ਅਮਰਿੰਦਰ ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ

ਕੇਂਦਰ ਦੀ ਭਾਜਪਾ ਸਰਕਾਰ ਤੋਂ ਕਿਸਾਨ ਅੰਦੋਲਨ ਦਾ ਹੱਲ ਕਢਵਾ ਕੇ ਐਲਾਨਣਗੇ ਨਵੀਂ ਪਾਰਟੀ?

ਚੰਡੀਗੜ੍ਹ : ਸਿਆਸੀ ਗਲਿਆਰਿਆਂ ’ਚ ਇਹ ਚਰਚਾ ਚੱਲ ਰਹੀ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਤੋਂ ਕਿਸਾਨ ਅੰਦੋਲਨ ਦਾ ਹੱਲ ਕਢਵਾ ਕੇ ਕੈਪਟਨ ਅਮਰਿੰਦਰ ਵੱਡਾ ਸਿਆਸੀ ਧਮਾਕਾ ਕਰ ਸਕਦੇ ਨੇ ਤੇ ਇਸਦਾ ਐਲਾਨ ਜਾਂ ਆਗਾਜ਼ 2 ਅਕਤੂਬਰ ਨੂੰ ਹੋ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਜਾਂ ਤਾਂ ਉਹ ਭਾਜਪਾ ਦੇ ਵੱਡੇ ਚਿਹਰੇ ਵਜੋਂ ਸਾਹਮਣੇ ਆਉਣਗੇ ਜਾਂ ਫਿਰ ਆਪਣੀ ਨਵੀਂ ਪਾਰਟੀ ਦਾ ਐਲਾਨ ਕਰਨਗੇ। ਪਰ ਭਾਜਪਾ ’ਚ ਜਾਣ ਦੀ ਗੱਲ ਕੈਪਟਨ ਨੇ ਨਾਕਾਰ ਦਿੱਤੀ ਹੈ। ਉਹ ਦਿੱਲੀ ਵਿਖੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੌਮੀ ਸੁਰੱਖਿਆ ਸਲਾਹਕਾਰ ਨਾਲ ਅਜੀਤ ਡੋਭਾਲ ਨਾਲ ਮੀਟਿੰਗ ਕਰਨ ਉਪਰੰਤ ਪੰਜਾਬ ਪੁੱਜ ਗਏ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ਉਹ ਨਾ ਤਾਂ ਭਾਜਪਾ ਵਿੱਚ ਹੀ ਜਾਣਗੇ ਅਤੇ ਨਾ ਹੀ ਕਾਂਗਰਸ ਵਿੱਚ ਰਹਿਣਗੇ। ਇੱਕ ਨਿੱਜੀ ਟੀਵੀ ਚੈਨਲ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਵਿੱਚ ਮੇਰਾ ਅਪਮਾਨ ਕੀਤਾ ਗਿਆ ਹੈ ਅਤੇ ਮੈਂ ਅਪਮਾਨ ਨੂੰ ਬਰਦਾਸ਼ਤ ਨਹੀਂ ਕਰ ਸਕਦਾ।” ਇਹ ਵੀ ਚਰਚਾ ਹੈ ਕਿ ਜੇਕਰ ਕੈਪਟਨ ਕਾਂਗਰਸ ਛੱਡਣ ਦੇ ਫੈਸਲੇ ‘ਤੇ ਅੰਤਿਮ ਫੈਸਲਾ ਲੈਂਦੇ ਹਨ ਤਾਂ ਜੀ -23 ਦੇ ਨੇਤਾ, ਪੰਜਾਬ ਕਾਂਗਰਸ ਦੇ ਕੁਝ ਵਿਧਾਇਕ ਅਤੇ ਸੰਸਦ ਮੈਂਬਰ ਵੀ ਉਨ੍ਹਾਂ ਦੇ ਨਾਲ ਜਾ ਸਕਦੇ ਹਨ।

