਦੀਆਂ ਤੋਂ ਉਮੀਦਵਾਰ ਬਣਾਏ ਜਾਣ ਦੀ ਸਿਫ਼ਾਰਿਸ਼ ਕਰ ਸਕਦੇ ਹਨ। ਸ੍ਰੀ ਕੇਜਰੀਵਾਲ ਲਗਪਗ ਇੱਕ ਘੰਟਾ ਜਥੇਦਾਰ ਸੇਖਵਾਂ ਦੇ ਨਿਵਾਸ ’ਤੇ ਰੁਕੇ। ਇਸ ਮੌਕੇ ਉਨ੍ਹਾਂ ਨਾਲ ਰਾਘਵ ਚੱਢਾ, ਸੰਸਦ ਮੈਂਬਰ ਭਗਵੰਤ ਮਾਨ, ਅਜੈ ਦੱਤਾ, ਹਰਪਾਲ ਚੀਮਾ, ਲਾਲ ਚੰਦ ਕਟਾਰੂਚੱਕ ਅਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਸਮੇਤ ਵੱਡੀ ਤਾਦਾਦ ’ਚ ‘ਆਪ’ ਨੇਤਾ ਮੌਜੂਦ ਸਨ। ਜ਼ਿਕਰਯੋਗ ਹੈ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਇਮਾਨਦਾਰ ਦਿਖ ਦੇ ਮਾਲਕ ਹਨ ਅਤੇ ਕਾਦੀਆਂ ਹਲਕੇ ’ਚ ਉਨ੍ਹਾਂ ਕਈ ਵਿਕਾਸ ਕੰਮ ਕਰਵਾਏ ਹਨ।

ਦੱਸਣਯੋਗ ਹੈ ਕਿ ਜਥੇਦਾਰ ਸੇਵਾ ਸਿੰਘ ਸੇਖਵਾਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਮੋਹਰਲੀ ਕਤਾਰ ਦੇ ਨੇਤਾ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸਨ। ਪੰਥਕ ਮੁੱਦਿਆਂ ਨੂੰ ਲੈ ਕੇ ਨਾਰਾਜ਼ ਹੋ ਕੇ ਉਨ੍ਹਾਂ ਅਕਾਲੀ ਦਲ ਤੋਂ ਪੱਲਾ ਝਾੜ ਕੇ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਰਤਨ ਸਿੰਘ ਅਜਨਾਲਾ ਨਾਲ ਮਿਲ ਕੇ ਟਕਸਾਲੀ ਅਕਾਲੀ ਪਾਰਟੀ ਬਣਾਈ ਸੀ। ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਸਕੱਤਰ ਜਨਰਲ ਰਹੇ ਜਥੇਦਾਰ ਸੇਵਾ ਸਿੰਘ ਸੇਖਵਾਂ ਨੇ ਬਾਅਦ ਵਿੱਚ ਸੁਖਦੇਵ ਸਿੰਘ ਢੀਂਡਸਾ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ (ਡੈਮੋਕਰੈਟਿਕ) ਦਾ ਗਠਨ ਕੀਤਾ ਸੀ।

Leave a Reply

Your email address will not be published. Required fields are marked *