ਹੁਣ ਵਿਧਾਇਕ ਜਲਾਲਪੁਰ ਨੇ ਘੇਰਿਆ ਚੰਨੀ, ਵਾਈਸ ਚਾਂਸਲਰ ਨੂੰ ਦੱਸਿਆ RSS ਦਾ ਏਜੰਟ

ਪਟਿਆਲਾ: ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿੱਚ ਆਪਣੇ ਹੀ ਵਿਧਾਇਕ ਮਦਨ ਲਾਲ ਜਲਾਲਪੁਰ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਵਿਧਾਇਕ ਯੂਨੀਵਰਸਿਟੀ ਦੇ ਵੀਸੀ ਡਾ: ਅਰਵਿੰਦ ਨੂੰ ਆਰਐਸਐਸ ਦਾ ਏਜੰਟ ਦੱਸ ਰਹੇ ਸਨ। ਜਿਉਂ ਹੀ ਸੀਐਮ ਚੰਨੀ ਅਤੇ ਮਨਪ੍ਰੀਤ ਬਾਦਲ ਹਾਲ ਵਿੱਚ ਪੁੱਜੇ ਅਤੇ ਕੁਰਸੀ ’ਤੇ ਬੈਠਣ ਲੱਗੇ ਤਾਂ ਜਲਾਲਪੁਰ ਨੇ ਕਿਹਾ ਕਿ ਯੂਨੀਵਰਸਿਟੀ ਦਾ ਵੀਸੀ ਆਰਐਸਐਸ ਦਾ ਏਜੰਟ ਹੈ ਅਤੇ ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਲਾਇਆ ਹੋਇਆ ਹੈ। ਕੀ ਇੱਥੇ RSS ਦੀ ਸਰਕਾਰ ਚੱਲ ਰਹੀ ਹੈ? ਇਸ ਤੋਂ ਬਾਅਦ ਸੀਐਮ ਚੰਨੀ ਨੂੰ ਕਹਿਣਾ ਪਿਆ ਕਿ ‘ਯਾਰ ਖ਼ੁਦ ’ਤੇ ਕੰਟਰੋਲ ਵੀ ਰੱਖੋ’। ਇਸ ਤੋਂ ਬਾਅਦ ਵਿਧਾਇਕ ਜਲਾਲਪੁਰ ਨੂੰ ਸੀਐਮ ਚੰਨੀ ਵੱਲੋਂ ਆਪਣੇ ਕੋਲ ਬੈਠਣ ਲਈ ਕਿਹਾ ਗਿਆ ਤਾਂ ਉਨ੍ਹਾਂ ਉਥੇ ਬੈਠਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਹਮਣੇ ਵਾਲੀ ਕੁਰਸੀ ’ਤੇ ਬੈਠ ਗਏ। ਇਸ ਤੋਂ ਬਾਅਦ ਸੀਐਮ ਚੰਨੀ ਅਤੇ ਵਿੱਤ ਮੰਤਰੀ ਨੇ ਪ੍ਰੈੱਸ ਕਾਨਫਰੰਸ ਕੀਤੀ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਐਲਾਨ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਸਰਕਾਰ ਚੁੱਕੇਗੀ। ਉਨ੍ਹਾਂ ਯੂਨੀਵਰਸਿਟੀ ਨੂੰ 20 ਕਰੋੜ ਰੁਪਏ ਸਾਲਾਨਾ ਫੰਡ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਤੇ ਉਨ੍ਹਾਂ ਦੀਆਂ ਪਿਛਲੀਆਂ ਸਰਕਾਰਾਂ ਨੇ ਯੂਨੀਵਰਸਿਟੀ ਦੇ ਵਿਕਾਸ ਲਈ ਕੁਝ ਨਹੀਂ ਕੀਤਾ। ਚੰਨੀ ਨੇ ਕਿਹਾ ਹੈ ਕਿ ਪਹਿਲਾਂ ਜੋ ਹੋਇਆ ਉਹ ਹੋਇਆ ਪਰ ਹੁਣ ਯੂਨੀਵਰਸਿਟੀ ਨੂੰ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।

ਇਥੇ ਪੰਜਾਬੀ ਯੂਨੀਵਰਸਿਟੀ ਕੈਂਪਸ ਪੁੱਜੇ ਮੁੱਖ ਮੰਤਰੀ ਚਰਨਜੀਤ ਚੰਨੀ ਦਾ ਈਟੀਟੀ ਤੇ ਹੋਰ ਵੱਖ ਵੱਖ ਅਧਿਆਪਕ ਯੂਨੀਅਨਾਂ ਤੇ ਮੁਲਾਜ਼ਮਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਕਾਲੀਆਂ ਝੰਡੀਆ ਵੀ ਵਿਖਾਈਆ। ਉਧਰ ਪ੍ਰਸ਼ਨਕਾਰੀਆਂ ਅਤੇ ਪੁਲੀਸ ਵਿਚਕਾਰ ਧੱਕਾ-ਮੁੱਕੀ ਵੀ ਹੋਈ ਪਰ ਪੁਲੀਸ ਨੇ ਜਲਦੀ ’ਤੇ ਕਾਬੂ ਪਾ ਲਿਆ।

Leave a Reply

Your email address will not be published. Required fields are marked *