ਭਾਜਪਾ ਆਗੂਆਂ ਆਰ ਪੀ ਸਿੰਘ ਤੇ ਗਰੇਵਾਲ ਨੇ ਵੀ ਦਿੱਤੇ ਸੰਕੇਤ
ਪੰਜਾਬ ਦੇ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਇਨ੍ਹਾਂ ਚਰਚਾਵਾਂ ਨੂੰ ਅੱਗੇ ਵਧਾਉਦਿਆਂ ਕਿਹਾ ਹੈ ਕਿ ਕੈਪਟਨ ਅਮਰਿੰਦਰ ਕਿਸਾਨਾਂ ਨੂੰ ਮਨਾਉਣਗੇ ਇਸ ਲਈ ਉਨ੍ਹਾਂ ਨੂੰ ਕੇਂਦਰ ਸਰਕਾਰ ਵਿੱਚ ਵੱਡੀ ਜਿੰਮੇਵਾਰੀ ਮਿਲ ਸਕਦੀ ਹੈ। ਅਮਿਤ ਸ਼ਾਹ ਤੋਂ ਬਾਅਦ ਹੁਣ ਕੈਪਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਤ ਕਰ ਸਕਦੇ ਹਨ। ਇਹ ਉਨ੍ਹਾਂ ਦੀ ਮਰਜ਼ੀ ਹੈ ਕਿ ੳਨ੍ਹਾਂ ਨੇ ਭਾਜਪਾ ਵਿੱਚ ਸ਼ਾਮਲ ਹੋਣਾ ਹੈ ਜਾਂ ਆਪਣੀ ਪਾਰਟੀ ਬਣਾ ਕੇ ਭਾਜਪਾ ਦੀ ਮਦਦ ਕਰਨੀ ਹੈ। ਗਰੇਵਾਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਖੇਤੀ ਕਾਨੂੰਨਾਂ ਦੇ ਮੁੱਦੇ ਨੂੰ ਸੁਲਝਾ ਸਕਦੇ ਹਨ। ਖੇਤੀ ਕਾਨੂੰਨ ਨੂੰ ਵਾਪਸ ਲੈਣ ਦੇ ਸਵਾਲ ‘ਤੇ ਗਰੇਵਾਲ ਨੇ ਕਿਹਾ ਕਿ ਕੁਝ ਵੀ ਹੋ ਸਕਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਦਾਅਵਾ ਕੀਤਾ ਐਮਐਸਪੀ ਲਿਖਤੀ ਰੂਪ ਵਿੱਚ ਵੀ ਦਿੱਤੀ ਜਾ ਸਕਦੀ ਹੈ।

ਭਾਜਪਾ ਵੱਲੋਂ ਮੁੜ ਅਮਰਿੰਦਰ ਦੇ ਰਾਸ਼ਟਰਵਾਦ ਦੀ ਸ਼ਲਾਘਾ
ਉਧਰ ਭਾਜਪਾ ਦੇ ਆਗੂ ਤੇ ਰਾਸ਼ਟਰੀ ਬੁਲਾਰੇ ਆਰਪੀ ਸਿੰਘ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਰਾਸ਼ਟਰਵਾਦੀ ਹਨ ਅਤੇ ਕੋਈ ਵੀ ਰਾਸ਼ਟਰਵਾਦੀ ਵਿਅਕਤੀ ਕਾਂਗਰਸ ਵਿੱਚ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਸਾਰੇ ਰਾਸ਼ਟਰਵਾਦੀਆਂ ਦਾ ਭਾਜਪਾ ’ਚ ਸਵਾਗਤ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਵਿੱਟਰ ਅਕਾਊਂਟ ਤੋਂ ‘ਕਾਂਗਰਸ’ ਸ਼ਬਦ ਹਟਾ ਦਿੱਤਾ ਹੈ। ਉਨ੍ਹਾਂ ਟਵਿੱਟਰ ‘ਤੇ ਖ਼ੁਦ ਨੂੰ ਸਾਬਕਾ ਫ਼ੌਜੀ ਅਤੇ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਦੱਸਦੇ ਹੋਏ ਲਿਖਿਆ ਹੈ ਕਿ ਉਹ ਸੂਬੇ ਦੇ ਲੋਕਾਂ ਦੀ ਸੇਵਾ ਕਰਦੇ ਰਹਿਣਗੇ।

Leave a Reply

Your email address will not be published. Required fields are marked *