ਮੋਦੀ ਸਰਕਾਰ ਨੇ ਦੋ ਹਫਤਿਆਂ ਲਈ ਵਧਾਇਆ ਲੌਕਡਾਊਨ, 17 ਮਈ ਤੱਕ ਰਹੇਗਾ ਜਾਰੀ

ਨਵੀਂ ਦਿੱਲੀ: ਦੇਸ਼ ਵਿਚ ਕੋਰੋਨਾ ਵਾਇਰਸ ਦਾ ਸੰਕਟ ਲਗਾਤਾਰ ਵਧਦਾ ਜਾ ਰਿਹਾ ਹੈ। ਇਸ ਦੌਰਾਨ ਕੇਂਦਰ ਦੀ ਮੋਦੀ ਸਰਕਾਰ ਨੇ ਲੋਕਡਾਊਨ ਦੀ ਮਿਆਦ ਦੋ ਹਫਤਿਆਂ ਤੱਕ ਵਧਾ ਦਿੱਤੀ ਹੈ। ਹੁਣ ਦੇਸ਼ ਵਿਚ 17 ਮਈ ਤੱਕ ਲੌਕਡਾਊਨ ਜਾਰੀ ਰਹੇਗਾ। ਗ੍ਰਹਿ ਮੰਤਰਾਲੇ ਦੇ ਜ਼ਰੀਏ ਇਸ ਦੀ ਜਾਣਕਾਰੀ ਦਿੱਤੀ ਗਈ ਹੈ।

ਦਰਅਸਲ ਲੌਕਡਾਊਨ 2.0 3 ਮਈ ਨੂੰ ਖਤਮ ਹੋਣ ਵਾਲਾ ਸੀ, ਹਾਲਾਂਕਿ ਇਸ ਤੋਂ ਪਹਿਲਾਂ ਹੀ ਮੋਦੀ ਸਰਕਾਰ ਨੇ ਦੇਸ਼ ਵਿਆਪੀ ਲੌਕਡਾਊਨ ਦੋ ਹਫਤਿਆਂ ਲਈ ਵਧਾਉਣ ਦਾ ਐਲ਼ਾਨ ਕੀਤਾ ਹੈ। ਹੁਣ ਚਾਰ ਮਈ ਤੋਂ 17 ਮਈ ਤੱਕ ਲੌਕਡਾਊਨ 3.0 ਲਾਗੂ ਰਹੇਗਾ। ਇਸ ਦੌਰਾਨ ਜਾਰੀ ਰਹਿਣ ਵਾਲੀਆਂ ਗਤੀਵਿਧੀਆਂ ਲਈ ਗ੍ਰਹਿ ਮੰਤਰਾਲੇ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ।

ਈ-ਕਾਮਰਸ ਨੂੰ ਮਨਜ਼ੂਰੀ
ਹਾਲਾਂਕਿ ਮੋਦੀ ਸਰਕਾਰ ਨੇ ਇਸ ਵਾਰ ਲੌਕਡਾਊਨ ਵਿਚ ਕੁੱਝ ਛੋਟਾਂ ਦਿੱਤੀਆਂ ਹਨ। ਇਸ ਛੋਟ ਦੇ ਮੱਦੇਨਜ਼ਰ ਗ੍ਰੀਨ ਅਤੇ ਓਰੇਂਜ਼ ਜ਼ੋਨ ਵਿਚ ਕਈ ਤਰ੍ਹਾਂ ਦੀ ਢਿੱਲ ਦਿੱਤੀ ਗਈ ਹੈ। ਇਸ ਵਿਚ ਈ-ਕਾਮਰਸ ਨੂੰ ਵੀ ਛੋਟ ਦਾ ਐਲਾਨ ਕੀਤਾ ਗਿਆ ਹੈ। ਗ੍ਰੀਨ ਅਤੇ ਓਰੇਂਜ਼ ਜ਼ੋਨ ਵਿਚ ਈ-ਕਾਮਰਸ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹਨਾਂ ਜ਼ੋਨਾਂ ਵਿਚ ਗੈਰ-ਜ਼ਰੂਰੀ ਸਮਾਨਾਂ ਦੀ ਆਨਲਾਈਨ ਡਿਲੀਵਰੀ ‘ਤੇ ਛੋਟ ਦਿੱਤੀ ਗਈ ਹੈ।

ਮਾਲ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਇਸ ਦੇ ਨਾਲ ਹੀ ਗ੍ਰੀਨ ਜ਼ੋਨ ਵਿਚ 50 ਫੀਸਦੀ ਸਵਾਰੀ ਲੈ ਕੇ ਬੱਸਾਂ ਚਲਾਉਣ ਦੀ ਇਜਾਜ਼ਤ ਦਿੱਤੀ ਗਈ ਹੈ। ਗ੍ਰੀਨ ਜ਼ੋਨ ਵਿਚ ਬੱਸ ਡਿਪੋ ਵਿਚ 50 ਫੀਸਦੀ ਕਰਮਚਾਰੀ ਹੀ ਕੰਮ ਕਰਨਗੇ। ਹਾਲਾਂਕਿ ਇਸ ਦੌਰਾਨ ਕਈ ਗਤੀਵਿਧੀਆਂ ‘ਤੇ ਰੋਕ ਜਾਰੀ ਰਹੇਗੀ। ਲੌਕਡਾਊਨ ਦੌਰਾਨ ਸਕੂਲ, ਕਾਲਜ ਅਤੇ ਵਿੱਦਿਅਕ ਅਦਾਰੇ 17 ਮਈ ਤੱਕ ਬੰਦ ਰਹਿਣਗੇ। ਇਸ ਤੋਂ ਇਲਾਵਾ ਮਾਲ, ਪਬ ਆਦਿ ਨੂੰ ਵੀ ਬੰਦ ਰੱਖਿਆ ਜਾਵੇਗਾ।

ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਦੇਖਦੇ ਹੋਏ ਸਭ ਤੋਂ ਪਹਿਲਾਂ 21 ਦਿਨਾਂ ਦਾ ਲੌਕਡਾਊਨ ਲਾਗੂ ਕੀਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 25 ਮਾਰਚ ਤੋਂ 14 ਅਪ੍ਰੈਲ ਤੱਕ ਪਹਿਲਾ ਲੌਕਡਾਊਨ ਲਗਾਇਆ ਸੀ। ਇਸ ਤੋਂ ਬਾਅਦ 15 ਅਪ੍ਰੈਲ ਤੋਂ 3 ਮਈ ਤੱਕ 19 ਦਿਨਾਂ ਲਈ ਲੌਕਡਾਊਨ ਵਧਾਇਆ ਗਿਆ ਸੀ।

Leave a Reply

Your email address will not be published. Required fields are marked *