ਕਾਂਗਰਸ ’ਚ ਬੈਠੇ ਬੁੱਕਲ ਦੇ ਸੱਪਾਂ ਨੇ ਮੇਰੇ ਖ਼ਿਲਾਫ਼ ਸਾਿਜ਼ਸ਼ ਰਚੀ : ਸੁਖਪਾਲ ਖਹਿਰਾ
ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਖਹਿਰਾ ਨੂੰ ਮੁਹਾਲੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਈਡੀ ਨੇ ਰਿਮਾਂਡ ਵਧਾਉਣ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਇਸ ਨੂੰ ਸਵੀਕਾਰ ਨਹੀਂ ਕੀਤਾ। ਇਸ ਤੋਂ ਪਹਿਲਾਂ ਸਮਰਥਕਾਂ ਨੇ ਨਾਅਰੇਬਾਜ਼ੀ ਕਰਕੇ ਖਹਿਰਾ ਦਾ ਸਮਰਥਨ ਕੀਤਾ। 7 ਦਿਨ ਦਾ ਰਿਮਾਂਡ ਖਤਮ ਹੋਣ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਟੀਮ ਸ. ਖਹਿਰਾ ਨੂੰ ਅਦਾਲਤ ‘ਚ ਲੈ ਕੇ ਆਈ ਹੈ। ਇਸ ਦੇ ਨਾਲ ਹੀ ਖਹਿਰਾ ਨੇ ਕਿਹਾ ਕਿ ਇਸ ਤਰ੍ਹਾਂ ਕੇਸ ਨਾਲ ਉਨ੍ਹਾਂ ਦਾ ਮਨੋਬਲ ਨਹੀਂ ਟੁੱਟ ਸਕਦਾ। ਇਹ ਇੱਕ ਸਿਆਸੀ ਸਾਜ਼ਿਸ਼ ਹੈ। ਭਾਜਪਾ ਪਹਿਲਾਂ ਹੀ ਮੇਰੇ ਵਿਰੁੱਧ ਸੀ ਪਰ ਕਾਂਗਰਸ ਵਿੱਚ ਬੈਠੇ ਬੁੱਕਲ ਦੇ ਸੱਪਾਂ ਨੇ ਮੇਰੇ ਖ਼ਿਲਾਫ਼ ਸਾਜ਼ਿਸ਼ ਰਚੀ ਹੈ। ਖਹਿਰਾ ਨੇ ਕਿਹਾ ਕਿ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਆਧਾਰ ਬਾਰੇ ਅਜੇ ਤੱਕ ਕੁਝ ਨਹੀਂ ਦੱਸਿਆ ਗਿਆ ਹੈ। ਉਨ੍ਹਾਂ ‘ਤੇ ਆਮ ਆਦਮੀ ਪਾਰਟੀ ਦੇ ਨਾਂ ‘ਤੇ ਪੈਸੇ ਇਕੱਠੇ ਕਰਨ ਦਾ ਦੋਸ਼ ਸੀ। ਖਹਿਰਾ ਨੇ ਕਿਹਾ ਕਿ ਉਨ੍ਹਾਂ ਦਾ ਦੌਰਾ ‘ਆਪ’ ਵੱਲੋਂ ਸਪਾਂਸਰ ਕੀਤਾ ਗਿਆ ਸੀ। ਉਸਨੇ 16 ਸ਼ਹਿਰਾਂ ਦਾ ਦੌਰਾ ਕੀਤਾ। ‘ਆਪ’ ਦੇ USA ਦੇ ਅਧਿਕਾਰਤ ਪੇਜ ‘ਤੇ ਇਸ ਬਾਰੇ ਜਾਣਕਾਰੀ ਹੈ। ਸਾਰਾ ਪੈਸਾ ਕੇਜਰੀਵਾਲ ਨੂੰ ਗਿਆ। ਫਾਜ਼ਿਲਕਾ ਕੇਸ ਵਿੱਚ ਮੇਰਾ ਨਾਂ ਨਹੀਂ ਹੈ। ਨਾ ਹੀ ਕਿਸੇ ਗਵਾਹ ਨੇ ਮੇਰਾ ਨਾਮ ਲਿਆ ਹੈ। ਸੁਪਰੀਮ ਕੋਰਟ ਨੇ ਫਾਜ਼ਿਲਕਾ ਦੇ ਐਨਡੀਪੀਐਸ ਕੇਸ ’ਤੇ ਰੋਕ ਲਾ ਦਿੱਤੀ ਹੈ। ਇਹ ਹਨੇਰਗਰਦੀ ਅਤੇ ਬੇਇਨਸਾਫ਼ੀ ਹੈ। ਖਹਿਰਾ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਉਨ੍ਹਾਂ ਦਾ ਕਾਂਗਰਸ ਪਾਰਟੀ ਨੇ ਵੀ ਸਹਿਯੋਗ ਨਹੀਂ ਦਿੱਤਾ।