ਮੁੱਖ ਮੰਤਰੀ ਦੇ ਸਾਹਮਣੇ ਹੀ ਸਿੱਧੂ ਨੇ ਕਿਹਾ, ਅਜੇ ਵੀ ਮਹਿੰਗੀ ਮਿਲ ਰਹੀ ਹੈ ਰੇਤ, ਅਸਤੀਫ਼ਾ ਦੇ ਦਿਆਂਗਾ

ਲੁਧਿਆਣਾ : ਕਾਂਗਰਸ ਹਾਈਕਮਾਂਡ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਪਾਰਟੀ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਚਾਲੇ ਸਭ ਕੁਝ ਠੀਕ ਨਹੀਂ ਚੱਲ ਰਿਹਾ। ਸੋਮਵਾਰ ਨੂੰ ਲੁਧਿਆਣਾ ‘ਚ ਹੋਈ ਪੰਜਾਬ ਕਾਂਗਰਸ ਦੀ ਪਹਿਲੀ ਚੋਣ ਰੈਲੀ ‘ਚ ਇੱਕੋ ਸੋਫੇ ‘ਤੇ ਬੈਠੇ ਇਨ੍ਹਾਂ ਦੋਵਾਂ ਆਗੂਆਂ ਵਿਚਾਲੇ ‘ਦੂਰੀ’ ਸਾਫ਼ ਨਜ਼ਰ ਆ ਰਹੀ ਸੀ। ਇੰਨਾ ਹੀ ਨਹੀਂ ਸਿੱਧੂ ਆਪਣੇ ਭਾਸ਼ਣ ‘ਚ ਇਕ ਤਰ੍ਹਾਂ ਨਾਲ ਚੰਨੀ ਸਰਕਾਰ ਨੂੰ ਧਮਕੀਆਂ ਦਿੰਦੇ ਵੀ ਨਜ਼ਰ ਆਏ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰੇਤ ਅਜੇ ਵੀ ਮਹਿੰਗੀ ਮਿਲ ਰਹੀ ਹੈ। ਮੈਂ ਇਸ ਨੂੰ ਸਸਤੀ ਕਰਵਾ ਕੇ ਦਮ ਲਵਾਂਗਾ। ਜੇ ਅਜਿਹਾ ਨਾ ਹੋਇਆ ਤਾਂ ਅਸਤੀਫਾ ਦੇ ਦਿਆਂਗਾ। ਦੂਜੇ ਪਾਸੇ ਸਿੱਧੂ ਤੋਂ ਬਾਅਦ ਆਪਣੇ ਭਾਸ਼ਣ ’ਚ ਚੰਨੀ ਨੇ ਕਿਹਾ ਕਿ ਅਸੀਂ ਤਾਂ ਰੇਤ ਸਸਤੀ ਕਰ ਚੁੱਕੇ ਹਾਂ। ਜ਼ਿਕਰਯੋਗ ਹੈ ਕਿ ਪੰਜਾਬ ਕੈਬਨਿਟ ਵੱਲੋਂ ਰੇਤ ਦੇ ਭਾਅ ਘਟਾਉਣ ਦੇ ਫ਼ੈਸਲੇ ਤੋਂ ਬੳਾਂਦ ਵੀ ਸ਼ੋਸਲ ਮੀਡੀਏ ’ਤੇ ਕਈ ਵੀਡੀਓ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਮਹਿੰਗੇ ਭਾਅ ’ਤੇ ਰੇਤ ਮਿਲਣ ਦੀ ਗੱਲ ਕੀਤੀ ਗਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਤੋਂ ਸਾਢੇ ਤਿੰਨ ਮਹੀਨੇ ਪਹਿਲਾਂ, ਕਾਂਗਰਸ ਨੇ ਸੋਮਵਾਰ ਨੂੰ ਲੁਧਿਆਣਾ ਦੇ ਆਤਮਨਗਰ ਵਿਧਾਨ ਸਭਾ ਹਲਕੇ ਵਿੱਚ ਰੈਲੀ ਕਰਕੇ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਰੈਲੀ ‘ਚ ਪ੍ਰਮੁੱਖ ਨੇਤਾਵਾਂ ਦੇ ਭਾਸ਼ਣਾਂ ਤੋਂ ਬਾਅਦ ਜਦੋਂ ਸਿੱਧੂ ਦੀ ਵਾਰੀ ਆਈ ਤਾਂ ਉਨ੍ਹਾਂ ਪੰਜਾਬ ਸਰਕਾਰ ਅਤੇ ਸੀਐੱਮ ਚੰਨੀ ‘ਤੇ ਕਈ ਵਾਰ ਇਸ਼ਾਰਿਆਂ ‘ਚ ਨਿਸ਼ਾਨਾ ਸਾਧਿਆ। ਆਪਣੇ 19 ਮਿੰਟ ਦੇ ਭਾਸ਼ਣ ਵਿੱਚ ਸਿੱਧੂ ਨੇ ਚਾਰ ਵਾਰ ਚੰਨੀ ਦਾ ਨਾਂ ਲਿਆ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਦੀ ਕਠਪੁਤਲੀ ਹਨ, ਜਿਨ੍ਹਾਂ ਨੂੰ ਬਾਹਾਂ ਮਰੋੜ ਕੇ ਨਚਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *