ਸੁਨਾਰੀਆ ਜੇਲ੍ਹ ’ਚੋਂ ਸੌਦਾ ਸਾਧ ਦਾ ਫ਼ਰੀਦਕੋਟ ਤੱਕ ਦਾ ਸਫ਼ਰ ਸਿਟ ਲਈ ਵੱਡੀ ਚੁਣੌਤੀ

ਫ਼ਰੀਦਕੋਟ : ਬੇਅਦਬੀ ਮਾਮਲੇ 2015 ਨਾਲ ਸਬੰਧਤ ਮੁਕੱਦਮਾ ਨੰਬਰ 63 ਜਿਸ ਵਿੱਚ ਸੌਦਾ ਸਾਧ ਨੂੰ ਨਾਮਜ਼ਦ ਕੀਤਾ ਗਿਆ ਹੈ, ਸਿਟ ਵੱਲੋਂ ਇਸ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚੋਂ ਫ਼ਰੀਦਕੋਟ ਲਿਆ ਕੇ ਪੁੱਛ-ਗਿੱਛ ਕਰਨ ਲਈ ਜਾਰੀ ਕਰਵਾਏ ਗਏ ਪ੍ਰੋਡਕਸ਼ਨ ਵਾਰੰਟਾਂ ਨੇ ਜਿੱਥੇ ਬੇਅਦਬੀ ਮਾਮਲਿਆਂ ਵਿੱਚੋਂ ਡੇਰਾ ਸਿਰਸਾ ਮੁਖੀ ਨੂੰ ਕਲੀਨ ਚਿੱਟ ਦੇਣ ਵਾਲੀਆਂ ਦਲੀਲਾਂ ਨੂੰ ਠੱਲ੍ਹ ਪਾਈ ਹੈ ਉੱਥੇ ਹੁਣ ਸਭ ਦੀਆਂ ਨਜ਼ਰਾਂ ਇਸ ਪਾਸੇ ਲੱਗੀਆਂ ਹੋਈਆਂ ਹਨ ਕਿ ਸਿਟ ਟੀਮ 29 ਅਕਤੂਬਰ ਨੂੰ ਡੇਰਾ ਸਿਰਸਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ (ਹਰਿਆਣਾ) ’ਚੋਂ ਪੰਜਾਬ ਫ਼ਰੀਦਕੋਟ ਅਦਾਲਤ ਵਿੱਚ ਪੇਸ਼ ਕਰਨ ਲਈ ਕਿੱਥੋਂ ਤੱਕ ਸਫ਼ਲ ਹੁੰਦੀ ਹੈ। 

ਦੱਸ ਦੇਈਏ ਕਿ ਸਾਬਕਾ ਆਈ.ਜੀ. ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਸਿਟ ਵੱਲੋਂ ਵੀ ਆਪਣੇ ਕਾਰਜਕਾਲ ਦੌਰਾਨ ਫ਼ਰੀਦਕੋਟ ਅਦਾਲਤ ਪਾਸੋਂ ਸੁਨਾਰੀਆ ਜੇਲ ਵਿੱਚ ਜਾ ਕੇ ਡੇਰਾ ਮੁਖੀ ਤੋਂ ਪੁੱਛ-ਗਿੱਛ ਕਰਨ ਦੀ ਇਜਾਜ਼ਤ ਮੰਗੀ ਸੀ ਪ੍ਰੰਤੂ ਸਿਟ ਦੀ ਇਹ ਕਾਰਵਾਈ ਕਿਸੇ ਖਾਸ ਕਾਰਣਾ ਕਰਕੇ ਸਿਰੇ ਨਹੀਂ ਚੜ੍ਹ ਸਕੀ ਸੀ। ਹੁਣ ਲੰਮੇਂ ਅਰਸੇ ਬਾਅਦ ਮੌਜੂਦਾ ਸਿਟ ਨੇ ਬੀਤੀ 24 ਅਕਤੂਬਰ ਨੂੰ ਫ਼ਰੀਦਕੋਟ ਅਦਾਲਤ ਵਿੱਚ ਦਰਖਾਸਤ ਲਗਾ ਕੇ ਡੇਰਾ ਮੁਖੀ ਨੂੰ ਫ਼ਰੀਦਕੋਟ ਲਿਆਉਣ ਲਈ ਪ੍ਰੋਡਕਸ਼ਨ ਵਾਰੰਟ ਜਾਰੀ ਕਰਵਾਏ ਹਨ ਜੋ ਸਿਟ ਲਈ ਇਸ ਲਈ ਬੜੀ ਅਹਿਮੀਅਤ ਰੱਖਦੇ ਹਨ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਡੇਰਾ ਮੁਖੀ ਨੇ ਕਿਵੇਂ ਯੋਜਨਾ ਬਣਾਈ ਇਨ੍ਹਾਂ ਤੱਥਾਂ ਦਾ ਖੁਲਾਸਾ ਉਸ ਤੋਂ ਪੁੱਛ-ਗਿੱਛ ਕਰਨ ’ਤੇ ਹੀ ਸੰਭਵ ਹੈ।

ਇੱਥੇ ਇਹ ਵੀ ਦੱਸਣਯੋਗ ਹੋਵੇਗਾ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਬੇਅਦਬੀ ਮਾਮਲਿਆਂ ਵਿੱਚ ਸਿਟ ਵੱਲੋਂ 11 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਸੀ ਜਿੰਨ੍ਹਾਂ ’ਚੋਂ ਇੱਕ ਦੀ ਮੌਤ ਹੋ ਚੁੱਕੀ ਹੈ। ਮੁਕੱਦਮਾ ਨੰਬਰ 63 ਦੇ ਮੁਲਜ਼ਮ ਡੇਰਾ ਮੁਖੀ ਤੋਂ ਇਲਾਵਾ 6 ਮੁਲਜ਼ਮਾਂ ਖ਼ਿਲਾਫ਼ ਸਿਟ ਵੱਲੋਂ ਫ਼ਰੀਦਕੋਟ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾ ਚੁੱਕਾ ਹੈ ਅਤੇ 3 ਦਾ ਲੁੱਕ ਆਊਟ ਨੋਟਿਸ ਜਾਰੀ ਹੋ ਚੁੱਕਾ ਹੈ। ਬੇਅਦਬੀ ਮਾਮਲਿਆਂ ਵਿੱਚ ਨਾਮਜ਼ਦ ਮੁਲਜ਼ਮਾਂ ਨੇ ਬੀਤੀ ਮਹੀਨਾ ਜੂਨ 2015 ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ ’ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਡੇਰਾ ਸਿਰਸਾ ਮੁਖੀ ਰਾਮ ਰਹੀਮ ’ਤੇ ਦੋਸ਼ ਹੈ ਇਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਕਰਨ ਦੀ ਸਾਜਿਸ਼ ਬਣਾਈ। ਬੇਅਦਬੀ ਦੀਆਂ ਘਟਨਾਵਾਂ ਦੀ ਜਾਰੀ ਜਾਂਚ ਨੂੰ 6 ਸਾਲ ਤੋਂ ਵਧੇਰੇ ਦਾ ਸਮਾਂ ਬੀਤ ਚੁੱਕਾ ਹੈ। ਅਜਿਹੀ ਸਥਿੱਤੀ ਵਿੱਚ ਜਾਂਚ ’ਤੇ ਕਈ ਸਵਾਲੀਆ ਚਿੰਨ ਵੀ ਲੱਗ ਰਹੇ ਹਨ ਕਿਉਂਕਿ ਇਨ੍ਹਾਂ ਨਾਲ ਲੱਖਾਂ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਹਨ। ਪ੍ਰੰਤੂ ਇਸਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਡੇਰਾ ਮੁਖੀ ਨੂੰ ਰੋਹਤਕ ਦੀ ਸੁਨਾਰੀਆ ਜੇਲ ਵਿੱਚੋਂ ਫ਼ਰੀਦਕੋਟ ਲਿਆਉਣਾ ਸਿਟ ਲਈ ਚੁਨੌਤੀ ਵੀ ਸਾਬਤ ਹੋ ਸਕਦਾ ਹੈ।

Leave a Reply

Your email address will not be published. Required fields are marked *