ਭਾਦੋਂ ਦੀ ਝੜੀ: ਭਰਵੇਂ ਮੀਂਹ ਨੇ ਸਰਹੱਦੀ ਪਿੰਡਾਂ ਵਿੱਚ ਮਚਾਈ ਤਬਾਹੀ

ਅੰਮ੍ਰਿਤਸਰ/ਤਰਨ ਤਾਰਨ: ਤਰਨ ਤਾਰਨ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਪਿੰਡਾਂ ’ਚ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਤਰਨ ਤਾਰਨ ’ਚ ਤਕਰੀਬਨ 2500 ਏਕੜ ਤੇ ਅੰਮ੍ਰਿਤਸਰ ਦੇ ਪਿੰਡਾਂ ’ਚ 500 ਏਕੜ ਦੇ ਕਰੀਬ ਫਸਲ ’ਚ ਮੀਂਹ ਦਾ ਪਾਣੀ ਖੜ੍ਹਾ ਹੋ ਗਿਆ ਹੈ।

ਖੇਮਕਰਨ ਦੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਤੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਅੱਜ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਹੜ੍ਹ ਪ੍ਰਭਾਵਿਤ ਪਿੰਡਾਂ ਠੱਠੀ ਜੈਮੱਲ ਸਿੰਘ, ਕਾਲੀਆ, ਸਨਕਤਰਾ, ਗਜਲ, ਨੂਰਵਾਲਾ, ਕਲਸ ਦਾ ਦੌਰਾ ਕੀਤਾ। ਪ੍ਰਸ਼ਾਸਨ ਨੇ ਦਾਅਵਾ ਕੀਤਾ ਕਈ ਕਿ ਬੀਤੀ ਰਾਤ ਪੱਟੀ ਦੀ ਐੱਸਡੀਐੱਮ ਅਲਕਾ ਕਾਲੀਆ ਅਤੇ ਭਿੱਖੀਵਿੰਡ ਦੀ ਐੱਸਡੀਐੱਮ ਅਮਨਦੀਪ ਕੌਰ ਨੇ ਹੋਰਨਾਂ ਅਧਿਕਾਰੀਆਂ ਨੂੰ ਲੈ ਕੇ ਪਿੰਡਾਂ ’ਚੋਂ ਹੜ੍ਹ ਦਾ ਪਾਣੀ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਮਗਰੋਂ ਸਥਿਤੀ ਵਿੱਚ ਥੋੜ੍ਹਾ ਸੁਧਾਰ ਆਇਆ ਹੈ। ਪਿੰਡ ਰੁੜੇਆਸਲ ਦੇ ਵਾਸੀ ਸਰਵਨ ਸਿੰਘ ਨੇ ਕਿਹਾ ਕਿ ਉਹ ਬੀਤੇ ਕਈ ਮਹੀਨਿਆਂ ਤੋਂ ਪ੍ਰਸ਼ਾਸਨ ਨੂੰ ਕਸੂਰ ਨਾਲੇ ਵਿੱਚੋਂ ‘ਪਾਣੀ ਦੀ ਬੂਟੀ’ ਬਾਹਰ ਕੱਢਣ ਲਈ ਬੇਨਤੀਆਂ ਕਰਦੇ ਆ ਰਹੇ ਹਨ ਪਰ ਅਧਿਕਾਰੀਆਂ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਕਰਕੇ ਇਹ ਸਥਿਤੀ ਪੈਦਾ ਹੋਈ ਹੈ| ਠੱਠੀ ਜੈਮੱਲ ਸਿੰਘ ਦੇ ਸਾਬਕਾ ਸਰਪੰਚ ਰਾਜ ਸਿੰਘ ਨੇ ਕਿਹਾ ਕਿ ਸਰਹੱਦੀ ਖੇਤਰ ਦੇ ਲਗਪਗ 20 ਪਿੰਡਾਂ ਦੀ 25 ਸੌ ਏਕੜ ਜ਼ਮੀਨ ਵਿੱਚ ਖੜ੍ਹੀਆਂ ਫਸਲਾਂ ਨੁਕਸਾਨੀਆਂ ਜਾਣ ਦਾ ਖਤਰਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਤਰਨ ਤਾਰਨ, ਅੰਮ੍ਰਿਤਸਰ, ਕਪੂਰਥਲਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਵਿੱਚ ਬੀਤੇ ਤਿੰਨ ਦਿਨਾਂ ਤੋਂ ਮੀਂਹ ਪੈ ਰਿਹਾ ਹੈ।

ਉੱਧਰ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਲੋਪੋਕੇ ਦੇ ਪਿੰਡ ਰੱਖ ਓਠੀਆਂ ’ਚ ਰਜਵਾਹੇ ’ਚ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਖੇਤਾਂ ਵਿੱਚ ਚਲਾ ਗਿਆ ਹੈ, ਜਿਸ ਨਾਲ ਲਗਭਗ 500 ਏਕੜ ਜ਼ਮੀਨ ’ਚ ਲੱਗੀ ਫਸਲ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਕਿਸਾਨਾਂ ਨੇ ਮੀਂਹ ਦੇ ਪਾਣੀ ਕਾਰਨ ਰਵਾਇਤੀ ਫਸਲਾਂ ਤੋਂ ਇਲਾਵਾ ਕਿੰਨੂ, ਆੜੂ ਤੇ ਨਾਖਾਂ ਦੇ ਬਾਗਾਂ ਦਾ ਨੁਕਸਾਨ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਹੈ। ਇਸ ਸਬੰਧੀ ਜਮਹੂਰੀ ਕਿਸਾਨ ਸਭਾ ਦੇ ਕਿਸਾਨ ਆਗੂਆਂ ਨੇ ਨਹਿਰੀ ਵਿਭਾਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਅਤੇ ਮੁਆਵਜ਼ੇ ਦੀ ਮੰਗ ਕੀਤੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਵਿਭਾਗ ਦੀ ਲਾਪ੍ਰਵਾਹੀ ਕਾਰਨ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਕਿਸਾਨ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪ੍ਰਭਾਵਿਤ ਕਿਸਾਨਾਂ ਨੂੰ ਚਾਲੀ ਹਜ਼ਾਰ ਰੁਪਏ ਪ੍ਰਤੀ ਏਕੜ ਫ਼ਸਲ ਦਾ ਮੁਆਵਜ਼ਾ ਅਤੇ ਬਾਗ਼ ਵਾਸਤੇ ਇੱਕ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ।

ਮੀਂਹ ਕਾਰਨ ਮਕਾਨ ਦੀ ਛੱਤ ਡਿੱਗੀ

ਅੰਮ੍ਰਿਤਸਰ : ਇੱਥੇ ਅੱਜ ਤਿੰਨ ਦਿਨ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਪਿੰਡ ਮਾਹਲ ਦੇ ਵਸਨੀਕ ਬਚਨ ਸਿੰਘ ਦੇ ਮਕਾਨ ਦੀ ਕੱਚੀ ਛੱਤ ਡਿੱਗ ਪਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਕੁਝ ਕੀਮਤੀ ਸਾਮਾਨ ਨੁਕਸਾਨਿਆ ਗਿਆ। ਘਰ ਵਿੱਚ ਬੱਚਿਆਂ ਸਮੇਤ ਦਸ ਮੈਂਬਰ ਹਨ ਅਤੇ ਸਾਰਿਆਂ ਦਾ ਬਚਾਅ ਹੋ ਗਿਆ। ਬਚਨ ਸਿੰਘ ਨੇ ਦੱਸਿਆ ਕਿ ਉਹ ਅਤੇ ਉਸ ਦਾ ਬੇਟਾ ਮਿਹਨਤ-ਮਜ਼ਦੂਰੀ ਕਰ ਕੇ ਪਰਿਵਾਰ ਪਾਲ ਰਹੇ ਹਨ। ਛੱਤ ਡਿੱਗਣ ਨਾਲ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਛੱਤ ਦੀ ਮੁੜ ਉਸਾਰੀ ਲਈ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮਦਦ ਮੰਗੀ ਹੈ।

Leave a Reply

Your email address will not be published. Required fields are marked *