ਬਹੁਤ ਛੋਟੀਆਂ ਘਟਨਾਵਾਂ ਦੇ ਕਈ ਵਾਰ ਬੜੇ ਵਡੇ ਰਾਜਸੀ ਅਰਥ ਹੁੰਦੇ ਹਨ-ਗੁਰਬਚਨ ਸਿੰਘ

ਕਈ ਵਾਰ ਬਹੁਤ ਛੋਟੀਆਂ ਘਟਨਾਵਾਂ ਦੇ ਬੜੇ ਵਡੇ ਰਾਜਸੀ ਅਰਥ ਹੁੰਦੇ ਹਨ। ਅਨੇਕ ਸਿਆਣੇ ਲੋਕਾਂ ਨੇ ਟਿਪਣੀ ਕੀਤੀ ਹੈ ਕਿ ਅਮਰਿੰਦਰ ਸਿੰਘ ਦੇ ਜਾਣ ਨਾਲ ਪੰਜਾਬ ਦੇ ਰਾਜਕੀ ਢਾਂਚੇ ਵਿਚ ਕਿਹੜਾ ਕੋਈ ਬੁਨਿਆਦੀ ਤਬਦੀਲੀ ਹੋ ਗਈ ਹੈ। ਆਉਣ ਵਾਲੇ ਦਿਨਾਂ ਵਿਚ ਓਹੀ ਕੁਰਪਸ਼ਨ, ਆਮ ਲੋਕਾਂ ਦੀ ਓਹੀ ਲੁਟ-ਖਸੁਟ ਉਵੇਂ ਹੀ ਜਾਰੀ ਰਹਿਣੀ ਹੈ। ਜਿਹੜੇ ਲੋਕ ਨੇੜ ਭਵਿਖ ਵਿਚ ਸੰਸਾਰ ਪਧਰ ਉਤੇ ਅਤੇ ਖਾਸ ਕਰ ਕੇ ਦਖਣੀ ਏਸ਼ੀਆ ਦੇ ਖਿਤੇ ਵਿਚ ਆਉਣ ਵਾਲੀਆ ਬਹੁਤ ਵਡੀਆ ਤਬਦੀਲੀਆਂ ਦੀ ਆਹਟ ਨਹੀਂ ਸੁਣ ਰਹੇ, ਉਹਨਾਂ ਦੀ ਇਹ ਸੋਚ ਠੀਕ ਹੋ ਸਕਦੀ ਹੈ। ਪਰ ਹਕੀਕਤ ਇਸ ਤੋਂ ਬਿਲਕੁਲ ਵਖਰੀ ਹੈ।
ਪੰਜਾਬ ਵਿਚ ਮੋਦੀ ਸ਼ਾਹ ਦੇ ਥੰਮ ਵਜੋਂ ਜਾਣੇ ਜਾਂਦੇ ਕੈਪਟਨ ਦੇ ਏਨੀ ਆਸਾਨੀ ਨਾਲ ਢਹਿ ਜਾਣ ਨੂੰ ਬਿਨਾਂ ਕਿਸੇ ਪੰਗਾ ਪਾਏ ਜਰ ਲੈਣ ਦਾ ਰਾਜਸੀ ਅਰਥ ਹੈ, ਕਿ ਮੋਦੀ ਸ਼ਾਹ ਤੇ ਡੋਭਾਲ ਦੀ ਉਹ ਰਾਜਸੀ ਔਕਾਤ ਨਹੀਂ ਰਹਿ ਗਈ, ਕਿ ਉਹ ਸਰਹਦੀ ਸੂਬਾ ਕਹਿ ਕੇ ਚਰਨਜੀਤ ਸਿੰਘ ਚੰਨੀ ਦੀ ਤਾਜਪੋਸ਼ੀ ਵਿਚ ਕੋਈ ਅੜਿਚਣ ਡਾਹ ਸਕਣ। ਜਿਹੜੇ ਮੋੋੋਦੀਕੇ ਸੈਂਕੜੇ ਸਿਖ ਨੌਜਵਾਨਾਂ ਦੇ ਕਾਤਲ ਮੁਹੰਮਦ ਮੁਸਤਫਾ ਨੂੰ ਸਿਨਿਓਰਟੀ ਹੋਣ ਦੇ ਬਾਵਜੂਦ ਮੁਸਲਮਾਨ ਹੋਣ ਕਰ ਕੇ ਸਰਹਦੀ ਸੂਬੇ ਦਾ ਡੀ ਜੀ ਪੀ ਨਹੀਂ ਲਗਣ ਦੇ ਸਕਦੇ, ਉਹ ਭਲਾ ਸਮੁਚੇ ਸੂਬੇ ਦੇ ਰਾਜਪ੍ਰਬੰਧ ਨੂੰ ਆਪਣੇ ਹਥੋਂ ਨਿਕਲਦਾ ਕਿਵੇਂ ਵੇਖ ਸਕਦੇ ਹਨ?
