ਅਕਾਲੀਆਂ ਤੇ ਕਿਸਾਨਾਂ ’ਚ ਟਕਰਾਅ: ਚੱਲੀਆਂ ਗੋਲੀਆਂ, ਗੱਡੀ ਦੀ ਭੰਨਤੋੜ

ਫਿਰੋਜ਼ਪੁਰ: ਪੰਜਾਬ ਵਿੱਚ ਚੋਣ ਪ੍ਰਚਾਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਅਤੇ ਕਿਸਾਨ ਆਗੂ ਆਹਮੋ-ਸਾਹਮਣੇ ਆ ਗਏ। ਕਿਸਾਨਾਂ ਵੱਲੋਂ ਕੀਤੇ ਗਏ ਘਿਰਾਓ ਨੂੰ ਦੇਖਦਿਆਂ ਸਾਬਕਾ ਅਕਾਲੀ ਵਿਧਾਇਕ ਦਾ ਡਰਾਈਵਰ ਨੇ ਕਾਰ ਭਜਾ ਲਈ ਤੇ ਇਸ ਦੌਰਾਨ ਕਾਰ ਦੇ ਬੋਨਟ ’ਤੇ ਬੈਠੇ ਕਿਸਾਨ ਆਗੂ ਨੂੰ ਵੀ ਕਰੀਬ ਡੇਢ ਕਿਲੋਮੀਟਰ ਤੱਕ ਨਾਲ ਹੀ ਲੈ ਗਿਆ। ਅੱਗੇ ਖੜ੍ਹੇ ਕਿਸਾਨਾਂ ਨੇ ਗੱਡੀ ਨੂੰ ਘੇਰ ਕੇ ਭੰਨਤੋੜ ਕੀਤੀ। ਦੋਵਾਂ ਪਾਸਿਆਂ ਤੋਂ ਗੋਲੀਬਾਰੀ ਦੇ ਦੋਸ਼ ਲੱਗੇ ਹਨ ਅਤੇ ਕੁਝ ਕਿਸਾਨ ਜ਼ਖਮੀ ਵੀ ਹੋਏ ਹਨ। ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਖੁਦ ਇਸ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਦਫ਼ਤਰ ਨੂੰ ਦਿੱਤੀ ਹੈ। ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਸ਼ਹਿਰ ਵਿੱਚ ਚੋਣ ਰੈਲੀ ਲਈ ਆਈ ਸੀ। ਇਸ ਦੌਰਾਨ ਹਰਸਿਮਰਤ ਕੌਰ ਨੂੰ ਕਿਸਾਨਾਂ ਦੇ ਰੋਹ ਦਾ ਸਾਹਮਣਾ ਕਰਨਾ ਪਿਆ। ਹਰਸਿਮਰਤ ਜਦੋਂ ਭਾਸ਼ਣ ਦੇ ਕੇ ਬਾਹਰ ਆਈ ਤਾਂ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਉਸ ਦੀ ਕਾਰ ਰੋਕਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਹਰਸਮਿਰਤ ਦਾ ਕਾਫਲਾ ਉਥੋਂ ਰਵਾਨਾ ਹੋ ਗਿਆ ਪਰ ਕਿਸਾਨਾਂ ਨੇ ਅੱਗੇ ਖੜ੍ਹ ਕੇ ਫਾਰਚੂਨਰ ਕਾਰ ‘ਚ ਪਿੱਛੇ ਆ ਰਹੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਅਤੇ ਹੋਰ ਅਕਾਲੀ ਆਗੂਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।

ਇਸ ਦੌਰਾਨ ਵਿਧਾਇਕ ਦੇ ਡਰਾਈਵਰ ਨੇ ਕਾਰ ਭਜਾ ਲਈ ਅਤੇ ਕੁਝ ਕਿਸਾਨ ਬੋਨਟ ‘ਤੇ ਬੈਠ ਗਏ। ਕਾਰ ਚਾਲਕ ਕਿਸਾਨਾਂ ਨੂੰ ਕਰੀਬ ਡੇਢ ਕਿਲੋਮੀਟਰ ਬੋਨਟ ’ਤੇ ਹੀ ਬਿਠਾ ਕੇ ਲੈ ਗਿਆ। ਹੋਰ ਕਿਸਾਨ ਮਧੂ ਗੇਟ ’ਤੇ ਖੜ੍ਹੇ ਸਨ। ਉਨ੍ਹਾਂ ਗੱਡੀ ਰੋਕ ਕੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਸ ਦੌਰਾਨ ਤਿੰਨ ਤੋਂ ਚਾਰ ਰਾਊਂਡ ਫਾਇਰਿੰਗ ਵੀ ਹੋਈ। ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨੇ ਦੋਸ਼ ਲਾਇਆ ਕਿ ਜਦੋਂ ਕਿਸਾਨ ਆਗੂ ਹਰਨੇਕ ਸਿੰਘ ਮਹਿਮਾ ਨੇ ਗੋਲੀ ਚਲਾਈ ਤਾਂ ਉਨ੍ਹਾਂ ਦੇ ਬਚਾਅ ਵਿੱਚ ਉਨ੍ਹਾਂ ਦੇ ਗੰਨਮੈਨ ਨੇ ਹਵਾ ਵਿੱਚ ਗੋਲੀ ਚਲਾ ਦਿੱਤੀ।

ਕਿਸਾਨ ਆਗੂ ਹਰਨੇਮਕ ਸਿੰਘ ਮਹਿਮਾ ਨੇ ਕਿਹਾ ਕਿ ਫਿਰੋਜ਼ਪੁਰ ਵਿੱਚ ਲਖੀਮਪੁਰ ਖੇੜੀ ਵਰਗੀ ਘਟਨਾ ਨੂੰ ਦੁਹਰਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਪ੍ਰਦਰਸ਼ਨ ਕਰ ਰਹੇ ਕਿਸਾਨਾਂ ‘ਤੇ ਕਾਰ ਚੜ੍ਹਾਉਣ ਦੀ ਕੋਸ਼ਿਸ਼ ਕੀਤੀ ਅਤੇ ਇਸ ਤੋਂ ਬਾਅਦ ਅਕਾਲੀ ਆਗੂਆਂ ‘ਤੇ ਵੀ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨ ਜਥੇਬੰਦੀਆਂ ਨੇ ਕਾਨੂੰਨ ਰੱਦ ਹੋਣ ਤੱਕ ਚੋਣ ਪ੍ਰਚਾਰ ਨਾ ਕਰਨ ਦਾ ਐਲਾਨ ਕੀਤਾ ਹੋਇਆ ਹੈ ਤਾਂ ਫਿਰ ਬਾਦਲ ਪਰਿਵਾਰ ਇਸ ਤਰ੍ਹਾਂ ਪ੍ਰਚਾਰ ਕਰਕੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਹੈ।

Leave a Reply

Your email address will not be published. Required fields are marked *