ਪੰਜਾਬ ਦੇ ਲੋਕ ਤੇ ਪੰਜਾਬ ਸਰਕਾਰ- ਸਤਨਾਮ ਸਿੰਘ ਚਾਹਲ

ਸਤਨਾਮ ਸਿੰਘ ਚਾਹਲ

ਕੋਵਿਡ -19 ਬਿਮਾਰੀ ਦੀ ਦਿਨੋਂ ਦਿਨ ਹੋ ਰਹੀ ਭਿਆਨਕ ਤਬਾਹੀ ਦੇ ਕਾਰਣ ਦੇਸ਼ ਵਿਦੇਸ਼ ਦੇ ਹਰ ਇਕ ਵਰਗ ਦੇ ਲੋਕਾਂ ਦੌਰਾਨ ਹਾਹਾਕਾਰ ਮਚੀ ਹੋਈ ਹੈ ਜਿਸ ਕਾਰਣ ਹਰ ਥਾਂ ਉਪਰ ਮੁਕੰਮਲ ਲੌਕ ਡਾਊਨ ਤੇ ਮੁਕੰਮਲ ਕਰਫਿਊ ਲਗਾ ਹੋਇਆ ਹੈ ਤਾਂ ਕਿ ਲੋਕਾਂ ਵਿਚ ਆਪਸੀ ਦੂਰੀ ਬਣਾ ਕੇ ਰਖਣ ਵਿਚ ਕਰੌਨਾ ਵਾਇਰਸ ਨਾਮ ਦੀ ਇਸ ਭਿਆਨਕ ਬਿਮਾਰੀ ਨੂੰ ਹੋਰ ਜਿਆਦਾ ਫੈਲਣ ਤੋਂ ਰੋਕਿਆ ਜਾ ਸਕੇ। ਅਜਿਹੀ ਸਥਿਤੀ ਵਿਚ ਜਿਥੇ ਮੈਂ ਪੰਜਾਬ ਸਰਕਾਰ ਤੇ ਮੈਡੀਕਲ ਅਧਿਕਾਰੀਆਂ ਵਲੋਂ ਦਿਤੀਆਂ ਗਈਆਂ ਹਦਾਇਤਾਂ ਦਾ ਪੂਰਾ ਪੂਰਾ ਪਾਲਣ ਕੀਤਾ।ਹੁਣ ਸਵਾਲ ਪੈਦਾ ਹੁੰਦਾ ਹੈ ਕਿ ਕੀ ਮੇਰੇ ਵਾਂਗ ਪੰਜਾਬ ਦੇ ਲੋਕਾਂ ਨੇ ਕਰਫਿਊ/ਲੌਕ ਡਾਉਨ ਸਬੰਧੀ ਸਰਕਾਰ ਦੀਆਂ ਹਦਾਇਤਾਂ ਦਾ ਪਾਲਣ ਕਰ ਵੀ ਰਹੇ ਜਾਂ ਨਹੀਂ ?ਇਸ ਸਵਾਲ ਦਾ ਸਿਧਾ ਤੇ ਸਪਸ਼ਟ ਜਵਾਬ ਨਾਂਹ ਵਿਚ ਹੈ ।ਇਸ ਦੇ ਬਹੁਤ ਸਾਰੇ ਕਾਰਣ ਹਨ।ਪਂਜਾਬ ਦੇ ਇਕ ਅਧਿਕਾਰੀ ਸ਼੍ਰੀ ਰਾਹੁਲ ਗੁਪਤਾ ਜਿਹੜੇ ਕਿ ਕਰੋਨਾ ਨੂੰ ਰੋਕਣ ਸਬੰਧੀ ਸਟੇਟ ਕੰਟਰੋਲ ਰੂਮ ਦੇ ਮੈਂਬਰ ਹਨ ਹਰ ਰੋਜ ਜਿਹੜੀਆਂ  ਜਾਣਕਾਰੀਆਂ ਜਾਂ ਹਦਾਇਤਾਂ ਪੰਜਾਬ ਦੇ ਲੋਕਾਂ ਨੂੰ ੰਿਦੰਦੇ ਹਨ ਉਹ ਸਿਰਫ ਅੰਗਰੇਜੀ ਭਾਸ਼ਾ ਵਿਚ ਹੀ ਦਿੰਦੇ ਹਨ.