ਬਾਇਡਨ ਨੇ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਖ਼ਰਚ ਯੋਜਨਾ ਦੀ ਅਹਿਮੀਅਤ ਦੱਸੀ

ਅਰਵਾਡਾ: ਰਾਸ਼ਟਰਪਤੀ ਜੋਅ ਬਾਇਡਨ ਨੇ ਜਿੱਥੇ ਜਲਵਾਯੂ ਤਬਦੀਲੀ ਦੇ ਖ਼ਤਰਿਆਂ ਨਾਲ ਨਜਿੱਠਣ ਲਈ ਆਪਣੀਆਂ ਘਰੇਲੂ ਖਰਚ ਯੋਜਨਾਵਾਂ ਨੂੰ ਅਹਿਮ ਦੱਸਿਆ, ਉੱਥੇ ਇਹ ਵੀ ਕਿਹਾ ਕਿ ਉਨ੍ਹਾਂ ਦੀ ‘ਸਾਫ਼-ਊਰਜਾ’ ਸਬੰਧੀ ਤਜਵੀਜ਼ਾਂ ਨਾਲ ਚੰਗੀਆਂ ਤਨਖ਼ਾਹਾਂ ਵਾਲੇ ਰੁਜ਼ਗਾਰ ਮੌਕੇ ਵੀ ਪੈਦਾ ਹੋਣਗੇ। ਜਿੱਥੇ ‘ਕੌਮੀ ਨਵਿਆਉਣਯੋਗ ਊਰਜਾ ਲੈਬਾਰਟਰੀ ਦੇ ਫਲੈਟਿਰੋਨਜ਼ ਕੈਂਪਸ’ ਦੇ ਦੌਰੇ ਨਾਲ ਹੀ ਰਾਸ਼ਟਰਪਤੀ ਬਾਇਡਨ ਦਾ ਪੱਛਮੀ ਹਿੱਸੇ ਦਾ ਦੋ ਦਿਨਾ ਦੌਰਾ ਸਮਾਪਤ ਹੋ ਗਿਆ ਹੈ, ਉੱਥੇ ਇਸ ਦੌਰਾਨ ਰਾਸ਼ਟਰਪਤੀ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਆਪਣੀਆਂ ਯੋਜਨਾਵਾਂ ਦੀ ਅਹਿਮੀਅਤ ਦੱਸਣ ਦਾ ਮੌਕਾ ਵੀ ਮਿਲਿਆ।

ਸ੍ਰੀ ਬਾਇਡਨ ਨੇ ਕਿਹਾ,‘ਚੰਗੀ ਖ਼ਬਰ ਇਹ ਹੈ ਕਿ ਮਨੁੱਖ ਨੂੰ ਮਨੁੱਖ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਮੌਕਾ ਮਿਲ ਰਿਹਾ ਹੈ।’ ਉਨ੍ਹਾਂ ਸਾਫ਼ ਊਰਜਾ ਭਵਿੱਖ ਨੂੰ ਆਰਥਿਕ ਲੋੜ ਅਤੇ ਇੱਕ ਕੌਮੀ ਸੁਰੱਖਿਆ ਜ਼ਰੂਰਤ ਦੱਸਿਆ ਅਤੇ ਕਿਹਾ ਕਿ ਮੌਜੂਦਾ ਸਮੇਂ ਬਰਬਾਦ ਕਰਨ ਲਈ ਥੋੜ੍ਹਾ ਜਿਹਾ ਸਮਾਂ ਵੀ ਨਹੀਂ ਹੈ ਕਿਉਂਕਿ ਇਸ ਸਾਲ ਦੇ ਨਾਲ ਜਲਵਾਯੂ ਦਾ ਪ੍ਰਭਾਵ ਵੀ ਵਧਦਾ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਵਰ੍ਹੇ ਮੌਸਮ ਸਬੰਧੀ ਤਬਦੀਲੀਆਂ ਨਾਲ ਨਜਿੱਠਣ ਲਈ 100 ਬਿਲੀਅਨ ਅਮਰੀਕੀ ਡਾਲਰ ਤੋਂ ਵੱਧ ਖ਼ਰਚਾ ਆਵੇਗਾ। ਉਨ੍ਹਾਂ ਸਾਲ 2050 ਤੱਕ ਜ਼ਹਿਰੀਲੀਆਂ ਗੈਸਾਂ ਦੀ ਨਿਕਾਸੀ ਪੂਰੀ ਤਰ੍ਹਾਂ ਖਤਮ ਕਰਨ ਦੇ ਟੀਚੇ ਬਾਰੇ ਦੱਸਿਆ। ਉਨ੍ਹਾਂ ਕਿਹਾ,‘ਅਸੀਂ ਅਜਿਹਾ ਕਰ ਸਕਦੇ ਹਾਂ, ਅਸੀਂ ਇਹ ਸਭ ਇੱਕ ਅਜਿਹੇ ਢੰਗ ਨਾਲ ਕਰ ਸਕਦੇ ਹਾਂ ਕਿ ਜਿਸ ਨਾਲ ਚੰਗੇ ਰੁਜ਼ਗਾਰ ਪੈਦਾ ਹੋਣ, ਉਪਭੋਗਤਾਵਾਂ ਅਤੇ ਕਾਰੋਬਾਰਾਂ ਨੂੰ ਘੱਟ ਕੀਮਤਾਂ ਦਾ ਭੁਗਤਾਨ ਕਰਨਾ ਪਵੇ ਜੋ ਸਾਨੂੰ ਆਲਮੀ ਪੱਧਰ ’ਤੇ ਆਗੂ ਬਣਾਵੇ।’ ਰਾਸ਼ਟਰਪਤੀ ਨੇ ਸੋਮਵਾਰ ਨੂੰ ਕੈਲੀਫੋਰਨੀਆ ਦੇ ਬੋਇਸ, ਇਡਾਹੋ ਅਤੇ ਸੈਕਰਾਮੈਂਟੋ ਦਾ ਦੌਰਾ ਕਰਦਿਆਂ ਜੰਗਲ ਦੀ ਅੱਗ ਕਾਰਨ ਹੋਏ ਨੁਕਸਾਨ ਦਾ ਜਾਇਜ਼ਾ ਲਿਆ ਸੀ। ਉਨ੍ਹਾਂ ਆਪਣੇ ਇਸ ਦੌਰੇ ਵਿੱਚ 1200 ਅਰਬ ਡਾਲਰ ਦੇ ਦੋ-ਪੱਖੀ ਬੁਨਿਆਦੀ ਢਾਂਚੇ ਸਬੰਧੀ ਬਿੱਲ ਅਤੇ 3.5 ਅਰਬ ਅਮਰੀਕੀ ਡਾਲਰ ਦੇ ਵਾਧੂ ਪੈਕੇਜ ਨੂੰ ਸਹੀ ਦਰਸਾਉਣ ਲਈ ਜੰਗਲ ਦੀ ਅੱਗ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਕਿਸੇ ਪ੍ਰਾਂਤ ਵਿੱਚ ਡੈਮੋਕ੍ਰੇਟਿਕ ਪਾਰਟੀ ਦੀ ਸਰਕਾਰ ਹੈ ਜਾਂ ਰਿਪਬਲਿਕਨ ਦੀ। ਸਾਡੇ ਸਾਹਮਣੇ ਸੰਕਟ ਹੈ, ਪਰ ਸਾਡੇ ਸਾਹਮਣੇ ਅਹਿਮ ਮੌਕਾ ਵੀ ਹੈ।

Leave a Reply

Your email address will not be published. Required fields are marked *