ਲੌਕਡਾਊਨ: ਸਪੇਨ ਨੇ ਦਿੱਤੀ ਬੱਚਿਆਂ ਨੂੰ ਖੇਡਣ ਦੀ ਮਨਜ਼ੂਰੀ, ਅਮਰੀਕੀ ਸੂਬੇ ਵੀ ਦੇਣ ਲੱਗੇ ਢਿੱਲ

ਵਾਸ਼ਿੰਗਟਨ: ਕੋਰੋਨਾ ਵਾਇਰਸ ਦੇ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਵਿਚ ਯੂਰੋਪੀਅਨ ਦੇਸ਼ਾਂ ਵੱਲੋਂ ਪੜਾਅਵਾਰ ਅਤੇ ਯੋਜਨਾਬੱਧ ਤਰੀਕੇ ਨਾਲ ਢਿੱਲ ਦਿੱਤੇ ਜਾਣ ਦੀਆਂ ਕੋਸ਼ਿਸ਼ਾਂ ਦੇ ਤਹਿਤ ਸਪੇਨ ਨੇ ਛੇ ਹਫਤਿਆਂ ਬਾਅਦ ਪਹਿਲੀ ਵਾਰ ਬੱਚਿਆਂ ਨੂੰ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਹੈ। ਇਸ ਦੌਰਾਨ ਅਮਰੀਕੀ ਗਵਰਨਰ ਅਪਣੇ-ਅਪਣੇ ਤਰੀਕਿਆਂ ਨਾਲ ਬੰਦ ਵਿਚ ਢਿੱਲ ਦੇਣ ਲਈ ਕਦਮ ਚੁੱਕ ਰਹੇ ਹਨ।

ਚੀਨ ਦੇ ਸਰਕਾਰੀ ਮੀਡੀਆ ਨੇ ਦੱਸਿਆ ਕਿ ਕੋਰੋਨਾ ਵਾਇਰਸ ਸੰਕਰਮਣ ਦਾ ਕੇਂਦਰ ਰਹੇ ਵੁਹਾਨ ਦੇ ਹਸਪਤਾਲਾਂ ਵਿਚ ਕੋਵਿਡ-19 ਦਾ ਹੁਣ ਕੋਈ ਮਰੀਜ ਨਹੀਂ ਹੈ। ਵੁਹਾਨ ਵਿਚ ਕੋਰੋਨਾ ਨਾਲ ਹੁਣ ਤੱਕ 3900 ਲੋਕਾਂ ਦੀ ਮੌਤ ਹੋ ਚੁੱਕੀ ਹੈ। ਉੱਥੇ ਹੀ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਵੀ ਕੋਰੋਨਾ ਵਾਇਰਸ ਨਾਲ ਠੀਕ ਹੋਣ ਤੋਂ ਬਾਅਦ ਸੋਮਵਾਰ ਨੂੰ ਕੰਮ ‘ਤੇ ਪਰਤ ਆਏ ਹਨ।

ਅਮਰੀਕਾ ਵਿਚ ਸੰਕਰਮਣ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨਿਊਯਾਰਕ ਅਤੇ ਮਿਸ਼ੀਗਨ ਦੇ ਗਵਰਨਰਾਂ ਨੇ ਘੱਟੋ ਘੱਟ ਮਈ ਦੇ ਅੱਧ ਤੱਕ ਬੰਦ ਲਾਗੂ ਰੱਖਣ ਦਾ ਫੈਸਲਾ ਕੀਤਾ ਹੈ। ਜਾਰਜੀਆ, ਓਕਲਾਹੋਮਾ ਅਤੇ ਅਲਾਸਕਾ ਨੇ ਕੁੱਝ ਕਾਰੋਬਾਰ ਖੋਲਣ ਦੀ ਇਜਾਜ਼ਤ ਦੇ ਦਿੱਤੀ ਹੈ।

ਅਮਰੀਕਾ ਸਥਿਤੀ ‘ਜਾਨਸ ਹਾਪਕਿਨਸ ਯੂਨੀਵਰਸਿਟੀ’ ਅਨੁਸਾਰ ਸੰਕਰਮਣ ਨਾਲ ਦੁਨੀਆ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 29 ਲੱਖ ਲੋਕ ਸੰਕਰਮਿਤ ਹੋਏ ਹਨ। ਹਾਲਾਂਕਿ ਮੰਨਿਆ ਜਾ ਰਿਹਾ ਹੈ ਕਿ ਅਸਲ ਅੰਕੜਾ ਇਸ ਤੋਂ ਕਾਫੀ ਜ਼ਿਆਦਾ ਹੈ। ਇਟਲੀ, ਬ੍ਰਿਟੇਨ, ਸਪੇਨ ਅਤੇ ਫਰਾਂਸ ਵਿਚ ਵੀਹ-ਵੀਹ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਅਮਰੀਕਾ ਵਿਚ ਇਹ ਅੰਕੜਾ ਕਰੀਬ 55,000 ਹੈ।

ਇਟਲੀ ਵਿਚ ਮੌਤਾਂ ਦੀ ਗਿਣਤੀ ਵਿਚ ਕਮੀ ਆਉਣ ਤੋਂ ਬਾਅਦ ਫੈਕਟਰੀਆਂ, ਨਿਰਮਾਣ ਕਾਰਜਾਂ ਅਤੇ ਕਈ ਕਾਰੋਬਾਰਾਂ ਨੂੰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਹੈ। 4 ਮਈ ਤੋਂ ਪਾਰਕ ਖੋਲ੍ਹੇ ਜਾਣਗੇ, ਅੰਤਿਮ ਸਸਕਾਰ ਦੀ ਮਨਜ਼ੂਰੀ ਦਿੱਤੀ ਜਾਵੇਗੀ, ਐਥਲੀਟ ਪ੍ਰੈਕਟਿਸ ਸ਼ੁਰੂ ਕਰ ਸਕਣਗੇ। ਇਸ ਤੋਂ ਇਲਾਵਾ 18 ਮਈ ਨੂੰ ਸਟੋਰ ਅਤੇ ਅਜਾਇਬ ਘਰ ਖੋਲ ਦਿੱਤੇ ਜਾਣਗੇ ਅਤੇ ਇਕ ਜੂਨ ਤੋਂ ਕੈਫੇ ਅਤੇ ਸੈਲੂਨ ਖੋਲੇ ਜਾਣਗੇ।

ਇਸ ਦੌਰਾਨ ਲੋਕਾਂ ਨੂੰ ਮਾਸਕ ਪਾਉਣ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਸਪੇਨ ਵਿਚ14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਅਪਣੇ ਮਾਤਾ ਪਿਤਾ ਦੇ ਨਾਲ ਇਕ ਘੰਟੇ ਲਈ ਬਾਹਰ ਜਾ ਕੇ ਖੇਡਣ ਦੀ ਇਜਾਜ਼ਤ ਦਿੱਤੀ ਗਈ ਹੈ।

Leave a Reply

Your email address will not be published. Required fields are marked *