ਜਿਹੜੇ ਲੋਕ ਫਾਸ਼ੀਵਾਦ ਨੂੰ ਮਹਿਜ ਇਕ ਸ਼ਬਦ ਨਹੀਂ ਸਮਝਦੇ ਅਤੇ ਇਸ ਦੇ ਨਿਕਲਣ ਵਾਲੇ ਭਿਆਨਕ ਸਿਟਿਆਂ ਨੂੰ ਜਾਣਦੇ ਹਨ, ਉਨ੍ਹਾਂ ਨੂੰ ਇਸ ਗਲੋਂ ਤਸੱਲੀ ਹੋਣੀ ਚਾਹੀਦੀ ਹੈ ਕਿ ਅਮਰਿੰਦਰ ਸਿੰਘ ਦੇ ਲਥਣ ਨਾਲ ਮੋਦੀ ਸ਼ਾਹ ਦੀ ਰਾਜਸੀ ਤਾਕਤ ਘਟੀ ਹੈ। ਮੋਦੀ ਸ਼ਾਹ ਦੀ ਇਸ ਘਟੀ ਰਾਜਸੀ ਤਾਕਤ ਨੂੰ ਕਿਵੇਂ ਆਪਣੇ ਹਕ ਵਿਚ ਵਰਤਣਾ ਹੈ, ਇਹ ਬਦਲਵੀਂ ਰਾਜਨੀਤੀ ਦੀ ਅਗਵਾਈ ਕਰ ਰਹੇ ਕਿਸਾਨ ਮੋਰਚੇ ਦੇ ਆਗੂਆਂ ਨੇ ਵੇਖਣਾ ਹੈ। ਬਦਲੀ ਰਾਜਸੀ ਹਾਲਤ ਵਿਚ ਕਿਸਾਨ ਆਗੂ ਪੰਜਾਬ ਅੰਦਰ ਸਮੁਚੇ ਕਾਰਪੋਰੇਟ ਸੈਕਟਰ ਵਿਰੁਧ ਕੋਈ ਵਡੀ ਲਾਮਬੰਦੀ ਕਰ ਸਕਦੇ ਹਨ। ਇਸ ਵਾਸਤੇ ਉਹ ਛੋਟੇ ਦੁਕਾਨਦਾਰਾਂ ਅਤੇ ਹੋਰਨਾਂ ਗਰੀਬਾਂ ਨੂੰ ਆਪਣੇ ਨਾਲ ਲੈ ਸਕਦੇ ਹਨ। ਇਹ ਲਾਮਬੰਦੀ ਕਿਸਾਨ ਮੋਰਚੇ ਦਾ ਘੇਰਾ ਵਧਾਉਣ ਦੇ ਮੰਤਵ ਨਾਲ ਵੀ ਹੋ ਸਕਦੀ ਹੈ।
ਇਹ ਗੱਲ ਹੁਣ ਸਪਸ਼ਟ ਹੋ ਗਈ ਹੈ ਕਿ ਮੋਦੀ ਸ਼ਾਹ ਨੇ ਖੇਤੀ ਕਾਨੂੰਨ ਬਣਾਉਣ ਬਦਲੇ ਕਾਰਪੋਰੇਟਾਂ ਕੋਲੋ ਏਨੀ ਵਡੀ ਰਕਮ ਲੈ ਲਈ ਹੈ, ਕਿ ਉਹ ਹੁਣ ਦੇਸ ਦੇ ਸਵਾ ਅਰਬ ਲੋਕਾਂ ਨੂੰ ਭੁਖੇ ਮਾਰ ਸਕਦਾ ਹੈ, ਆਪਣਾ ਰਾਜਸੀ ਭਵਿਖ ਦਾਅ ਉਤੇ ਲਾ ਸਕਦਾ ਹੈ, ਆਪਣੀਆ ਲੋਕ ਵਿਰੋਧੀ ਨੀਤੀਆਂ ਕਾਰਨ ਸਮੁਚੇ ਦੇਸ ਵਿਚ ਹਫੜਾ-ਦਫੜੀ ਪੈਦਾ ਕਰ ਸਕਦਾ ਹੈ, ਪਰ ਉਹ ਇਹ ਤਿੰਨ ਖੇਤੀ ਕਾਨੂੰਨ ਵਾਪਸ ਨਹੀਂ ਲੈ ਸਕਦਾ। ਹੁਣ ਇਹ ਕਾਨੂੰਨ ਉਸ ਦੇ ਜਾਣ ਨਾਲ ਹੀ ਵਾਪਸ ਹੋਣੇ ਹਨ। ਉਸਦੇ ਜਾਣ ਦਾ ਵੇਲਾ ਵੀ ਹੁਣ ਆ ਗਿਆ ਹੈ। ਗੁਜਰਾਤ ਵਿਚ ਹੋਇਆ ਰਾਜਸੀ ਉਲਟਫੇਰ ਮੋਦੀ ਸ਼ਾਹ ਦੀ ਬੌਖਲਾਹਟ ਅਤੇ ਡਰ ਦਾ ਪ੍ਰਗਟਾਵਾ ਹੈ। 2022 ਦੀਆਂ ਚੋਣਾਂ ਭਾਵੇਂ ਯੋਗੀ ਅਦਿਤਿਆ ਨਾਥ ਹਾਰੇ ਜਾਂ ਜਿਤੇ ਪਰ ਉਹ ਕੇਂਦਰ ਵਿਚ ਮੋਦੀ ਸ਼ਾਹ ਦੀ ਹਮਾਇਤ ਨਹੀਂ ਕਰੇਗਾ, ਇਸ ਸਚਾਈ ਨੇ ਮੋਦੀ ਸ਼ਾਹ ਦੇ ਪੈਰਾਂ ਹੋਠੋਂ ਜਮੀਨ ਕਢ ਦਿਤੀ ਹੈ। ਆਪਣੇ ਰਾਜਸੀ ਭਵਿਖ ਨੂੰ ਸੁਰਖਿਅਤ ਕਰਨ ਦੇ ਡਰੋਂ ਹੀ ਉਹ ਆਪਣੇ ਪੁਰਾਣੇ ਗੜ੍ਹ ਗੁਜਰਾਤ ਨੂੰ ਬਚਾਉਣ ਲਈ ਹਥ ਪੈਰ ਮਾਰ ਰਿਹਾ ਹੈ। ‘ਇੰਡੀਆ ਟੂਡੇ’ ਵਰਗੇ ਮੋਦੀ ਭਗਤ ਮੀਡੀਏ ਵਲੋਂ ਦਿਤੀ ਗਈ ਇਸ ਤਾਜਾ ਜਾਣਕਾਰੀ ਨੇ ਵੀ ਉਸ ਨੂੰ ਫਿਕਰਮੰਦ ਕੀਤਾ ਹੈ, ਕਿ ਮੋਦੀ ਦੀ ਵੋਟ ਖਿਚਣ ਦੀ ਸਮਰਥਾ 66 ਫੀਸਦੀ ਤੋਂ ਘਟ ਕੇ 24 ਫੀਸਦੀ ਰਹਿ ਗਈ ਹੈ।

Leave a Reply

Your email address will not be published. Required fields are marked *