ਨਿਹੰਗ ਆਗੂ, ਗੁਰਮੀਤ ਪਿੰਕੀ ਤੇ ਭਾਜਪਾ ਆਗੂਆਂ ਨੇ ਫ਼ੋਟੋ ਬਾਰੇ ਦਿੱਤਾ ਸਪੱਸ਼ਟੀਕਰਨ

ਚੰਡੀਗੜ੍ਹ : ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਅਤੇ ਹੋਰ ਭਾਜਪਾ ਆਗੂਆਂ ਨਾਲ ਇੱਕ ਪੁਰਾਣੀ ਫ਼ੋਟੋ ਨੂੰ ਲੈ ਕੇ ਚਰਚਾ ਵਿੱਚ ਆਏ ਨਿਹੰਗ ਆਗੂ ਅਮਨ ਸਿੰਘ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਹੈ ਕਿ ਉਹ ਸਿਆਸੀ ਆਗੂਆਂ ਨੂੰ ਮਿਲਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਧਰਮ ਦੀ ਲੜਾਈ ਲੜ ਰਹੇ ਹਾਂ ਤੇ ਵੱਖ-ਵੱਖ ਮੁੱਦਿਆਂ ’ਤੇ ਭਾਰਤ ਦੇ ਰਾਸ਼ਟਰਪਤੀ ਨੂੰ ਪੱਤਰ ਵੀ ਲਿਖੇ ਹਨ। ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ਪ੍ਰਦਰਸ਼ਨ ਵਾਲੀ ਥਾਂ ਖਾਲ੍ਹੀ ਕਰਵਾਉਣ ਲਈ ਕਥਿਤ ਤੌਰ ‘ਤੇ 10 ਲੱਖ ਰੁਪਏ ਨਕਦ ਅਤੇ ਘੋੜਿਆਂ ਦੀ ਪੇਸ਼ਕਸ਼ ਕੀਤੀ ਗਈ ਸੀ। ਉਨ੍ਹਾਂ ਕਿਹਾ,‘ਅਸੀਂ ਚਾਰ ਮੰਗਾਂ ਕੀਤੀਆਂ, ਖੇਤੀਬਾੜੀ ਕਾਨੂੰਨ ਵਾਪਸ ਲੈਣਾ, ਐੱਮਐੱਸਪੀ ਗਾਰੰਟੀ, 2015 ਤੋਂ ਪੰਜਾਬ ਵਿੱਚ ਬੇਅਦਬੀ ਮਾਮਲਿਆਂ ਵਿੱਚ ਨਿਆਂ ਅਤੇ ਸਾਡੇ ਵਿਰੁੱਧ ਕੇਸ ਵਾਪਸ ਲੈਣਾ ਸ਼ਾਮਲ ਸਨ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਦੋਂ ਹੀ ਧਰਨਾ ਚੁੱਕਾਂਗੇ ਜਦੋਂ ਸਾਡੀਆਂ ਮੰਗਾਂ ਪੂਰੀਆਂ ਹੋਣਗੀਆਂ। ਅਸੀਂ ਪੈਸੇ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤੀ ਸੀ।
ਉਧਰ ਬਰਖ਼ਾਸਤ ਪੁਲਿਸ ਇੰਸਪੈਕਟਰ ਗੁਰਮੀਤ ਪਿੰਕੀ ਨੇ ਕਿਹਾ ਹੈ ਕਿ ਮੈਨੂੰ ਇਸ ਮਾਮਲੇ ’ਚ ਬਿਨਾਂ ਕਿਸੇ ਗੱਲ ਤੋਂ ਘੜੀਸਿਆ ਜਾ ਰਿਹਾ ਹੈ। ਮੇਰਾ ਨਿਹੰਗ ਸਿੰਘਾਂ ਨਾਲ ਕੋਈ ਲੈਣ-ਦੇਣ ਨਹੀਂ ਹੈ। ਮੇਰੀ ਲੋਕਾਂ ਨੂੰ ਅਪੀਲ ਹੈ ਕਿ ਮੇਰਾ ਨਾਂ ਕਿਸੇ ਨਾਲ ਨਾ ਜੋੜਿਆ ਜਾਵੇ। ਪਿੰਕੀ ਨੇ ਕਿਹਾ ਕਿ ਮੈਂ ਆਪਣੇ ਕੰਮ ਲਈ 5 ਅਗਸਤ ਨੂੰ ਦਿੱਲੀ ਆਪਣੇ ਦੋਸਤ ਸੁਖਮਿੰਦਰ ਸਿੰਘ ਗਰੇਵਾਲ ਕੋਲ ਗਿਆ ਸੀ। ਉਥੇ ਇਸ ਦੌਰਾਨ ਸਿੰਘੂ ਬਾਰਡਰ ’ਤੇ ਮੈਂ ਨਿਹੰਗ ਅਮਨ ਸਿੰਘ ਨੂੰ ਵੀ ਮਿਲਿਆ ਸੀ। ਉਹ ਵੀ ਸਾਡੇ ਨਾਲ ਮੰਤਰੀ ਦੇ ਘਰ ਗਿਆ ਤੇ ਅਸੀਂ ਮਿਲ ਕੇ ਖਾਣਾ ਖਾਧਾ। ਜਿਹੜਾ ਵੀ ਸ਼ਖਸ ਮੇਰੇ ਖ਼ਿਲਾਫ਼ ਬੋਲੇਗਾ ਤਾਂ ਮੈਂ ਉਸ ਦੇ ਖ਼ਿਲਾਫ ਅਦਾਲਤ ’ਚ ਜਾਵਾਂਗਾ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਸ੍ਰੀ ਤੋਮਰ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦੇ ਹਨ ਤੇ ਉਨ੍ਹਾਂ ਨੂੰ ਅਕਸਰ ਹੀ ਵੱਖ-ਵੱਖ ਸੰਸਥਾਵਾਂ ਦੇ ਮੁਖੀ ਮਿਲਦੇ ਰਹਿੰਦੇ ਹਨ। ਅੱਜ ਸਾਰਾ ਦਿਨ ਸੋਸ਼ਲ ਮੀਡੀਏ ’ਤੇ ਇਸ ਫ਼ੋਟੋ ਨੂੰ ਲੈ ਕੇ ਚਰਚਾ ਚੱਲਦੀ ਰਹੀ। ਕੁੱਝ ਲੋਕਾਂ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦੀਆਂ ਵੀ ਵੱਖ-ਵੱਖ ਆਗੂਆਂ ਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਨਾਲ ਤਸਵੀਰਾਂ ਸ਼ੇਅਰ ਕਰ ਕੇ ਕਿਹਾ ਹੈ ਕਿ ਜੇ ਕਿਸੇ ਨਾਲ ਫ਼ੋਟੋ ਹੋਣ ਨਾਲ ਹੀ ਕੋਈ ਸ਼ੱਕੀ ਹੋ ਜਾਂਦਾ ਹੈ ਤਾਂ ਕਿਸਾਨ ਆਗੂਆਂ ਨੂੰ ਚਾਹੀਦਾ ਹੈ ਕਿ ਉਹ ਵੀ ਹੁਣ ਆਪਣੀਆਂ ਫ਼ੋਟੋਆਂ ਬਾਰੇ ਜਵਾਬ ਦੇਣ।

Leave a Reply

Your email address will not be published. Required fields are marked *