ਪੈਟਰੋਲੀਅਮ ਪਦਾਰਥ ਹਾਲੇ ਜੀਐੱਸਟੀ ਦੇ ਘੇਰੇ ’ਚ ਨਹੀਂ ਆਉਣਗੇ

ਲਖਨਊ: ਜੀਐੱਸਟੀ ਪ੍ਰੀਸ਼ਦ ਦੀ ਅੱਜ ਹੋਈ ਬੈਠਕ ਵਿਚ ਫ਼ੈਸਲਾ ਲਿਆ ਗਿਆ ਹੈ ਕਿ ਕਰੋਨਾ ਨਾਲ ਸਬੰਧਤ ਦਵਾਈਆਂ 31 ਦਸੰਬਰ ਤੱਕ ਰਿਆਇਤੀ ਟੈਕਸ ਦਰਾਂ ਉਤੇ ਮੁਹੱਈਆ ਕਰਵਾਈਆਂ ਜਾਣਗੀਆਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਦੀ ਅਗਵਾਈ ਵਿਚ ਅੱਜ ਇੱਥੇ ਹੋਈ ਜੀਐੱਸਟੀ ਕੌਂਸਲ ਦੀ ਬੈਠਕ ਵਿਚ ਪੈਟਰੋਲ ਤੇ ਡੀਜ਼ਲ ਨੂੰ ਜੀਐੱਸਟੀ ਦੇ ਦਾਇਰੇ ’ਚੋਂ ਬਾਹਰ ਰੱਖਣ ਉਤੇ ਸਹਿਮਤੀ ਬਣੀ ਹੈ ਕਿਉਂਕਿ ਵਰਤਮਾਨ ਐਕਸਾਈਜ਼ ਡਿਊਟੀ ਤੇ ਵੈਟ ਨੂੰ ਕੌਮੀ ਪੱਧਰ ਉਤੇ ਇਕੋ ਦਰ ’ਤੇ ਲਿਆਉਣ ਨਾਲ ਮਾਲੀਆ ਪ੍ਰਭਾਵਿਤ ਹੋਵੇਗਾ। ਸੀਤਾਰਾਮਨ ਨੇ ਕਿਹਾ ਕਿ ਜੀਐੱਸਟੀ ਕੌਂਸਲ ਨੂੰ ਲੱਗਦਾ ਹੈ ਕਿ ਅਜੇ ਪੈਟਰੋਲੀਅਮ ਪਦਾਰਥਾਂ ਨੂੰ ਜੀਐੱਸਟੀ ਦੇ ਦਾਇਰੇ ਵਿਚ ਲਿਆਉਣ ਦਾ ਸਮਾਂ ਨਹੀਂ ਆਇਆ। ਕੌਂਸਲ ਦੇ ਫ਼ੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਮਸਕਿਊਲਰ ਏਟ੍ਰੋਫੀ ਦਵਾਈਆਂ ਜ਼ੋਲਜੇਨਸਮਾ ਤੇ ਵਿਲਟੇਪਸੋ ਨੂੰ ਜੀਐੱਸਟੀ ਤੋਂ ਛੋਟ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਇਨ੍ਹਾਂ       ਦਵਾਈਆਂ ਦੀ ਕੀਮਤ ਹੀ ਕਰੋੜਾਂ ਰੁਪਏ ਹੈ। ਕੌਂਸਲ ਨੇ ਫੂਡ ਡਲਿਵਰੀ ਪਲੈਟਫਾਰਮਾਂ ਜਿਵੇਂ ਕਿ ਸਵਿੱਗੀ, ਜ਼ੋਮਾਟੋ ਉਤੇ ਪੰਜ ਪ੍ਰਤੀਸ਼ਤ ਟੈਕਸ ਲਾਉਣ ਦਾ ਫ਼ੈਸਲਾ ਲਿਆ ਹੈ। 

ਕਰੋਨਾ ਨਾਲ ਸਬੰਧਤ ਕਈ ਦਵਾਈਆਂ ਜੋ ਕਿ ਕਿਫਾਇਤੀ ਜੀਐੱਸਟੀ ਦਰਾਂ ਉਤੇ ਦਿੱਤੀਆਂ ਜਾ ਰਹੀਆਂ ਹਨ, ਉਤੇ ਛੋਟ ਜਾਰੀ ਰੱਖਣ ਦਾ ਫ਼ੈਸਲਾ ਕੀਤਾ ਹੈ। ਇਹ ਛੋਟ ਹੁਣ 31 ਦਸੰਬਰ ਤੱਕ ਜਾਰੀ ਰਹੇਗੀ ਪਰ ਮੈਡੀਕਲ ਉਪਕਰਨਾਂ ਉਤੇ ਇਹ ਲਾਭ ਨਾ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਮੈਡੀਕਲ ਉਪਕਰਨਾਂ ਉਤੇ ਦਿੱਤੀ ਜਾ ਰਹੀ ਛੋਟ 30 ਸਤੰਬਰ ਨੂੰ ਖ਼ਤਮ ਹੋ ਜਾਵੇਗੀ। ਸੀਤਾਰਾਮਨ ਨੇ ਕਿਹਾ ਕਿ ਪੰਜ ਪ੍ਰਤੀਸ਼ਤ ਜੀਐੱਸਟੀ ਸਵਿੱਗੀ ਤੇ ਜ਼ੋਮਾਟੋ ਵਲੋਂ ਡਲਿਵਰੀ ਕਰਨ ਉਤੇ ਵਸੂਲਿਆ ਜਾਵੇਗਾ। 

Leave a Reply

Your email address will not be published. Required fields are marked *