ਸਿੰਚਾਈ ਵਿਭਾਗ ਨੇ ਕਬਜ਼ੇ ਲਈ ਭਗਵਾਨ ਸ਼ਿਵ ਨੂੰ ਜਾਰੀ ਕੀਤਾ ਨੋਟਿਸ, ਵਿਰੋਧ ਹੋਇਆ ਤਾਂ ਮੰਨੀ ਗ਼ਲਤੀ

ਜਾਂਜਗੀਰ-ਚਾਂਪਾ : ਛੱਤੀਸਗੜ੍ਹ ਦੇ ਜਾਂਜਗੀਰ-ਚਾਂਪਾ ’ਚ ਨਹਿਰ ਕਿਨਾਰਿਓਂ ਨਾਜਾਇਜ਼ ਕਬਜ਼ਾ ਹਟਾਉਣ ਦੀ ਕਾਰਵਾਈ ਦੌਰਾਨ ਭਗਵਾਨ ਸ਼ਿਵ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ। ਇੰਨਾ ਹੀ ਨਹੀਂ, ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਕ ਮ੍ਰਿਤਕ ਨੂੰ ਵੀ ਨੋਟਿਸ ਜਾਰੀ ਕੀਤਾ। ਲੋਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਉਦੋਂ ਵਿਭਾਗ ਦੇ ਐੱਸਡੀਓ ਨੇ ਇਸ ਨੂੰ ਕਲਰਕੀ ਭੁੱਲ ਦੱਸਦੇ ਹੋਏ ਸੁਧਾਰ ਕਰ ਕੇ ਨੋਟਿਸ ਜਾਰੀ ਕਰਨ ਦੀ ਗੱਲ ਕਹੀ ਹੈ। ਮੰਗਲਵਾਰ ਨੂੰ ਮੰਦਰ ਸੰਚਾਲਣ ਕਮੇਟੀ ਨੂੰ ਨੋਟਿਸ ਜਾਰੀ ਕੀਤਾ ਗਿਆ।

ਅਸਲ ’ਚ ਸਿੰਚਾਈ ਵਿਭਾਗ ਦੇ ਸਾਬਕਾ ਐਗਜ਼ੀਕਿਊਟਿਵ ਇੰਜੀਨੀਅਰ (ਈਈ) ਵੱਲੋਂ ਆਈਬੀ ਰੋਡ ’ਤੇ ਨਹਿਰ ਕਿਨਾਰੇ ਸਿੰਚਾਈ ਵਿਭਾਗ ਦੀ ਜ਼ਮੀਨ ’ਤੇ ਕਬਜ਼ਾ ਕਰ ਕੇ ਕੰਪਲੈਕਸ ਤੇ ਮਕਾਨ ਨਿਰਮਾਣ ਕੀਤੇ ਜਾਣ ਦਾ ਮੁੱਦਾ ਉਠਾਇਆ ਗਿਆ ਸੀ। ਇਸ ਮਾਮਲੇ ਨੇ ਜਦੋਂ ਤੂਲ ਫੜੀ ਤਾਂ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਕਰਨ ਤੋਂ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਕੋਲ ਜ਼ਮੀਨ ਦਾ ਨਕਸ਼ਾ ਨਹੀਂ ਹੈ। ਦੂਜੇ ਪਾਸੇ, ਕੁਝ ਦਿਨ ਪਹਿਲਾਂ ਮੁੱਖ ਨਗਰ ਪਾਲਿਕਾ ਅਧਿਕਾਰੀ ਦਾ ਚਾਰਜ ਸੰਭਾਲਦੇ ਸਮੇਂ ਟ੍ਰੇਨੀ ਆਈਏਐੱਸ ਰੋਮਾ ਸ਼੍ਰੀਵਾਸਤਵ ਕੋਲ ਜਦੋਂ ਨਹਿਰ ਕਿਨਾਰੇ ਸਥਿਤ ਕੁਝ ਮਕਾਨਾਂ ’ਚ ਪਾਣੀ ਭਰਨ ਦੀ ਜਾਣਕਾਰੀ ਸਾਹਮਣੇ ਆਈ ਤਾਂ ਮੌਕੇ ’ਤੇ ਪਹੁੰਚ ਕੇ ਉਨ੍ਹਾਂ ਨੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਬੁਲਾ ਕੇ ਝਾੜ ਪਾਈ। ਇਸ ’ਤੇ ਹਫੜਾ ਦਫੜੀ ’ਚ ਜਗ੍ਹਾ ਮਾਪ ਕੇ ਨੋਟਿਸ ਜਾਰੀ ਕੀਤੇ ਗਏ। ਭਗਵਾਨ ਸ਼ਿਵ ਤੇ ਇਕ ਮ੍ਰਿਤਕ ਸਮੇਤ 45 ਲੋਕਾਂ ਨੂੰ ਨੋਟਿਸ ਜਾਰੀ ਕੀਤੇ ਗਏ। ਭਗਵਾਨ ਸ਼ਿਵ ਨੂੰ ਵਾਰਡ ਨੰਬਰ-8 ਸਥਿਤ ਸ਼ਿਵ ਮੰਦਰ ਨੂੰ ਲੈ ਕੇ ਨੋਟਿਸ ਭੇਜਿਆ ਗਿਆ। ਸਾਰਿਆਂ ਨੂੰ ਸੱਤ ਦਿਨਾਂ ਅੰਦਰ ਕਬਜ਼ਾ ਹਟਾਉਣ ਲਈ ਕਿਹਾ ਗਿਆ ਹੈ। ਇਸ ਦੌਰਾਨ ਸੁਣਵਾਈ ਜਾਂ ਆਪਣਾ ਪੱਖ ਰੱਖਣ ਦਾ ਕੋਈ ਮੌਕਾ ਵੀ ਨਹੀਂ ਦਿੱਤਾ ਗਿਆ। ਇਹ ਜਾਣਕਾਰੀ ਜਦੋਂ ਸ਼ਰਧਾਲੂਆਂ ਨੂੰ ਮਿਲੀ ਤਾਂ ਉਨ੍ਹਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਵਿਭਾਗ ਨੇ ਗ਼ਲਤੀ ਮੰਨੀ।

Leave a Reply

Your email address will not be published. Required fields are marked *