‘ਨਵਾਂ ਪੰਜਾਬ’ ਦੇ ਨਾਅਰੇ ਹੇਠ ਭਾਜਪਾ ਵੱਲੋਂ ਚੋਣ ਮੁਹਿੰਮ ਦਾ ਆਗਾਜ਼, 117 ਸੀਟਾਂ ’ਤੇ ਚੋਣਾਂ ਲੜਣ ਦਾ ਐਲਾਨ

ਚੰਡੀਗੜ੍ਹ : ਪੰਜਾਬ ਭਾਜਪਾ ਨੇ 2022 ਦੀਆਂ ਿਵਧਾਨ ਸਭਾ ਚੋਣਾਂ ਲਈ ਅਾਪਣੀ ਮੁਹਿੰਮ ਦਾ ਆਗਾਜ਼ ਕਰ ਦਿੱਤਾ ਹੈ। ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਲਈ ਪਾਰਟੀ ਵੱਲੋਂ ‘ਨਵਾਂ ਪੰਜਾਬ, ਭਾਜਪਾ ਦੇ ਨਾਲ’ ਦਾ ਨਾਅਰਾ ਦਿੱਤਾ ਗਿਆ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਦੇ ਆਗੂਆਂ ਗਜੇਂਦਰ ਸ਼ੇਖਾਵਤ, ਦੁਸ਼ਯੰਤ ਗੌਤਮ, ਤਰੁਣ ਚੁੱਘ, ਹਰਦੀਪ ਪੁਰੀ ਅਤੇ ਅਸ਼ਵਨੀ ਸ਼ਰਮਾ ਨੇ ਪਾਰਟੀ ਵੱਲੋਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਬਿਗੁਲ ਵਜਾਉਂਦਿਆਂ ਕਿਹਾ ਕਿ ਭਾਜਪਾ, ਪੰਜਾਬ ਵਿੱਚ ਇਤਿਹਾਸ ਰਚੇਗੀ, ਕਿਉਂਕਿ ਭਾਜਪਾ ‘ਸਭ ਦਾ ਸਾਥ, ਸਭ ਦਾ ਵਿਕਾਸ ਅਤੇ ਸਭ ਦਾ ਵਿਸ਼ਵਾਸ ਲੈ ਕੇ ਕੰਮ ਕਰ ਰਹੀ ਹੈ। ਸ਼ੇਖਾਵਤ ਨੇ ਕਿਹਾ ਕਿ ਸੱਤਾ ਵਿੱਚ ਆਉਣ ‘ਤੇ ਭਾਜਪਾ ਪੰਜਾਬ ਵਿਚੋਂ ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖਤਮ ਕਰੇਗੀ। ਉਨ੍ਹਾਂ ਕਿਹਾ ਅਕਾਲੀਆਂ, ਕਾਂਗਰਸੀਆਂ ਤੋਂ ਪੰਜਾਬ ਦੇ ਲੋਕ ਨਿਰਾਸ਼ ਹੋ ਚੁੱਕੇ ਹਨ। ਸ਼ੇਖਾਵਤ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਨੇ ਹੀ 1984 ਦੇ ‘ਦੰਗਾ’ ਪੀੜਤਾਂ ਨੂੰ ਇਨਸਾਫ਼ ਦਿਵਾਉਂਦੇ ਹੋਏ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਈਆਂ, ਕਰਤਾਰ ਕੋਰੀਡੋਰ ਖੁਲ੍ਹਵਾਇਆ, ਕਾਲੀ ਸੂਚੀ ਖ਼ਤਮ ਕੀਤੀ, ਲੰਗਰ ਨੂੰ ਜੀਐਸਟੀ ਤੋਂ ਮੁਕਤ ਕੀਤਾ। ਸ਼ੇਖਾਵਤ ਨੇ ਕਿਹਾ ਕਿ ਭਾਜਪਾ ਵੀ ਚਾਹੁੰਦੀ ਹੈ ਕਿ ਖੇਤੀ ਕਾਨੂੰਨਾਂ ਦਾ ਮੁੱਦਾ ਹੱਲ ਹੋਵੇ ਕਿਉਂਕਿ ਮੋਦੀ ਸਰਕਾਰ ਕਿਸਾਨ ਪੱਖੀ ਸਰਕਾਰ ਹੈ। ਕਿਸਾਨ ਜਥੇਬੰਦੀਆਂ ਜਦੋਂ ਮਰਜ਼ੀ ਖੇਤੀ ਕਾਨੂੰਨ ਹੱਲ ਕਰਵਾਉਣ ਬਾਰੇ ਗੱਲ ਕਰਨਾ ਚਾਹੁਣ ਤਾਂ ਕੇਂਦਰ ਸਰਕਾਰ ਤਿਆਰ ਹੈ। ਸ਼ੇਖਾਵਤ ਨੇ ਕਿਹਾ ਕਿ ਇਸ ਵਾਰੀ ਭਾਜਪਾ ਇਤਿਹਾਸ ਰਚਦੀ ਹੋਈ ਸਾਰੀਆਂ 117 ਸੀਟਾਂ ‘ਤੇ ਚੋਣਾਂ ਲੜੇਗੀ ਅਤੇ ਪੰਜਾਬ ਵਿੱਚ ਕਮਲ ਦਾ ਫੁੱਲ ਖਿੜੇਗਾ। ਕੈਪਟਨ ਅਮਰਿੰਦਰ ਸਿੰਘ ਨਾਲ ਭਾਜਪਾ ਦੇ ਗਠਜੋੜ ਬਾਰੇ ਸ਼ੇਖਾਵਤ ਨੇ ਕਿਹਾ ਕਿ ਇਸ ਸਬੰਧੀ ਕੈਪਟਨ ਹੀ ਜਵਾਬ ਦੇ ਸਕਦੇ ਹਨ। ਹਾਲਾਂਕਿ ਭਾਜਪਾ ਇੱਕੋ ਜਿਹੀ ਵਿਚਾਰਧਾਰਾ ਵਾਲਿਆਂ ਦਾ ਭਾਜਪਾ ਹਮੇਸ਼ਾ ਹੀ ਸਵਾਗਤ ਕਰਦੀ ਹੈ। ਭਾਜਪਾ ਆਗੂ ਨੇ ਪੰਜਾਬ ਵਿੱਚ ਬੀਐਸਐਫ ਦੇ ਅਧਿਕਾਰ ਖੇਤਰ ‘ਤੇ ਵਿਰੋਧੀ ਧਿਰ ਵੱਲੋਂ ਰੌਲਾ ਪਾਏ ਜਾਣ ‘ਤੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਫੈਸਲਾ ਦੇਸ਼ ਦੀ ਸੁਰੱਖਿਆ ਦੇ ਤਹਿਤ ਕੀਤਾ ਗਿਆ ਹੈ, ਪਰੰਤੂ ਵਿਰੋਧੀ ਇਸ ਨੂੰ ਜਾਣ ਬੁੱਝ ਕੇ ਮੁੱਦਾ ਬਣਾ ਰਹੇ ਹਨ।

Leave a Reply

Your email address will not be published. Required fields are marked *