ਲਾਂਘੇ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਇਆ ਜਾਵੇ : ਚੰਨੀ

ਡੇਰਾ ਬਾਬਾ ਨਾਨਕ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਫਲਾ ਪਾਕਿਸਤਾਨ ਤੋਂ ਇਤਿਹਾਸਕ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀਂ ਦਰਸ਼ਨ ਕਰਨ ਤੋਂ ਬਾਅਦ ਸ਼ਾਮ ਨੂੰ ਵਾਪਸ ਪਰਤਿਆ। ਚੰਨੀ ਨੇ ਪਰਤਣ ਤੋਂ ਬਾਅਦ ਐਲਾਨ ਕੀਤਾ ਕਿ ਪੰਜਾਬ ਸਰਕਾਰ ਦਰਸ਼ਨਾਂ ਦੀ ਇਜਾਜ਼ਤ ਲੈਣ ਆਈ ਸੰਗਤ ਨੂੰ ਲਾਂਘੇ ਤੱਕ ਲਿਜਾਣ ਲਈ ਮੁਫ਼ਤ ਬੱਸਾਂ ਚਲਾਏਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਅਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਲਾਂਘੇ ਦੇ ਦੌਰੇ ਦੀ ਪ੍ਰਕਿਰਿਆ ਨੂੰ ਹੋਰ ਸਰਲ ਬਣਾਉਣ ਦੀ ਅਪੀਲ ਕੀਤੀ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ, ਮੰਤਰੀ ਰਾਣਾ ਗੁਰਜੀਤ ਸਿੰਘ ਸੋਢੀ, ਵਿਜੇਇੰਦਰ ਸਿੰਗਲਾ, ਕੈਬਨਿਟ ਰੈਂਕ ਧਾਰਕ ਮਹਿੰਦਰ ਸਿੰਘ ਕੇਪੀ, ਵਿਧਾਇਕ ਬਰਿੰਦਰਮੀਤ ਸਿੰਘ ਪੱਡਾ ਅਤੇ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਉਨ੍ਹਾਂ ਨਾਲ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਪੁੱਜੇ ਹੋਏ ਸਨ। ਚੰਨੀ ਨੇ ਇਸ ਮੌਕੇ ਲਾਂਘਾ ਖੋਲ੍ਹਣ ਦੇ ਫੈਸਲੇ ਲਈ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦਾ ਧੰਨਵਾਦ ਕੀਤਾ।

ਭਾਜਪਾ ਦਾ ਜਥਾ ਮੁੱਖ ਮੰਤਰੀ ਤੋਂ ਪਹਿਲਾਂ ਪਹੁੰਚਿਆ ਕਰਤਾਰਪੁਰ

ਕਰਤਾਰਪੁਰ ਸਾਹਿਬ ਗੁਰਦੁਆਰੇ ਤੋਂ ਦਰਸ਼ਨ ਕਰਨ ਤੋਂ ਬਾਅਦ ਭਾਜਪਾ ਦਾ ਵਫ਼ਦ ਦੁਪਹਿਰ 3 ਵਜੇ ਵਾਪਸ ਪਰਤਿਆ। ਜਦੋਂ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਪੁੱਛਿਆ ਗਿਆ ਕਿ ਤੁਸੀਂ ਉਸ ਜਗ੍ਹਾ ਵਾਪਸ ਆ ਗਏ ਹੋ ਜਿੱਥੇ ਬਾਬੇ ਨਾਨਕ ਨੇ ਖੇਤੀ ਕੀਤੀ ਸੀ ਅਤੇ ਅੱਜ ਦੇਸ਼ ਦਾ ਕਿਸਾਨ ਅੰਦੋਲਨ ਕਰ ਰਿਹਾ ਹੈ ਤਾਂ ਇਸ ਸਵਾਲ ਦਾ ਜਵਾਬ ਉਨ੍ਹਾਂ ਟਾਲ ਦਿੱਤਾ। ਲਾਂਘਾ ਬਾਰੇ ਚੱਲ ਰਹੀ ਕ੍ਰੈਡਿਟ ਜੰਗ ‘ਚ ਭਾਜਪਾ ਨੇ ਸਭ ਤੋਂ ਪਹਿਲਾਂ ਪਾਸਾ ਸੁੱਟ ਕੇ ਜਿੱਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ। ਪੰਜਾਬ ਦੀ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 12 ਵਜੇ ਤੋਂ ਬਾਅਦ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਗਏ ਸਨ ਪਰ ਉਨ੍ਹਾਂ ਤੋਂ ਪਹਿਲਾਂ ਭਾਜਪਾ ਦਾ 21 ਮੈਂਬਰੀ ਵਫ਼ਦ ਸਵੇਰੇ 8 ਵਜੇ ਹੀ ਪਹੁੰਚ ਗਿਆ ਸੀ।


ਸਿੱਧੂ ‘ਤੇ ਤੰਨਜ਼- ਜਿਸ ਨੂੰ ਬਾਬਾ ਬੁਲਾਵੇ, ਉਹੀ ਜਾਵੇ
ਸਵੇਰੇ ਰਵਾਨਾ ਹੋਣ ਸਮੇਂ ਅਸ਼ਵਨੀ ਸ਼ਰਮਾ ਨੇ ਇਜਾਜ਼ਤ ਨਾ ਮਿਲਣ ‘ਤੇ ਨਵਜੋਤ ਸਿੱਧੂ ‘ਤੇ ਵਿਅੰਗ ਕੱਸਦਿਆਂ ਕਿਹਾ ਕਿ ਜਿਸ ਨੂੰ ਬਾਬਾ ਨਾਨਕ ਬੁਲਾਵੇਗਾ, ਉਹੀ ਕਰਤਾਰਪੁਰ ਸਾਹਿਬ ਜਾ ਸਕੇਗਾ। ਇਸ ਦੇ ਨਾਲ ਹੀ ਉਨ੍ਹਾਂ ਪਾਕਿਸਤਾਨ ਨਾਲ ਵਪਾਰ ਆਦਿ ਹੋਰ ਮੁੱਦਿਆਂ ਬਾਰੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।

Leave a Reply

Your email address will not be published. Required fields are marked *