ਵੈਨਕੂਵਰ ਵਿੱਚ ਗੈਂਗਸਟਰ ਅਮਨਦੀਪ ਮੰਜ ਦਾ ਕਤਲ

ਵੈਨਕੂਵਰ: ਡਾਊਨ ਟਾਊਨ ਵੈਨਕੂਵਰ ਦੇ ਵੱਡੇ ਹੋਟਲ ਦੀ ਪਾਰਕਿੰਗ ਵਿੱਚ ਬੀਤੇ ਦਿਨ ਮਾਰੇ ਗਏ ਨੌਜਵਾਨ ਦੀ ਪਛਾਣ ਗੈਂਗਸਟਰ ਅਮਨਦੀਪ ਮੰਜ ਵਜੋਂ ਹੋਈ ਹੈ। ਪੁਲੀਸ ਰਿਕਾਰਡ ਵਿੱਚ ਉਹ 12 ਸਾਲਾਂ ਤੋਂ ਗੈਂਗਸਟਰ ਵਜੋਂ ਵਿਚਰ ਰਿਹਾ ਸੀ। ਉਸਦਾ ਛੋਟਾ ਭਰਾ ਯੋਧ ਮੰਜ ਤਿੰਨ ਸਾਲ ਪਹਿਲਾਂ ਕੈਨੇਡਾ ਲਈ ਡਰੱਗ ਤਸਕਰੀ ਕਰਦਿਆਂ ਮੈਕਸੀਕੋ ਵਿੱਚ ਮਾਰਿਆ ਗਿਆ ਸੀ। ਉਹ ਦੋਵੇਂ ਯੂ ਐੱਨ ਗੈਂਗ ਦੇ ਮੈਂਬਰ ਸਨ। ਮੰਜ ਪਰਿਵਾਰ ਸਮੇਤ ਦਰਜਨਾਂ ਸਕੇ ਭਰਾ ਪਿਛਲੇ ਸਾਲਾਂ ਵਿੱਚ ਕੈਨੇਡਾ ਵਿਚਲੀ ਗੈਂਗ ਹਿੰਸਾ ਦੀ ਭੇਟ ਚੜ੍ਹ ਕੇ ਮਾਪਿਆਂ, ਭੈਣਾਂ ਤੇ ਰਿਸ਼ਤੇਦਾਰਾਂ ਲਈ ਪਛਤਾਵੇ ਦੀ ਭੱਠੀ ਬਾਲ ਗਏ ਹਨ। ਪੁਲੀਸ ਅਨੁਸਾਰ ਡਾਊਨ ਟਾਊਨ ਦੇ ਵਾਟਰ ਫਰੰਟ ਖੇਤਰ ਵਿੱਚ ਫੇਅਰਮਾਊਂਟ ਹੋਟਲ ਦੀ ਕਾਰ ਪਾਰਕਿੰਗ ਵਿੱਚ ਕਾਰ ਵਿੱਚ ਬੈਠੇ ਅਮਨਦੀਪ ਨੂੰ ਗੋਲੀਆਂ ਮਾਰ ਕੇ ਢੇਰੀ ਕਰ ਦਿੱਤਾ ਗਿਆ। ਪਿਛਲੇ ਕੁਝ ਮਹੀਨਿਆਂ ਵਿੱਚ ਇਸੇ ਗੈਂਗ ਨਾਲ ਸਬੰਧਤ ਕਈ ਹੋਰ ਮੈਂਬਰ ਮਾਰੇ ਗਏ ਹਨ। ਦੱਸਣਯੋਗ ਹੈ ਕਿ ਅਮਨਦੀਪ ਨੂੰ ਸਾਲ 2009 ਵਿੱਚ ਉਸਦੇ ਘਰੋਂ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਤੋਂ ਬਾਅਦ ਉਸ ਖ਼ਿਲਾਫ਼ ਕਈ ਮਾਮਲੇ ਦਰਜ ਹੋਏ ਤੇ ਉਹ ਜੇਲ੍ਹ ਵਿੱਚ ਬੰਦ ਹੁੰਦਾ ਰਿਹਾ। ਉਸ ਦੇ ਪਰਿਵਾਰਕ ਮੈਂਬਰ ਵੱਲੋਂ ਪਛਾਣ ਕੀਤੇ ਜਾਣ ਤੋਂ ਬਾਅਦ ਪੁਲੀਸ ਨੇ ਉਸ ਦੀ ਪਛਾਣ ਜਨਤਕ ਕੀਤੀ ਹੈ। ਇਸ ਤੋਂ ਪਹਿਲਾਂ ਦੁਸਾਂਝ ਭਰਾ, ਕਾਲਕਟ ਭਰਾ, ਗਰੇਵਾਲ ਭਰਾ, ਬੁੱਟਰ ਭਰਾ, ਢੱਕ ਭਰਾ, ਸਮਰਾ ਭਰਾ, ਦੂਹੜੇ ਭਰਾ ਤੇ ਕਈ ਹੋਰ ਗੈਂਗਸਟਰ ਡਰੱਗ ਤਸਕਰੀ ਵਿੱਚ ਧੌਂਸ ਜਮਾਉਣ ਦੇ ਚੱਕਰ ਵਿੱਚ ਦੂਜੇ ਗਰੋਹ ਦਾ ਨਿਸ਼ਾਨਾ ਬਣ ਚੁੱਕੇ ਹਨ।  

Leave a Reply

Your email address will not be published. Required fields are marked *