ਜੈਸ਼ੰਕਰ ਨੇ ਬਰਤਾਨਵੀ ਹਮਰੁਤਬਾ ਕੋਲ ਚੁੱਕਿਆ ਇਕਾਂਤਵਾਸ ਦਾ ਮੁੱਦਾ

ਨਿਊਯਾਰਕ: ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬਰਤਾਨੀਆ ਦੀ ਨਵੀਂ ਵਿਦੇਸ਼ ਮੰਤਰੀ ਐਲਿਜ਼ਾਬੈੱਥ ਟਰੱਸ ਨਾਲ ਮੀਟਿੰਗ ਦੌਰਾਨ ਕਰੋਨਾਵਾਇਰਸ ਸਬੰਧੀ ਇਕਾਂਤਵਾਸ ਦੇ ਮਾਮਲੇ ਦਾ ਜਲਦੀ ਹੀ ਕੋਈ ਹੱਲ ਕਰਨ ਦੀ ਅਪੀਲ ਕੀਤੀ ਅਤੇ ਅਫ਼ਗਾਨਿਸਤਾਨ ਦੇ ਹਾਲਾਤ ਤੇ ਹਿੰਦ-ਪ੍ਰਸ਼ਾਂਤ ’ਚ ਹਾਲ ਹੀ ’ਚ ਵਾਪਰੀਆਂ ਘਟਨਾਵਾਂ ’ਤੇ ਚਰਚਾ ਕੀਤੀ। ਜੈਸ਼ੰਕਰ ਸੰਯੁਕਤ ਰਾਸ਼ਟਰ ਦੇ ਆਮ ਇਜਲਾਸ ਦੇ ਉੱਚ ਪੱਧਰੀ 76ਵੇਂ ਸੈਸ਼ਨ ’ਚ ਹਿੱਸਾ ਲੈਣ ਲਈ ਇੱਥੇ ਪਹੁੰਚੇ ਸਨ। ਇੱਥੇ ਆਉਣ ਤੋਂ ਕੁਝ ਦੇਰ ਬਾਅਦ ਉਨ੍ਹਾਂ ਨਾਰਵੇ ਦੇ ਵਿਦੇਸ਼ ਮੰਤਰੀ ਇਨੇ ਐਰਿਕਸਨ ਸੋਰੀਦੇ, ਇਰਾਕ ਦੇ ਵਿਦੇਸ਼ ਮੰਤਰੀ ਫੁਆਦ ਹੁਸੈਨ ਤੇ ਬਰਤਾਨੀਆ ਦੀ ਨਵੀਂ ਵਿਦੇਸ਼ ਮੰਤਰੀ ਨਾਲ ਦੁਵੱਲੀ ਗੱਲਬਾਤ ਕੀਤੀ। ਜੈਸ਼ੰਕਰ ਨੇ ਟਵੀਟ ਕੀਤਾ, ‘ਬਰਤਾਨੀਆ ਦੀ ਨਵੀਂ ਵਿਦੇਸ਼ ਮੰਤਰੀ ਟਰੱਸ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਅਸੀਂ 2030 ਦੇ ਰੋਡਮੈਪ ਦੀ ਪ੍ਰਗਤੀ ’ਤੇ ਚਰਚਾ ਕੀਤੀ। ਮੈਂ ਵਪਾਰ ਦੇ ਮਾਮਲੇ ’ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ। ਅਫ਼ਗਾਨਿਸਤਾਨ ਤੇ ਹਿੰਦ-ਪ੍ਰਸ਼ਾਂਤ ਖੇਤਰ ’ਚ ਹਾਲ ਹੀ ’ਚ ਵਾਪਰੀਆਂ ਘਟਨਾਵਾਂ ’ਤੇ ਚਰਚਾ ਕੀਤੀ। ਮੈਂ ਇਕਾਂਤਵਾਸ ਮਾਮਲੇ ਦਾ ਸਾਂਝੇ ਹਿੱਤ ’ਚ ਜਲਦੀ ਹੱਲ ਕੱਢਣ ਦੀ ਅਪੀਲ ਵੀ ਕੀਤੀ।’ ਜੈਸ਼ੰਕਰ ਤੇ ਟਰੱਸ ਦੀ ਮੀਟਿੰਗ ਅਜਿਹੇ ਸਮੇਂ ਹੋਈ ਹੈ ਜਦੋਂ ਬਰਤਾਨੀਆ ਨੇ ਕਰੋਨਾ ਸਬੰਧੀ ਨਵੀਆਂ ਯਾਤਰਾ ਪਾਬੰਦੀਆਂ ਦਾ ਐਲਾਨ ਕੀਤਾ ਹੈ। ਇਨ੍ਹਾਂ ਪਾਬੰਦੀਆਂ ਦੀ ਭਾਰਤ ਨੇ ਸਖ਼ਤ ਆਲੋਚਨਾ ਕੀਤੀ ਹੈ। ਜੈਸ਼ੰਕਰ ਨੇ ਹੁਸੈਨ ਨਾਲ ਮੀਟਿੰਗ ਮਗਰੋਂ ਟਵੀਟ ਕੀਤਾ, ‘ਇਰਾਕ ਦੇ ਵਿਦੇਸ਼ ਮੰਤਰੀ ਫੁਆਦ ਹੁਸੈਨ ਨਾਲ ਸੁਖਾਵੇਂ ਮਾਹੌਲ ’ਚ ਮੀਟਿੰਗ ਹੋਈ। ਅਸੀਂ ਸਾਡੇ ਇਤਿਹਾਸਕ ਸਬੰਧਾਂ, ਆਰਥਿਕ, ਊਰਜਾ ਤੇ ਵਿਕਾਸ ਦੇ ਖੇਤਰ ’ਚ ਸਹਿਯੋਗ ਬਾਰੇ ਚਰਚਾ ਕੀਤੀ। ਅਸੀਂ ਖੇਤਰੀ ਤੇ ਆਲਮੀ ਮੁੱਦਿਆਂ ’ਤੇ ਵੀ ਵਾਰਤਾ ਕੀਤੀ।’

Leave a Reply

Your email address will not be published. Required fields are marked *