ਸੰਸਦ ਦੇ ਕਰੀਬ 400 ਕਰਮਚਾਰੀ ਕਰੋਨਾ ਪੀੜਤ; ਦਫ਼ਤਰ ਆਉਣ ਤੋਂ ਰੋਕਿਆ

ਨਵੀਂ ਦਿੱਲੀ: ਲੋਕ ਸਭਾ ਤੇ ਰਾਜ ਸਭਾ ਸਕੱਤਰੇਤਾਂ ਅਤੇ ਸਬੰਧਤ ਸੇਵਾਵਾਂ ਨਾਲ ਜੁੜੇ ਕਰੀਬ 400 ਕਰਮਚਾਰੀ ਪਿਛਲੇ ਕੁਝ ਦਿਨਾਂ ਵਿੱਚ ਕਰੋਨਾ ਪੀੜਤ ਪਾਏ ਗਏ ਹਨ ਜਿਸ ਕਾਰਨ ਇਨ੍ਹਾਂ ਕਰਮਚਾਰੀਆਂ ਨੂੰ ਦਫਤਰਾਂ ਵਿੱਚ ਜਾਣ ਤੋਂ ਰੋਕ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਰਾਜ ਸਭਾ ਸਕੱਤਰੇਤ ਦੇ 65 ਕਰਮਚਾਰੀ, ਲੋਕ ਸਭਾ ਸਕੱਤਰੇਤ ਦੇ 200 ਅਤੇ ਸਬੰਧਤ ਸੇਵਾਵਾਂ ਦੇ 133 ਕਰਮਚਾਰੀ ਪਿਛਲੀ 4 ਜਨਵਰੀ ਤੋਂ 8 ਜਨਵਰੀ ਦਰਮਿਆਨ ਕੋਵਿਡ ਜਾਂਚ ਦੌਰਾਨ ਕਰੋਨਾ ਤੋਂ ਪੀੜਤ ਪਾਏ ਗਏ ਹਨ। ਜ਼ਿਕਰਯੋਗ ਹੈ ਕਿ ਰਾਜ ਸਭਾ ਦੇ ਚੇਅਰਮੈਨ ਵੈਂਕਈਆ ਨਾਇਡੂ ਨੇ ਹੁਕਮ ਦਿੱਤੇ ਹਨ ਕਿ ਬਜਟ ਸੈਸ਼ਨ ਤੋਂ ਪਹਿਲਾਂ ਸਕੱਤਰੇਤ ਦੇ ਕਰਮਚਾਰੀਆਂ ਤੇ ਅਧਿਕਾਰੀਆਂ ਵਿੱਚ ਕਰੋਨਾ ਦਾ ਪਸਾਰ ਵਧਣ ਤੋਂ ਰੋਕਣ ਲਈ ਜ਼ਰੂਰੀ ਉਪਾਅ ਕੀਤੇ ਜਾਣ।