ਇਹ ਗਲ ਕਿਸੇ ਕੋਲੋਂ ਛੁਪੀ ਹੋਈ ਨਹੀਂ ਹੈ ਕਿ ਪੰਜਾਬ ਵਿਚ ਕਿਤਨੇ ਲੋਕ  ਅੰਗਰੇਜੀ ਭਾਸ਼ਾ ਨੂੰ ਸਮਝਦੇ ਹਨ।ਵੈਸੇ ਵੀ ਪੰਜਾਬੀ ਭਾਸ਼ਾ ਸਾਡੇ ਰਾਜ ਦੀ ਬੋਲੀ ਹੈ।ਇਸ ਲਈ ਅਜਿਹੇ ਅਧਿਕਾਰੀ ਨੂੰ ਅੰਗਰੇਜੀ  ਬੋਲੀ ਵਿਚ ਬੋਲਣ ਤੋਂ ਰੋਕ ਕੇ ਪੰਜਾਬੀ ਬੋਲੀ ਵਿਚ ਬੋਲਣ ਲਈ ਮਜਬੂਰ ਕੀਤਾ ਜਾਣਾ ਚਾਹੀਦਾ ਹੈ ।ਪਤਾ ਨਹੀਂ ਪੰਜਾਬੀ ਮਾਂ ਬੋਲੀ ਦੇ ਵਿਕਾਸ ਲਈ ਜੋਰਦਾਰ ਉਚੀ ਉਚੀ ਨਾਹਰੇ ਮਾਰਨ ਵਾਲੇ ਲੋਕ ਅਜ ਇਸ ਮਾਮਲੇ ਬਾਰੇ ਚੁਪ ਕਿਉਂ ਹਨ ?
ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਵਲੋਂ ਲੌਕ ਡਾਉਨ ਜਾਂ ਕਰਫਿਊ ਦਾ ਐਲਾਨ ਕਰਨ ਤੋਂ ਪਹਿਲਾਂ ਉਹਨਾਂ ਸਾਰੀਆਂ ਚੀਜਾਂ ਦਾ ਪਰਬੰਦ ਕਰ ਲੈਣਾ ਚਾਹੀਦਾ ਸੀ ਜਿਹਨਾਂ ਚੀਜਾਂ ਦੀ ਲੋੜ ਆਮ ਲੋਕਾਂ ਦੀ ਜਿੰਦਗੀ ਨੂੰ ਚਲਾਉਣ ਲਈ ਜਰੂਰੀ ਹੁੰਦੀਆਂ ਹਨ।ਨਿਰਸੰਦੇਹ ਅਜਿਹੀ ਸਥਿਤੀ ਵਿਚ ਪੰਜਾਬ ਪੁਲੀਸ,ਮੈਡੀਕਲ ਅਧਿਕਾਰੀ ਤੇ ਸਿਵਲ ਅਧਿਕਾਰੀ ਆਪਣੀ ਜਾਨ ਖਤਰੇ ਵਿਚ ਪਾ ਕੇ ਸ਼ਲਾਘਾਯੋਗ ਭੂਮਿਕਾ ਨਿਭਾ ਰਹੇ ਹਨ ਉਥੇ ਇਸ ਦਿਸ਼ਾ ਵਿਚ ਹੋਰ ਬਹੁਤ ਕੁਝ ਅਜੇ ਕਰਨਾ ਬਾਕੀ ਹੈ ਜਿਸ ਲਈ ਪੰਜਾਬ ਸਰਕਾਰ ਨੂੰ ਜਮੀਨੀ ਹਕੀਕਤਾਂ ਦਾ ਨਿਰਪੱਖ ਸਰਵੇਖਣ ਕਰਵਾ ਕੇ ਯੋਗ ਪਰਬੰਧ ਕਰਨ ਲਈ ਯਤਨ ਕਰਨੇ  ਚਾਹੀਦੇ ਹਨ।
