ਅੰਮ੍ਰਿਤਸਰ ਹਵਾਈ ਅੱਡੇ ’ਤੇ ਵੱਡੀ ਗਿਣਤੀ ਯਾਤਰੀ ਕਰੋਨਾ ਪੀੜਤ ਪਾਏ ਜਾਣ ਸਬੰਧੀ ਮਾਮਲੇ ਦੀ ਜਾਂਚ ਦੇ ਹੁਕਮ

ਅੰਮ੍ਰਿਤਸਰ: ਪੰਜਾਬ ਦੇ ਅੰਮ੍ਰਿਤਸਰ ਕੌਮਾਂਤਰੀ ਹਵਾਈ ਅੱਡੇ ’ਤੇ ਇਟਲੀ ਤੋਂ ਆਏ ਯਾਤਰੀਆਂ ’ਚੋਂ ਕਈ ਜਣੇ ਕਰੋਨਾਵਾਇਰਸ ਪੀੜਤ ਪਾਏ ਜਾਣ ਅਤੇ ਕਈ ਯਾਤਰੀਆਂ ਵੱਲੋਂ ਉਨ੍ਹਾਂ ਦੀ ਜਾਂਚ ਰਿਪੋਰਟ ਗਲਤ ਹੋਣ ਦਾ ਦੋਸ਼ ਲਗਾਏ ਜਾਣ ਦੇ ਮੱਦੇਨਜ਼ਰ ਸਬੰਧਤ ਨਿੱਜੀ ਲੈਬਾਰਟਰੀ ਖ਼ਿਲਾਫ਼ ਜਾਂਚ ਦੇ ਹੁਕਮ ਦਿੱਤੇ ਗਏ ਹਨ। ਸਿਹਤ ਅਧਿਕਾਰੀਆਂ ਨੇ ਅੱਜ ਇਹ ਜਾਣਕਾਰੀ ਦਿੱਤੀ। ਭਾਰਤੀ ਹਵਾਈਅੱਡਾ ਅਥਾਰਿਟੀ ਨੇ ਦਿੱਲੀ ਦੀ ਲੈਬਾਰਟਰੀ ਦੀਆਂ ਸੇਵਾਵਾਂ ਵੀ ਖ਼ਤਮ ਕਰ ਦਿੱਤੀਆਂ ਅਤੇ ਨਮੂਨਿਆਂ ਦੀ ਜਾਂਚ ਦੀ ਜ਼ਿੰਮੇਵਾਰੀ ਸਥਾਨਕ ਲੈਬਾਰਟਰੀ ਨੂੰ ਦੇ ਦਿੱਤੀ ਹੈ। ਜਾਂਚ ਦੇ ਹੁਕਮ ਇਟਲੀ ਤੋਂ ਪਰਤੇ ਕਈ ਯਾਤਰੀਆਂ ਦੇ ਦੋਸ਼ਾਂ ਤੋਂ ਬਾਅਦ ਦਿੱਤੇ ਗਏ ਜਿਨ੍ਹਾਂ ਨੇ ਦਾਅਵਾ ਕੀਤਾ ਕਿ ਇੱਥੇ ਕੋਵਿਡ-19 ਦੀ ਜਾਂਚ ਸਹੀਂ ਨਹੀਂ ਕੀਤੀ ਗਈ ਕਿਉਂਕਿ ਜਹਾਜ਼ ਵਿਚ ਸਵਾਰ ਹੋਣ ਤੋਂ ਕੁਝ ਘੰਟੇ ਪਹਿਲਾਂ ਕੀਤੀ ਗਈ ਉਨ੍ਹਾਂ ਦੀ ਕੋਵਿਡ ਜਾਂਚ ਰਿਪੋਰਟ ਨੈਗੇਟਿਵ ਆਈ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ’ਤੇ ਆਏ ਕੁਝ ਯਾਤਰੀਆਂ ਦੀ ਬਾਅਦ ਵਿਚ ਦੁਬਾਰਾ ਜਾਂਚ ਕਰਵਾਈ ਗਈ ਜਿਸ ਵਿਚ ਲਾਗ ਦੀ ਪੁਸ਼ਟੀ ਨਹੀਂ ਹੋਈ। ਸਹਾਇਕ ਸਿਵਲ ਸਰਜਨ ਡਾ. ਅਮਰਜੀਤ ਸਿੰਘ ਨੇ ਐਤਵਾਰ ਨੂੰ ਕਿਹਾ, ‘‘ਭਾਰਤੀ ਹਵਾਈ ਅੱਡਾ ਅਥਾਰਿਟੀ ਨੇ ਲੈਬਾਰਟਰੀ ਦੀ ਕਥਿਤ ਲਾਪ੍ਰਵਾਹੀ ਖ਼ਿਲਾਫ਼ ਜਾਂਚ ਆਰੰਭ ਦਿੱਤੀ ਹੈ। ਹੁਣ ਤੱਕ ਦਿੱਲੀ ਦੀ ਲੈਬਾਰਟਰੀ ਸੇਵਾ ਦੇ ਰਹੀ ਸੀ ਜਿਸ ਨੂੰ ਖ਼ਤਮ ਕਰ ਦਿੱਤਾ ਗਿਆ ਹੈ ਅਤੇ ਨਵੀਂ ਸਥਾਨਕ ਲੈਬਾਰਟਰੀ ਨੇ ਹਵਾਈ ਅੱਡੇ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ।’’ ਅਧਿਕਾਰੀਆਂ ਨੇ ਦੱਸਿਆ ਕਿ ਰੋਮ-ਅੰਮ੍ਰਿਤਸਰ ਨਿੱਜੀ ਜਹਾਜ਼ ਰਾਹੀਂ ਸ਼ੁੱਕਰਵਾਰ ਨੂੰ ਆਏ ਘੱਟੋ-ਘੱਟ 173 ਯਾਤਰੀਆਂ ਦੇ ਹਵਾਈ ਅੱਡੇ ’ਤੇ ਪਹੁੰਚਣ ਸਮੇਂ ਕੀਤੀ ਗਈ ਜਾਂਚ ਦੌਰਾਨ ਉਨ੍ਹਾਂ ’ਚ ਲਾਗ ਦੀ ਪੁਸ਼ਟੀ ਹੋਈ ਸੀ।