ਜਦ ਮੈਂ ਪੰਜਾਬ ਵਿਚ ਸਾਂ ਤਾਂ ਕੁਝ ਪੰਜਾਬ ਤੇ ਐਨ.ਆਰ.ਆਈ ਵਿਰੋਧੀ ਅਨਸਰਾਂ ਨੇ ਕਰੋਨਾ ਵਾਇਰਸ ਨੂੰ ਫੈਲਾਉਣ ਲਈ ਪੰਜਾਬ ਆਏ ਐਨ.ਆਰ.ਆਈ ਭੈਣਾਂ ਭਰਾਵਾਂ ਨੂੰ ਜੁੰਮੇਵਾਰ ਠਹਿਰਾਉਣ ਵਿਚ ਕੋਈ ਕਸਰ ਬਾਕੀ ਨਹੀਂ ਸੀ ਛਡੀ।ਜਦਕਿ ਇਸ ਗਲ ਵਿਚ ਕੋਈ ਸਚਾਈ ਨਹੀਂ ਸੀ।ਇਸ ਗਲ ਦਾ ਇਕ ਹੋਰ ਪੱਖ ਇਹ ਵੀ ਹੈ ਕਿ ਪੰਜਾਬ ਦੇ ਲੋਕਾਂ ਵਿਚ ਇਹ ਇਕ ਆਮ ਧਾਰਣਾ ਬਣੀ ਹੋਈ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਕਰੋਨਾ ਵਾਇਰਸ ਦੇ ਮਰੀਜਾਂ ਦਾ ਇਲਾਜ ਕਰ ਸਕਣਾ ਮੁਮਕਿਨ ਨਹੀਂ ਹੈ ਕਿਉਂਕਿ ਇਹਨਾਂ ਸਰਕਾਰੀ ਹਸਪਤਾਲਾਂ ਵਿਚ ਪਹਿਲਾਂ ਦੂਸਰੀਆਂ ਬਿਮਾਰੀਆਂ ਦਾ ਇਲਾਜ ਕਰਵਾਉਣ ਵਾਲੇ ਲੋਕਾਂ ਦਾ ਤਜਰਬਾ ਠੀਕ ਨਹੀਂ ਸੀ ਜਿਸ ਲਈ ਸਰਕਾਰ ਨੂੰ ਸਰਕਾਰੀ ਹਸਪਤਾਲਾਂ ਬਾਰੇ ਲੋਕਾਂ ਵਿਚ ਬਣੀ ਇਸ ਧਾਰਣਾ ਨੂੰ ਖਤਮ ਕਰਨ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ॥
ਕਰੋਨਾ ਵਾਇਸ ਦੀ ਭਿਆਨਕ ਬਿਮਾਰੀ ਦੇ ਦੌਰਾਨ ਸਾਰੇ ਸ਼ਹਿਰੀਆਂ ਦਾ ਇਹ ਫਰਜ ਬਣਦਾ ਹੈ ਕਿ ਉਹ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਸਰਕਾਰੀ ਹਿਦਾਇਤਾਂ ਦਾ ਪਾਲਣ ਕਰਨ।ਇਸ ਦੌਰਾਨ ਲੋਕਾਂ ਨੂੰ ਆਪੋ ਆਪਣੀ ਜਿੰਦਗੀ ਨੂੰ ਚਲਾਉਣ ਲਈ ਕੁਝ ਤਕਲੀਫਾਂ ਦਾ ਸਾਹਮਣਾ ਤਾਂ ਕਰਨਾ ਪੈ ਰਿਹਾ ਹੈ ਪਰ ਸਾਨੂੰ ਆਪਣੇ ਆਪ ਤੇ ਆਪਣੇ ਪਰਿਵਾਰ ਨੂੰ  ਇਸ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਸੰਜੀਦਗੀ ਨਾਲ ਯਤਨ ਕਰਨਾ ਚਾਹੀਦਾ ਹੈ।
ਮੈਂ ਅਮਰੀਕਾ ਪਹੁੰਚ ਕੇ ਵੀ ਇਕਾਂਤਵਾਸ ਵਿਚ ਹਾਂ ਤੇ ਇਸਦਾ ਪੂਰਾ ਪਾਲਣ ਕਰ ਰਿਹਾ ਹਾਂ।ਮੇਰਾ ਇਹ ਇਕਾਂਤਵਾਸ ਅਜੇ ਹੋਰ ਕੁਝ ਦਿਨ ਚਲੇਗਾ ਜਿਸ ਉਪਰੰਤ ਮੈਂ ਆਪਣੇ ਡਾਕਟਰ ਦੀ ਰਾਇ ਨਾਲ ਉਸ ਵਲੋਂ ਦਿਤੀਆਂ ਹਦਾਇਤਾਂ ਅਨੁਸਾਰ ਹੀ ਆਪਣੀ ਅਗਲੀ ਰੂਪ ਰੇਖਾ ਤਿਆਰ ਕਰਾਂਗਾ
ਇਸ ਬਿਮਾਰੀ ਸਬੰਧੀ ਪਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਮੈਂ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ਨੂੰ ਇਕ ਸੁਝਾਅ ਦੇਣਾ ਚਾਹੁੰਦਾ ਹਾਂ ਜਿਸ ਅਨੁਸਾਰ ਪੰਜਾਬ ਦੇ ਹਰ ਇਕ ਵਿਅਕਤੀ ਨੂੰ ਆਪਣੀ ਜਿੰਦਗੀ ਚਲਾਉਣ ਲਈ ਲੋੜੀਂਦੀਆਂ ਚੀਜਾਂ ਦਾ ਪਰਬੰਧ ਕਰਕੇ ਦੋ ਹਫਤਿਆਂ ਲਈ ਸਖਤੀ ਨਾਲ ਕਰਫਿਊ ਐਲਾਨ ਕਰਨਾ ਚਾਹੀਦਾ ਹੈ ਜਿਸ ਵਿਚ ਸਿਰਫ ਮੌਤ ਜਾਂ ਕੋਈ ਮੈਡੀਕਲ ਐਂਮਰਜੰਸੀ ਵਾਲੇ ਲੋਕਾਂ ਨੂੰ ਹੀ ਛੋਟ ਦਿਤੀ ਜਾਵੇ ਤੇ ਦੂਸਰੇ ਲੋਕਾਂ ਉਪਰ ਕਰਫਿਊ ਨਿਯਮਾਂ ਦਾ ਪਾਲਣ ਕਰਵਾਉਣ ਲਈ ਸਖਤੀ ਕੀਤੀ ਜਾਵੇ।ਇਕ ਗਲ ਸਾਡੇ ਸਾਰਿਆਂ ਲਈ ਨੋਟ ਕਰਨ ਵਾਲੀ ਹੈ ਕਿ ਜਦ ਤਕ ਅਸੀਂ ਆਪਸੀ ਦੂਰੀ ਬਣਾ ਕੇ ਨਹੀਂ ਰਖਦੇ ਤਦ ਤਕ ਅਸੀਂ ਇਸ ਬਿਮਾਰੀ ਉਪਰ ਕਾਬੂ ਨਹੀਂ ਪਾ ਸਕਦੇ।

Leave a Reply

Your email address will not be published. Required fields are marked *